ਹਿੰਦੁਸਤਾਨ ਗ਼ਦਰ ਪਾਰਟੀ ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ ਕਾਰਨ ਇਹ ਸੀ ਕਿ ਅਮਰੀਕਾ ਨੇ ਵੀ ਹਥਿਆਰਬੰਦ ਸੰਘਰਸ਼ ਰਾਹੀਂ ਬਰਤਾਨੀਆ ਤੋਂ ਆਜ਼ਾਦੀ ਲਈ ਸੀ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ।ਅਮਰੀਕਾ ਦੂਜਿਆਂ ਮੁਲਕਾਂ ਦੀ ਵੀ ਸਹਾਇਤਾ ਕਰਦਾ ਸੀ ਜਿਹੜੇ ਬਰਤਾਨੀਆ ਦੇ ਗ਼ੁਲਾਮ ਸਨ।ਇਹੋ ਕਾਰਨ ਸੀ ਅਮਰੀਕਾ ਦਾ ਸਾਨਫ਼ਰਾਂਸਿਸਕੋ ਸ਼ਹਿਰ ਭਾਰਤੀ, ਚੀਨੀ,ਮਿਸਰੀ,ਇਰਾਨੀ ਤੇ ਆਇਰਿਸ਼ ਇਨਕਲਾਬੀਆਂ ਦਾ ਕੇਂਦਰ ਸੀ ਤੇ ਗ਼ਦਰ ਪਾਰਟੀ ਦਾ ਹੈੱਡ-ਕੁਆਟਰ ਸੀ। ਕੋਈ 8000 ਤੋਂ ਵੱਧ ਗ਼ਦਰੀ ਯੋਧੇ ਵੱਖ-ਵੱਖ ਦੇਸ਼ਾਂ ਤੋਂ ਆਪਣੀ ਜਾਨ ਤਲੀ ‘ਤੇ ਰੱਖ ਕੇ ਭਾਰਤ ਦੀਆਂ ਗ਼ੁਲਾਮੀ ਦੀਆਂ ਜੰਜੀਰਾਂ ਤੋੜ੍ਹਨ ਲਈ ਭਾਰਤ ਗਏੇ। ਗ਼ਦਰ ਅਸਫ਼ਲ ਹੋਣ ਪਿੱਛੋਂ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿਚ ਉਨ੍ਹਾਂ ਉਪਰ ਮੁਕੱਦਮੇ ਚਲਾਏ ਗਏ।ਇਨ੍ਹਾਂ ਵਿਚੋਂ ਇਕ ਸੀ ਹਿੰਦੂ- ਜਰਮਨ ਸਾਜਿਸ਼ ਕੇਸ ,ਜੋ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਾਨਫ਼ਰਾਂਸਿਸਕੋ ਵਿਚ 20 ਨਵੰਬਰ 1917 ਤੋਂ 24 ਅਪ੍ਰੈਲ 1918 ਤੀਕ ਚਲਿਆ।
ਜਦ 1914 ਵਿਚ ਪਹਿਲਾ ਵਿਸ਼ਵ-ਯੁੱਧ ਸ਼ੁਰੂ ਹੋਇਆ ਤਾਂ ਅਮਰੀਕਾ ਇਸ ਵਿਚ ਸ਼ਾਮਲ ਨਾ ਹੋਇਆ, ਪਰ 1917 ਵਿਚ ਅਮਰੀਕਾ ਜਰਮਨ ਵਿਰੁੱਧ ਲੜ੍ਹਨ ਵਾਲੇ ਧੜ੍ਹੇ ਵਿਚ ਸ਼ਾਮਲ ਹੋ ਗਿਆ। ਇਸ ਘਟਨਾ ਪਿੱਛੋਂ ਬਰਤਾਨੀਆ ਨੇ ਅਮਰੀਕਾ ‘ਤੇ ਇਹ ਦਬਾਅ ਪਾਇਆ ਕਿ ਅਮਰੀਕਾ ਵਿਚਲੇ ਭਾਰਤੀ ਇਨਕਲਾਬੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕਦਮਾ ਚਲਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਭਾਰਤੀ ਫ਼ੌਜੀਆਂ ਪ੍ਰਭਾਵਿਤ ਨੂੰ ਕਰ ਰਿਹਾ,ਜਿਸ ਦਾ ਅਸਰ ਜੰਗ ਦੀ ਸਫ਼ਲਤਾ ਉਪਰ ਵੀ ਪੈ ਰਿਹਾ ਹੈ। ਉਨ੍ਹਾਂ ਨੇ ਐਸੀ ਸਮਗਰੀ ਦਿੱਤੀ ਕਿ ਅਮਰੀਕਾ ਉਨ੍ਹਾਂ ਦੇ ਝਾਂਸੇ ਵਿਚ ਆ ਗਿਆ।ਅਮਰੀਕਾ ਨੇ ਨਾ ਕੇਵਲ ਗ਼ਦਰੀਆਂ ਸਗੋਂ ਉਨ੍ਹਾਂ ਦੇ ਹਮਾਇਤੀਆਂ ਜਰਮਨ ਅਤੇ ਆਇਰਿਸ਼ ਇਨਕਲਾਬੀਆਂ ਵਿਰੁੱਧ ਵੀ ਬਗ਼ਾਵਤ ਦਾ ਮੁਕੱਦਮਾ ਦਰਜ ਕੀਤਾ ।ਗ਼ਦਰੀ ਬਾਬਾ ਹਰਜਾਪ ਸਿੰਘ ਮਾਹਿਲਪੁਰ ਨੇ ਆਪਣੀ ਡਾਇਰੀ ਜੋ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਨੇ ‘ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ’ ਸਿਰਲੇਖ ਹੇਠ ਛਾਪੀ ਹੈ, ਵਿਚ ਇਸ ਮੁਕੱਦਮੇ ਬਾਰੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਜਰਮਨ ਸਫ਼ੀਰ ਤੇ ਉਸ ਦੇ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਗਿਣਤੀ 14 ਦੇ ਕ੍ਰੀਬ ਸੀ। ਗਿਆਰਾਂ ਭਾਰਤੀਆਂ ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਪੰਡਤ ਰਾਮ ਚੰਦਰ, ਬਾਬੂ ਤਾਰਕਨਾਥ ਦਾਸ, ਮਿਸਟਰ ਚਕਰਵਰਤੀ ,ਭਾਈ ਸੰਤੋਖ ਸਿੰਘ, ਭਾਈ ਰਾਮ ਸਿੰਘ ਕੈਨੇਡੀਅਨ, ਭਾਈ ਬਿਸ਼ਨ ਸਿੰਘ ਹਿੰਦੀ, ਲਾਲਾ ਗੋਧਾ ਰਾਮ ਤੇ ਸ. ਸੁੰਦਰ ਸਿੰਘ ਘਾਲੀ ਸ਼ਾਮਲ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਆਇਰਿਸ਼ ਦੇਸ਼ ਭਗਤ ਜੋ ਭਾਰਤੀਆਂ ਦੀ ਆਜ਼ਾਦੀ ਨਾਲ ਹਮਦਰਦੀ ਰਖਦੇ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮੌਲਵੀ ਬਰਕਤਉੱਲਾ, ਰਾਜਾ ਮਹਿੰਦਰ ਪ੍ਰਤਾਪ, ਮਿਸਟਰ ਐਮ.ਐਨ.ਰਾਏ ਵਰਗੇ ਕਈ ਅਜਿਹੇ ਗ਼ਦਰੀ ਸਨ ਜੋ ਅਮਰੀਕਾ ਜਾਂ ਬਰਤਾਨੀਆ ਦੀ ਹੱਦ ਵਿਚ ਨਾ ਹੋਣ ਕਰਕੇ ਫੜੇ ਨਾ ਜਾ ਸਕੇ ਭਾਵੇਂ ਕਿ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕੇ ਸਨ।
ਭਾਈ ਭਗਵਾਨ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਤੋਂ ਮੈਕਸੀਕੋ ਜਾਂਦੇ ਹੋਏ ਸਰਹੱਦ ‘ਤੇ ਫੜੇ ਗਏ, ਜਿਨ੍ਹਾਂ ਨੂੰ 35 ਹਜ਼ਾਰ ਡਾਲਰ ਦੀ ਜ਼ਮਾਨਤ ਦੇ ਕੇ ਰਿਹਾਅ ਕਰਵਾਇਆ ਗਿਆ। ਬਾਕੀਆਂ ਨੂੰ ਵੀ ਦੋ ਹਜ਼ਾਰ ਤੋਂ ਪੰਜ ਹਜ਼ਾਰ ਡਾਲਰ ਦੀ ਨਕਦ ਜ਼ਮਾਨਤ ਉਪਰ ਰਿਹਾਅ ਕਰਵਾਇਆ ਗਿਆ। ਭਾਰਤੀਆਂ ਦੀ ਦਾਤ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਜਮਾਨਤ ਲਈ ਦਿਲ ਖੋਲ ਕੇ ਪੈਸੇ ਦਿੱਤੇ। ਇਸ ਸਾਜ਼ਸ਼ ਕੇਸ ਦੇ ਇਲਜਾਮਾਂ ਨੂੰ ਸਾਬਤ ਕਰਨ ਲਈ ਹਿੰਦ ਸਰਕਾਰ ਨੇ ਵੱਖ-ਵੱਖ ਸੂਬਿਆਂ ਤੋਂ ਬਾਰਾਂ ਗੁਆਹ ਚੁਣੇ, ਜੋ ਪਹਿਲਾਂ ਹਿੰਦੁਸਤਾਨ ਵਿਚ ਚਲੇ ਮੁਕੱਦਮਿਆਂ ਵਿਚ ਬਤੌਰ ਵਾਅਦਾ ਮੁਆਫ਼ ਗੁਆਹ ਭੁਗਤ ਚੁੱਕੇ ਸਨ।ਇਨ੍ਹਾਂ ਵਿਚ ਪੰਜਾਬ ਦੇ ਪ੍ਰੋ. ਜੋਧ ਸਿੰਘ, ਹਰਚਰਨ ਦਾਸ, ਨਵਾਬ ਖਾਂ ਤੇ ਟਹਿਲ ਸਿੰਘ ਵਾਅਦਾ ਮੁਆਫ਼ ਗਵਾਹ ਸਨ।ਇਨ੍ਹਾਂ ਨੂੰ ਭਾਰਤ ਵਿਚ ਵੀ ਅਤੇ ਅਮਰੀਕਾ ਵਿਚ ਬਰਤਾਨੀਆਂ ਅਧਿਕਾਰੀਆਂ ਦੀ ਨਿਗਰਾਨੀ ਵਿਚ ਜੇਲਾਂ ਵਿਚ ਰਖਿਆ ਗਿਆ । ਉਨ੍ਹਾਂ ਉਪਰ ਤਸ਼ਦਦ ਕੀਤਾ ਜਾਂਦਾ ਸੀ ਤੇ ਉਨ੍ਹਾਂ ਉਪਰ ਹਰ ਸਮੇਂ ਫ਼ਾਂਸੀ ਦੀ ਤਲਵਾਰ ਲਟਕਾਈ ਜਾਂਦੀ ਤਾਂ ਜੋ ਉਨ੍ਹਾਂ ਪਾਸੋਂ ਮਰਜੀ ਦੇ ਬਿਆਨ ਦੁਆਏ ਜਾ ਸਕਣ।ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਜਾ ਸਕਦੀ ਸੀ।
ਪ੍ਰੋ. ਜੋਧ ਸਿੰਘ ਜਰਮਨੀ ਵਿਚ ਇੰਜੀਨੀਅਰਿੰਗ ਵਿਦਿਆ ਪ੍ਰਾਪਤ ਕਰਕੇ ਇੰਡੀਆ ਲੀਗ ਵਿਚ ਸ਼ਾਮਲ ਹੋ ਗਏ ਸਨ। ਇਨਕਲਾਬੀ ਸਰਗਰਮੀਆਂ ਦੇ ਸਿਲਸਿਲੇ ਵਿਚ ਹੋਰ ਸਾਥੀਆਂ ਸਮੇਤ ਸ਼ਿਆਮ ਵਿਚੋਂ ਗ੍ਰਿਫ਼ਤਾਰ ਕੀਤੇ ਗਏ। ਜਾਨ ਬਚਾਉਣ ਲਈ, ਉਹ ਵਾਅਦਾ ਮੁਆਫ਼ ਗਵਾਹ ਬਣ ਗਏ। ਉਹ ਪਹਿਲਾਂ ਭਾਰਤ ਤੇ ਬਰਮਾ ਵਿਚ ਚੱਲੇ ਸਾਜਿਸ਼ ਕੇਸਾਂ ਵਿਚ ਬਤੌਰ ਵਾਅਦਾ ਮੁਆਫ਼ ਗਵਾਹ ਬਣੇ ਤੇ ਫਿਰ ਉਨ੍ਹਾਂ ਨੂੰ ਸਰਕਾਰੀ ਗਵਾਹ ਵਜੋਂ ਭੁਗਤਣ ਲਈ ਅਮਰੀਕਾ ਲਿਆਂਦਾ ਗਿਆ। ਟਹਿਲ ਸਿੰਘ ਅਮਰੀਕਾ ਵਿਚੋਂ ਆਉਣ ਵਾਲੇ ਜੱਥਿਆਂ ਨਾਲ ਸ਼ੰਘਾਈ ਵਿਚੋਂ ਸ਼ਾਮਲ ਹੋਇਆ ਸੀ ਤੇ ਲਾਹੌਰ ਮੁਕੱਦਮਾ ਸਾਜ਼ਿਸ਼ ਕੇਸ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਇਸੇ ਤਰ੍ਹਾਂ ਦੇ ਬਾਕੀ ਸਰਕਾਰੀ ਗਵਾਹ ਸਨ।
ਮੁਲਜ਼ਮਾਂ ਦੇ ਵਿਰੁੱਧ ਦੋਸ਼ ਇਹ ਸੀ ਕਿ ਉਨ੍ਹਾਂ ਨੇ ਅਮਰੀਕਾ ਤੇ ਬਰਤਾਨਵੀ ਹਕੂਮਤਾਂ ਦੇ ਵਿਚਕਾਰ ਹੋਏ ਸੰਧੀਨਾਮੇ ਦੀ ਵਿਰੋਧਤਾ ਕਰਕੇ ਅਮਰੀਕਾ ਵਿਚੋਂ ਹਿੰਦੁਸਤਾਨ ਅੰਦਰ ਬਗ਼ਾਵਤ ਕਰਨ ਲਈ ਅਮਰੀਕਾ ਵਿਚੋਂ ਹਥਿਆਰ ਤੇ ਫ਼ੌਜ ਭੇਜੀ ਸੀ। ਫ਼ੌਜ ਤੋਂ ਭਾਵ ਉਹ ਜਥੇ ਸਨ ਜੋ ਗ਼ਦਰ ਪਾਰਟੀ ਨੇ ਭਾਰਤ ਬਗ਼ਾਵਤ ਕਰਨ ਲਈ ਘਲੇ ਸਨ। ਹਥਿਆਰਾਂ ਦੇ ਸਬੂਤ ਵਿਚ ਮਾਵੇਰਿਕ ਜਹਾਜ਼ ਦੀ ਉਦਾਹਰਨ ਦਿੱਤੀ ਗਈ।
ਮਾਵੇਰਿਕ ਜਹਾਜ਼ ਦੀ ਕਹਾਣੀ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰਖਦੀ ਹੈ। ਭਾਰਤ ਸਰਕਾਰ ਦਾ ਦੋਸ਼ ਸੀ ਕਿ ਇਹ ਜਹਾਜ਼ ਗ਼ਦਰ ਪਾਰਟੀ ਨੇ ਹਥਿਆਰਾਂ ਨਾਲ ਭਰ ਕੇ ਭਾਰਤ ਭੇਜਿਆ ਸੀ। ਗ਼ਦਰ ਪਾਰਟੀ ਨੂੰ ਹਥਿਆਰਬੰਦ ਇਨਕਲਾਬ ਲਈ ਹਥਿਆਰਾਂ ਦੀ ਲੋੜ ਸੀ। ਜਰਮਨ ਸਫ਼ੀਰ ਦੀ ਸਹਾਇਤਾ ਨਾਲ ਗ਼ਦਰ ਪਾਰਟੀ ਨੇ ਭਾਰੀ ਮਾਤਰਾ ਵਿਚ ਹਥਿਆਰ ਖ੍ਰੀਦੇ।ਯੋਜਨਾ ਇਹ ਬਣਾਈ ਗਈ ਕਿ ਇਨ੍ਹਾਂ ਹਥਿਆਰਾਂ ਨੂੰ ਕਿਸੇ ਤੇਲ ਕੰਪਨੀ ਦੇ ਜਹਾਜ਼ ਵਿਚ ਲੱਦ ਕੇ ਕੰਢੇ ਤੋਂ ਦੂਰ ਸਮੁੰਦਰ ਵਿਚ ਭੇਜਿਆ ਜਾਵੇ, ਜਿੱਥੇ ਮਾਵੇਰਿਕ ਨਾਮੀ ਜਹਾਜ਼ ਖੜਾ ਹੋਵੇਗਾ,ਜਿਸ ਵਿਚ ਇਨ੍ਹਾਂ ਨੂੰ ਲੱਦਿਆ ਜਾਵੇ, ਜੋ ਇਨ੍ਹਾਂ ਨੂੰ ਹਿੰਦੁਸਤਾਨ ਲੈ ਜਾਵੇਗਾ। ਪਰ ਹੋਇਆ ਇੰਝ ਕਿ ਇਹ ਦੋਵੇਂ ਜਹਾਜ਼ ਆਪਸ ਵਿਚ ਮਿਲ ਨਾ ਸਕੇ ਤੇ ਮਾਵੇਰਿਕ ਜਹਾਜ਼ ਹਥਿਆਰਾਂ ਨੂੰ ਲਦਣ ਤੋਂ ਬਗ਼ੈਰ ਭਾਰਤ ਆ ਗਿਆ।
ਪਰ ਇਸ ਸਾਜਸ਼ ਦੀ ਖ਼ਬਰ ਅਮਰੀਕੀ ਸੀ.ਆਈ.ਡੀ. ਨੂੰ ਮਿਲ ਗਈ। ਤੇਲ ਵਾਲੀ ਕੰਪਨੀ ਦਾ ਜਹਾਜ਼ ਹਥਿਆਰ ਲੱਦ ਕੇ ਤੁਰਿਆ ਹੀ ਸੀ ਕਿ ਸੀ.ਆਈ.ਡੀ. ਵਾਲੇ ਸਮੁੰਦਰ ਵਿਚ ਜਹਾਜ਼ ਨੂੰ ਜਾ ਮਿਲੇ। ਜਹਾਜ਼ ਨੂੰ ਹੋਕਿਆਮ ਬੰਦਰਗਾਹ ਉੱਤੇ ਲਿਆ ਖੜਾ ਕੀਤਾ ਗਿਆ। ਇਸ ਸੰਬੰਧੀ ਹਿੰਦੁਸਤਾਨੀ, ਆਇਰਿਸ਼ ਦੇਸ਼ ਭਗਤਾਂ ਅਤੇ ਜਰਮਨ ਸ਼ਫ਼ਾਰਤਖਾਨੇ ਦੇ ਬਹੁਤ ਸਾਰੇ ਮੈਂਬਰਾਂ ‘ਤੇ ਮੁਕੱਦਮਾ ਚਲਾਇਆ ਗਿਆ। ਜਹਾਜ਼ ਸਰਕਾਰ ਨੇ ਜਬਤ ਕਰ ਲਿਆ। ਮੁਕੱਦਮੇ ਪਿੱਛੋਂ ਅਮਰੀਕਾ ਨੇ ਇਕ ਲੱਖ ਡਾਲਰ ਵਿਚ ਇਹ ਹਥਿਆਰ ਨਿਲਾਮ ਕੀਤੇ।
ਗ਼ਦਰ ਪਾਰਟੀ ਵੱਲੋਂ ਮਾਵੇਰਿਕ ਜਹਾਜ਼ ਵਿਚ ਚੌਧਰੀ ਮੰਗੂ ਰਾਮ, ਸ੍ਰੀ ਹਰਚਰਨ ਦਾਸ ਫਰਵਾਲਾ ਜਿਲ੍ਹਾ ਜਲੰਧਰ, ਸ. ਹਰੀ ਸਿੰਘ ਬੱਦੋਵਾਲ ਜਿਲਾ ਲੁਧਿਆਣਾ ਤੇ ਹੋਰ ਦੋ ਸੱਜਣਾਂ ਨੂੰ ਭੇਜਿਆ ਗਿਆ। ਇਨ੍ਹਾਂ ਵਿੱਚੋਂ ਕੁਝ ਸੱਜਣ ਅੰਗਰੇਜ਼ੀ ਸਰਕਾਰ ਨੇ ਜਹਾਜ਼ ਦੇ ਸਿਆਮ ਪੁੱਜਣ ‘ਤੇ ਗ੍ਰਿਫ਼ਤਾਰ ਕਰ ਲਏ। ਹਰਚਰਨ ਦਾਸ ਉਨ੍ਹਾਂ ਵਿਚੋਂ ਵਾਅਦਾ ਮੁਆਫ਼ ਗਵਾਹ ਬਣ ਗਿਆ, ਜਿਸ ਨੂੰ ਅਮਰੀਕਾ ਵਿਚ ਚਲਾਏ ਗਏ ਸਾਜਿਸ਼ ਦੇ ਮੁਕੱਦਮੇ ਵਿਚ ਸਰਕਾਰੀ ਗਵਾਹ ਬਣਾ ਕੇ ਘਲਿਆ ਗਿਆ।ਬਾਦ ਵਿਚ ਪਤਾ ਚਲਿਆ ਕਿ ਉਹ ਬਰਤਾਨੀਆ ਦਾ ਜਸੂਸ ਸੀ,ਜੋ ਗ਼ਦਰ ਪਾਰਟੀ ਵਿਚ ਸ਼ਾਮਲ ਹੋਇਆ ਸੀ।
ਅਮਰੀਕਾ ਵਿਚ ਅਦਾਲਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਸਾਡੇ ਵਾਂਗ ਜੱਜ ਦੀ ਤੇ ਦੂਜੀ ਜਿਉਰੀ ਦੀ। ਜਿਉਰੀ ਦੀ ਅਦਾਲਤ ਦਾ ਤਰੀਕਾ ਇਹ ਹੈ ਕਿ ਸਰਕਾਰ ਨੇ ਹਰ ਹਲਕੇ ਵਿਚ ਮੁਕੱਦਮੇ ਦੀ ਸੁਣਵਾਈ ਲਈ ਕਈ ਸੂਝਵਾਨ ਵਿਅਕਤੀ ਰੱਖੇ ਹੁੰਦੇ ਹਨ, ਜਿਨ੍ਹਾਂ ਵਿਚੋਂ ਜਿਉਰੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਮੁਲਜ਼ਮ ਦੀ ਮਰਜ਼ੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰੇ। ਜਿਉਰੀ ਦੇ ਮੁਕੱਦਮੇ ਦਾ ਤਰੀਕਾ ਇਹ ਹੈ ਕਿ ਮੁਕੱਮਦਾ ਸ਼ੁਰੂ ਹੋਣ ਤੋਂ ਪਹਿਲਾਂ ਜਿਉਰੀ ਦੇ ਮੈਂਬਰਾਂ ਨੂੰ ਦੋਵਾਂ ਧਿਰਾਂ ਦੇ ਸਾਹਮਣੇ ਅਦਾਲਤ ਵਿਚ ਸੱਦ ਲਿਆ ਜਾਂਦਾ ਹੈ। ਉਨ੍ਹਾਂ ਦੇ ਨਾਂ ਲਿਖ ਕੇ ਇਕ ਸੰਦੂਕ ਵਿਚ ਪਾ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਾਰਾਂ ਨਾਂ ਵਾਰੀ ਵਾਰੀ ਕੱਢੇ ਜਾਂਦੇ ਹਨ। ਜੇ ਦੋਵੇਂ ਧਿਰਾਂ ਸਹਿਮਤ ਹੋਣ ਤਾਂ ਇਨ੍ਹਾਂ ਬਾਰਾਂ ਮੈਂਬਰਾਂ ਦੀ ਜਿਉਰੀ ਬੈਠ ਜਾਂਦੀ ਹੈ। ਜਿਉਰੀ ਦੇ ਹਰ ਮੈਂਬਰ ਉੱਪਰ ਉੱਤੇ ਇਤਰਾਜ਼ ਕਰਨ ਦਾ ਵੀ ਹਰ ਧਿਰ ਨੂੰ ਹੱਕ ਹੁੰਦਾ ਹੈ। ਜਿਉਰੀ ਦੇ ਮੈਂਬਰ ਬੜੇ ਧਿਆਨ ਨਾਲ ਮੁਕੱਦਮੇ ਦੀ ਕਾਰਵਾਈ ਨੂੰ ਸੁਣਦੇ ਹਨ। ਜੱਜ ਕੇਵਲ ਪ੍ਰਬੰਧਕ ਦਾ ਕੰਮ ਹੀ ਕਰਦਾ ਹੈ ਤੇ ਆਖ਼ਰੀ ਫ਼ੈਸਲਾ ਜਿਊਰੀ ਹੀ ਕਰਦੀ ਹੈ। ਫ਼ੈਸਲੇ ਦਾ ਐਲਾਨ ਜੱਜ ਕਰਦਾ ਹੈ।ਫ਼ੈਸਲੇ ਸਮੇਂ ਮੁਕੱਦਮੇ ਦੀ ਮਿਸਲ ਲੈ ਕੇ ਜਿਊਰੀ ਦੇ ਮੈਂਬਰ ਇਕ ਖ਼ਾਸ ਕਮਰੇ ਵਿਚ ਜਾ ਬੈਠਦੇ ਹਨ ਤੇ ਉਨ੍ਹਾਂ ਚਿਰ ਬੈਠੇ ਰਹਿੰਦੇ ਹਨ, ਜਿੰਨੀ ਦੇਰ ਤੀਕ ਸਰਬ ਸੰਮਤੀ ਨਾਲ ਕੋਈ ਫ਼ੈਸਲਾ ਨਾ ਕਰ ਲੈਣ। ਕਈ ਵੇਰ ਕਈ ਕਈ ਦਿਨ ਫ਼ੈਸਲਾ ਕਰਨ ‘ਤੇ ਲੱਗ ਜਾਂਦੇ ਹਨ। ਇਸ ਸਮੇਂ ਦੌਰਾਨ ਜਿਊਰੀ ਦਾ ਹਰ ਮੈਂਬਰ ਨਾ ਤਾਂ ਘਰ ਜਾ ਸਕਦਾ ਹੈ ਤੇ ਨਾ ਹੀ ਕਿਸੇ ਆਦਮੀ ਨੂੰ ਮਿਲ ਸਕਦਾ ਹੈ। ਜੇ ਸਰਬਸੰਮਤੀ ਨਾ ਬਣੇ ਤਾਂ ਨਵੀਂ ਜਿਊਰੀ ਬੈਠਦੀ ਹੈ। ਹਿੰਦੂ ਸਜਿਸ਼ ਕੇਸ ਦੇ ਮੁਲਜ਼ਮਾਂ ਨੇ ਇਸ ਤਰੀਕੇ ਨੂੰ ਪਸੰਦ ਕੀਤਾ।
ਜਿਉਰੀ ਬਣਾਨ ਸਮੇਂ ਮੈਂਬਰਾਂ ਉਪਰ ਕਾਫੀ ਬਹਿਸ ਹੁੰਦੀ ਰਹੀ ਤੇ ਜਿਉਰੀ ਬਣਨ ਲਈ ਇਕ ਮਹੀਨੇ ਦਾ ਸਮਾਂ ਲਗ ਗਿਆ। ਗ਼ਦਰ ਪਾਰਟੀ ਨੇ ਮਿਸਟਰ ਹੇਲੀ ਤੇ ਪੰਡਤ ਰਾਮਚੰਦਰ ਨੇ ਮਿਸਟਰ ਮੈਗਨਾਕ ਨੂੰ ਵਕੀਲ ਕੀਤਾ। ਜਰਮਨਾਂ ਅਤੇ ਆਇਰਿਸ਼ ਦੇਸ਼ ਭਗਤਾਂ ਨੇ ਆਪੋ ਆਪਣੇ ਵਕੀਲ ਕੀਤੇ।
ਪ੍ਰੋ. ਜੋਧ ਸਿੰਘ ਜੋ ਕਿ ਇਸ ਮੁਕੱਦਮੇ ਦਾ ਸਭ ਤੋਂ ਮਹੱਤਵਪੂਰਨ ਗਵਾਹ ਸੀ ਨੂੰ ਪੇਸ਼ ਕੀਤਾ ਗਿਆ। ਇਸ ਗਵਾਹ ਦੇ ਬਿਆਨਾਂ ‘ਤੇ ਬਾਕੀ ਗਵਾਹਾਂ ਨੇ ਹੱਕ ਵਿਚ ਬਿਆਨ ਦੇਣੇ ਸਨ ਭਾਵ ਕਿ ਸਾਰਾ ਕੇਸ ਇਸ ਗਵਾਹ ਉਪਰ ਨਿਰਭਰ ਕਰਦਾ ਸੀ।
ਪ੍ਰੋ. ਜੋਧ ਸਿੰਘ ਨੇ ਅਦਾਲਤ ਵਿਚ ਪੇਸ਼ ਹੁੰਦਿਆਂ ਇਹ ਪੁੱਛਿਆ ਕਿ ਕੀ ਗਵਾਹੀ ਦੇਣ ਪਿੱਛੋਂ ਮੈਨੂੰ ਅਮਰੀਕਾ ਅੰਦਰ ਰਹਿਣ ਦੀ ਆਗਿਆ ਮਿਲ ਜਾਵੇਗੀ? ਅਦਾਲਤ ਦਾ ਕਹਿਣਾ ਸੀ ਕਿ ਤੁਸੀਂ ਹਿੰਦੁਸਤਾਨ ਤੋਂ ਗਵਾਹੀ ਦੇਣ ਲਈ ਬਰਤਾਨੀਆ ਸਰਕਾਰ ਦੀ ਨਿਗਰਾਨੀ ਵਿਚ ਲਿਆਂਦੇ ਗਏ ਹੋ, ਜੇ ਅਮਰੀਕਾ ਜਾਂ ਬਰਤਾਨੀਆ ਸਰਕਾਰ ਚਾਹੇ ਤਾਂ ਤੁਹਾਨੂੰ ਅਮਰੀਕਾ ਰਹਿਣ ਦੀ ਆਗਿਆ ਮਿਲ ਸਕਦੀ ਹੈ, ਪਰ ਇਹ ਫੈਸਲਾ ਕਰਨਾ ਇਸ ਅਦਾਲਤ ਦਾ ਕੰਮ ਨਹੀਂ।
ਇਸ ਪਿੱਛੋਂ ਜੋ ਬਿਆਨ ਪ੍ਰੋ. ਜੋਧ ਸਿੰਘ ਨੇ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਕਿਹਾ ਕਿ ਹਿੰਦੁਸਤਾਨ ਵਿਚ ਚਲਾਏ ਗਏ ਸਾਜ਼ਿਸ਼ ਦੇ ਕਈ ਮੁਕੱਦਮਿਆਂ ਵਿਚ ਮੈਨੂੰ ਬਤੌਰ ਸਰਕਾਰੀ ਗਵਾਹ ਦੇ ਪੇਸ਼ ਕੀਤਾ ਗਿਆ ਹੈ। ਮੈਂ ਉੱਥੇ ਹਕੂਮਤ ਦੀਆਂ ਸਖ਼ਤੀਆਂ, ਜਬਰ ਤੇ ਜ਼ੁਲਮ ਨੂੰ ਨਾ ਸਹਿ ਸਕਣ ਦੇ ਕਾਰਨ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ, ਜਿਸ ਕਰਕੇ ਕਈ ਬੇਗ਼ੁਨਾਹ ਮੇਰੀਆਂ ਗਵਾਹੀਆਂ ਦੇ ਕਾਰਨ ਫ਼ਾਂਸੀ ‘ਤੇ ਲਟਕਾਏ ਗਏ ਤੇ ਕਈ ਅਜੇ ਤੱਕ ਲੰਮੀਆਂ ਲੰਮੀਆਂ ਕੈਦਾਂ ਭੁਗਤ ਰਹੇ ਹਨ। ਅੱਜ ਮੈਂ ਇਕ ਸੁਤੰਤਰ ਦੇਸ਼ ਦੀ ਅਦਾਲਤ ਦੇ ਸਾਹਮਣੇ ਖੜ੍ਹਾ ਹਾਂ। ਮੈਨੂੰ ਕਿਸੇ ਜਬਰ, ਧਮਕੀ ਤੇ ਸਖ਼ਤੀ ਦਾ ਇਸ ਵੇਲੇ ਡਰ ਨਹੀਂ ਹੈ। ਅੱਜ ਦੀ ਗਵਾਹੀ ਅਕਾਲ ਪੁਰਖ ਨੂੰ ਹਾਜਰ-ਨਾਜ਼ਰ ਸਮਝਦੇ ਸੱਚੀ ਸੁੱਚੀ ਹੀ ਦਿਆਂਗਾ। ਮੈਨੂੰ ਇਸ ਮੁਕੱਦਮੇ ਸੰਬੰਧੀ ਅਸਲੋਂ ਹੀ ਕੁਝ ਪਤਾ ਨਹੀਂ। ਨਾ ਹੀ ਮੈਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਜਾਣਦਾ ਹਾਂ।
ਪ੍ਰੋ. ਜੋਧ ਸਿੰਘ ਦੇ ਇਨ੍ਹਾਂ ਲਫ਼ਜਾਂ ਨਾਲ ਸਾਰੀ ਅਦਾਲਤ ਵਿਚ ਸਨਸਨੀ ਫੈਲ ਗਈ। ਸਰਕਾਰੀ ਵਕੀਲਾਂ ਤੇ ਜੱਜ ਦੇ ਚਿਹਰੇ ਪੀਲੇ ਪੈ ਗਏ। ਜੱਜ ਨੇ ਪ੍ਰੋ. ਜੋਧ ਸਿੰਘ ਨੂੰ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਅੱਜ ਤੁਹਾਡਾ ਦਿਮਾਗ਼ ਠੀਕ ਨਹੀਂ। ਇਸ ਲਈ ਇਹ ਬਿਆਨ ਮਿਸਲ ਨਾਲ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਤੁਹਾਡੀ ਗਵਾਹੀ ਕਿਸੇ ਹੋਰ ਦਿਨ ਹੋਵੇਗੀ। ਇਹ ਕਹਿ ਕੇ ਅਦਾਲਤ ਨੇ ਬਾਕੀ ਕਾਰਵਾਈ ਮੁਲਤਵੀ ਕਰ ਦਿੱਤੀ।
ਅਮਰੀਕੀ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਵੱਡੀਆਂ ਵੱਡੀਆਂ ਸੁਰਖੀਆਂ ਦੇ ਕੇ ਛਾਪਿਆ ਕਿ ਹਿੰਦੂ ਜਰਮਨ ਸਾਜ਼ਸ਼ ਕੇਸ ਦਾ ਸਭ ਤੋਂ ਵੱਡਾ ਗਵਾਹ ਆਪਣੇ ਬਿਆਨ ਤੋਂ ਮੁੱਕਰ ਗਿਆ।
ਦੂਜੀ ਵਾਰ ਜਦੋਂ ਪ੍ਰੋ. ਜੋਧ ਸਿੰਘ ਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਸ ਨੇ ਮੁੜ ਪਹਿਲਾ ਵਾਲਾ ਬਿਆਨ ਦੁਹਰਾਇਆ। ਉਸ ਨੂੰ ਪਾਗ਼ਲ ਕਹਿ ਕੇ ਸਾਨਫਰਾਂਸਿਸਕੋ ਦੇ ਇਕ ਪਾਗ਼ਲਖਾਨੇ ਭੇਜ ਦਿੱਤਾ ਆਿ, ਜਿੱਥੇ ਉਨ੍ਹਾਂ ਚਾਰ ਸਾਲ ਗੁਜਾਰੇ। ਭਾਈ ਜਗਤ ਸਿੰਘ ਕੰਦੋਲਾ ਜਿਲਾ ਜਲੰਧਰ ਵਾਲੇ ਉਸ ਨੂੰ ਗ਼ਦਰ ਪਾਰਟੀ ਵੱਲੋਂ ਮਿਲਦੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦਿਮਾਗ਼ੀ ਹਾਲਤ ਬਿਲਕੁਲ ਠੀਕ ਸੀ। ਚਾਰ ਸਾਲ ਪਿੱਛੋਂ ਉਨ੍ਹਾਂ ਦੇ ਪਿਤਾ ਭਾਰਤ ਸਰਕਾਰ ਦੀ ਆਗਿਆ ਨਾਲ ਅਮਰੀਕਾ ਆਏ ਤੇ ਉਸ ਨੂੰ ਭਾਰਤ ਲੈ ਗਏ। ਭਾਰਤ ਆ ਕੇ ਪ੍ਰੋ. ਜੋਧ ਸਿੰਘ ਨਾਲ ਕੀ ਬੀਤੀ ?ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਹੈਰਾਨੀ ਵੱਲ ਗੱਲ ਇਹ ਹੈ ਕਿ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿਚ ਉਨ੍ਹਾਂ ਨੂੰ ਸੱਚੀ ਗਵਾਹੀ ਦੇਣ ਲਈ ਚਾਰ ਸਾਲ ਪਾਗਲਖਾਨੇ ਕਟਣੇ ਪਏ।ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਵੀ ਹਿੰਦੁਸਤਾਨੀ ਪੁਲਿਸ ਦਾ ਕੰਮ ਕਰਨ ਦਾ ਢੰਗ, ਗੁਲਾਮ ਭਾਰਤ ਵਾਲਾ ਨਹੀਂ? ਕੀ ਅੱਜ ਵੀ ਭਾਰਤ ਦੀ ਪੁਲਿਸ ਤਸ਼ਦਦ ਦੇ ਜ਼ੋਰ ਨਾਲ ਬੇ-ਦੋਸ਼ਿਆਂ ਨੂੰ ਝੂਠੇ ਜੁਰਮ ਮੰਨਵਾਉਣ ਵਿਚ ਕਾਮਯਾਬ ਨਹੀਂ ਹੋ ਰਹੀ?
ਪ੍ਰੋ. ਜੋਧ ਸਿੰਘ ਪਿੱਛੋਂ ਹੋਰ ਗਵਾਹ ਪੇਸ਼ ਕੀਤੇ ਗਏ। ਗ਼ਦਰ ਪਾਰਟੀ ਵੱਲੋਂ ਸ. ਜੀਵਨ ਸਿੰਘ ਪਿੰਡ ਢਡਿਆਲ ਜਿਲਾ ਜਲੰਧਰ, ਜੋ ਉਸ ਸਮੇਂ ਕੈਨੇਡਾ ਰਹਿੰਦੇ ਸਨ, ਕੇਵਲ ਇਕੋ ਗਵਾਹ ਵਜੋਂ ਪੇਸ਼ ਹੋਏ। ਉਸ ਨੇ ਕੈਨੇਡਾ ਵਿਚ ਅੰਗਰੇਜ਼ਾਂ ਵੱਲੋਂ ਕੀਤੇ ਜ਼ੁਲਮਾਂ ਦੀ ਸਾਰੀ ਦਾਸਤਾਨ ਦੱਸੀ। ਦੇਸ਼ ਵਿਚ ਤੇ ਵਿਦੇਸ਼ਾਂ ਵਿਚ ਹਿੰਦੁਸਤਾਨੀਆਂ ਵਿਰੁੱਧ ਅੰਗਰੇਜ਼ਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੇ ਮੁਸੀਬਤਾਂ ਦਾ ਕਾਰਨ ਗ਼ੁਲਾਮੀ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਇਹ ਸਿੱਖਿਆ ਅਸਾਂ ਅਮਰੀਕਾ ਵਿਚ ਆ ਕੇ ਲਈ ਹੈ। ਅਮਰੀਕਾ ਦੇ ਦੇਸ਼ ਭਗਤਾਂ ਨੇ ਬਰਤਾਨੀਆਂ ਪਾਸੋਂ ਆਜ਼ਾਦੀ ਪ੍ਰਾਪਤ ਕਰਨ ਲਈ ਆਪ ਹਥਿਆਰ ਉਠਾਏ ਸਨ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ। ਇਸ ਲਈ ਅਸੀਂ ਹਥਿਆਰ ਚੁੱਕ ਕੇ ਤੇ ਜਰਮਨ ਕੋਲੋਂ ਮਦਦ ਲੈ ਕੇ ਕੋਈ ਗੁਨਾਹ ਨਹੀਂ ਕੀਤਾ।ਸਗੋਂ ਅਮਰੀਕੀ ਦੇਸ਼ ਭਗਤਾਂ ਦੇ ਦਰਸਾਏ ਰਸਤੇ ‘ਤੇ ਹੀ ਅਮਲ ਕੀਤਾ ਹੈ।
ਸਰਕਾਰੀ ਗੁਆਹਾਂ ਬਾਰੇ ਅਦਾਲਤ ਨੂੰ ਦਸਿਆ ਗਿਆ ਕਿ ਕਿਵੇਂ ਇਨ੍ਹਾਂ ਨੇ ਹਿੰਦੁਸਤਾਨ ਵਿਚ ਝੂਠੀਆਂ ਗਵਾਹੀਆਂ ਦੇ ਕੇ ਲੋਕਾਂ ਨੂੰ ਸਜਾਵਾਂ ਦੁਆਈਆਂ ਹਨ।ਮਿਸਾਲ ਦੇ ਤੌਰ ‘ਤੇ ਰਾਮ ਚੰਦਰ ਨੇ ਹਰਚਰਨ ਦਾਸ ਦੀ ਗਵਾਹੀ ਦੀ ਵਿਰੋਧਤਾ ਕਰਦਿਆਂ ਦਸਿਆ ਕਿ ਉਸ ਦੀ ਗਵਾਹੀ ਕਰਕੇ ਲਾਹੌਰ ਵਿਚ ਸਤਾਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਬਰਮਾ ਵਿਚ ਇਸ ਦੀ ਗਵਾਹੀ ਕਰਕੇ ਪੰਜ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਪ੍ਰੋਫ਼ੈਸਰ ਜੋਧ ਸਿੰਘ ਦੀਆਂ ਝੂਠੀਆਂ ਗਵਾਹੀਆਂ ਕਾਰਨ ਦਸ ਤੋਂ ਵੀ ਜਿਆਦਾ ਗ਼ਦਰੀਆਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ ਸੀ,ਜਿਸ ਦਾ ਕਿ ਉਸ ਨੂੰ ਪਚਛਾਤਾਪ ਸੀ। ਇਹੋ ਕਾਰਨ ਸੀ ਕਿ ਉਸ ਨੇ ਅਮਰੀਕਾ ਆ ਕੇ ਝੂਠੀ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ।ਬਾਕੀਆਂ ਦੀ ਜਮੀਰ ਮਰੀ ਹੋਈ ਸੀ ਤੇ ਉਨ੍ਹਾਂ ਨੇ ਝੂਠੀਆਂ ਗਵਾਹੀਆਂ ਦਿਤੀਆਂ।
ਸਾਰੀਆਂ ਗਵਾਹੀਆਂ ਖ਼ਤਮ ਹੋਣ ਪਿੱਛੋਂ ਫ਼ੈਸਲੇ ਵਾਲੇ ਦਿਨ ਖਚਾਖਚ ਭਰੀ ਅਦਾਲਤ ਵਿਚ ਭਾਈ ਰਾਮ ਸਿੰਘ ਨੇ ਪੰਡਤ ਰਾਮ ਚੰਦਰ ਉੱਤੇ ਪਸਤੌਲ ਦੇ ਫਾਇਰ ਕਰਕੇ ਉਸ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਸ਼ਕ ਸੀ ਕਿ ਸਾਰੀ ਲਹਿਰ ਨੂੰ ਅਸਫ਼ਲ ਕਰਨ ਲਈ ਉਹ ਜੁੰਮੇਵਾਰ ਸੀ। ਇਸ ਲਈ ਮੁਕੱਦਮੇ ਦਾ ਫ਼ੈਸਲਾ ਹੋਣ ਤੋਂ ਪਹਿਲਾਂ ਉਸ ਨੂੰ ਕੀਤੇ ਦੀ ਸਜ਼ਾ ਦਿੱਤੀ ਜਾਵੇ ਤਾਂ ਜੁ ਆਉਣ ਵਾਲੀਆਂ ਨਸਲਾਂ ਸਿਖਿਆ ਲੈ ਸਕਣ। ਅਦਾਲਤ ਵਿਚ ਤੈਨਾਤ ਫ਼ੌਜੀ ਅਫ਼ਸਰ ਨੇ ਉਸ ਸਮੇਂ ਭਾਈ ਰਾਮ ਸਿੰਘ ਨੂੰ ਸ਼ਹੀਦ ਕਰ ਦਿੱਤਾ। ਅਮਰੀਕਾ ਦੇ ਇਤਿਹਾਸ ਵਿਚ ਅਦਾਲਤ ਅੰਦਰ ਗੋਲੀ ਚਲਣ ਦੀ ਇਹ ਪਹਿਲੀ ਘਟਨਾ ਸੀ।
ਜਿਊਰੀ ਨੇ ਕਿਸੇ ਨੂੰ ਵੀ ਦੋ ਸਾਲ ਤੋਂ ਵੱਧ ਸਜ਼ਾ ਨਾ ਦਿੱਤੀ। ਜਰਮਨ ਸਫ਼ੀਰ, ਉਸ ਦੇ ਜ਼ੁੰਮੇਵਾਰ ਸਟਾਫ਼, ਕੁਝ ਆਇਰਿਸ਼ ਦੇਸ਼ ਭਗਤਾਂ, ਭਾਈ ਭਗਵਾਨ ਸਿੰਘ, ਭਾਈ ਸੰਤੋਖ ਸਿੰਘ ਅਤੇ ਬਾਬੂ ਤਾਰਕ ਨਾਥ ਨੂੰ ਦੋ ਦੋ ਸਾਲ ਦੀ ਸਜ਼ਾ ਹੋਈ। ਬਾਕੀ ਹਿੰਦੁਸਤਾਨੀਆਂ ਨੂੰ ਚਾਰ ਮਹੀਨੇ ਤੋਂ ਛੇ ਮਹੀਨੇ ਤੱਕ ਦੀਆਂ ਸਜ਼ਾਵਾਂ ਹੋਈਆਂ।
ਅਮਰੀਕੀ ਅਖ਼ਬਾਰਾਂ ਅਨੁਸਾਰ ਅਮਰੀਕੀ ਸਰਕਾਰ ਦਾ ਇਸ ਮੁਕੱਦਮੇ ਉਪਰ 25 ਲਖ ਡਾਲਰ, ਅੰਗਰੇਜ਼ੀ ਸਰਕਾਰ ਦਾ 75 ਲਖ ਡਾਲਰ ਤੇ ਗ਼ਦਰ ਪਾਰਟੀ ਦਾ ਤਕਰੀਬਨ 50 ਹਜ਼ਾਰ ਡਾਲਰ ਖ਼ਰਚ ਆਇਆ।