ਫ਼ਤਹਿਗੜ੍ਹ ਸਾਹਿਬ – “ਸ਼ਾਹੀ ਇਮਾਮ ਨੇ ਆਪਣੇ ਪੁੱਤਰ ਦੇ ਧਾਰਮਿਕ ਸਮਾਗਮ ਵਿਚ ਮੋਦੀ ਨੂੰ ਨਹੀਂ ਬੁਲਾਇਆ । ਫਿਰ ਨਹਿਰੂ ਦਾ ਦਿਨ ਮਨਾਉਣ ਵਾਲੇ ਸਮਾਗਮ ਵਿਚ ਕਾਂਗਰਸ ਨੇ ਮੋਦੀ ਨੂੰ ਨਹੀਂ ਬੁਲਾਇਆ । ਜੇਕਰ ਨਹੀਂ ਬੁਲਾਇਆ ਤਾਂ ਇਸ ਨਾਲ ਕਿਹੜਾ ਆਸਮਾਨ ਡਿੱਗ ਪਿਆ ? ਲੇਕਿਨ ਉਪਰੋਕਤ ਦੋਵੇ ਜਮਾਤਾਂ ਕਾਂਗਰਸ ਅਤੇ ਬੀਜੇਪੀ ਵੱਲੋ ਅਜਿਹੇ ਸਮੇਂ ਗੈਰ ਦਲੀਲ ਤਰੀਕੇ ਨਾਲ ਰੋਲਾ ਪਾਉਣਾ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਅਮਲ ਇਹਨਾਂ ਦੇ ਨਿੱਜੀ ਸਵਾਰਥਾਂ ਨੂੰ ਹੀ ਪ੍ਰਤੱਖ ਕਰਦੇ ਹਨ । ਬੀਜੇਪੀ ਨੇ ਆਰ.ਐਸ.ਐਸ. ਦੇ ਆਦੇਸ਼ਾਂ ਤੇ ਮੋਦੀ ਨੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਸਨਮਾਨਯੋਗ ਵਿਭਾਗ ਦੇ ਕੇ ਵਜ਼ੀਰ ਨਹੀਂ ਬਣਾਇਆ ਅਤੇ ਨਾ ਹੀ ਕੁਝ ਸਮਾਂ ਪਹਿਲੇ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਦੀਆਂ ਨਿਯੁਕਤੀਆਂ ਕਰਦੇ ਸਮੇਂ ਕਿਸੇ ਸਿੱਖ ਨੂੰ ਇਹ ਰੁਤਬਾ ਦਿੱਤਾ । ਜਦੋਕਿ 1947 ਤੋਂ ਜਦੋ ਤੋ ਹਿੰਦ ਅੰਗਰੇਜ਼ਾਂ ਤੋ ਆਜ਼ਾਦ ਹੋਇਆ ਹੈ, ਉਸ ਸਮੇਂ ਤੋ ਹੀ ਇਹ ਰਵਾਇਤ ਰਹੀ ਹੈ ਕਿ ਕਿਸੇ ਇਕ ਸਖਸ਼ੀਅਤ ਨੂੰ ਵਿਦੇਸ਼, ਵਿੱਤ, ਰੱਖਿਆ ਜਾਂ ਗ੍ਰਹਿ ਮਹੱਤਵਪੂਰਨ ਵਿਭਾਗਾਂ ਵਿਚੋ ਇਕ ਵਿਭਾਗ ਦੇ ਕੇ ਵਿਜ਼ਾਰਤ ਦਿੱਤੀ ਜਾਂਦੀ ਰਹੀ ਹੈ । ਜੇਕਰ ਇਹਨਾਂ ਮੁਤੱਸਵੀਆਂ ਨੇ ਪੁਰਾਣੀ ਰਵਾਇਤ ਜੋ ਕਾਨੂੰਨ ਬਣ ਚੁੱਕੀ ਹੈ, ਉਸ ਨੂੰ ਤੋੜਕੇ ਸਿੱਖ ਕੌਮ ਨੂੰ ਨਜ਼ਰ ਅੰਦਾਜ ਕੀਤਾ ਹੈ ਤਾਂ ਇਸ ਨਾਲ ਬੀਜੇਪੀ, ਆਰ.ਐਸ.ਐਸ. ਅਤੇ ਮੋਦੀ ਹਕੂਮਤ ਦੀ ਸਿੱਖ ਕੌਮ ਪ੍ਰਤੀ ਪਣਪ ਰਹੀ ਮੰਦਭਾਵਨਾ ਹੀ ਜ਼ਾਹਰ ਹੁੰਦੀ ਹੈ । ਸਿੱਖ ਕੌਮ ਦੇ ਅਮਲ, ਨਿਸ਼ਾਨੇ ਅਤੇ ਸੰਘਰਸ਼ ਆਦਿ ਨੂੰ ਅਜਿਹੀਆਂ ਕਾਰਵਾਈਆ ਦਾ ਕੋਈ ਫਰਕ ਨਹੀਂ ਪੈਦਾ ਅਤੇ ਨਾ ਹੀ ਸਿੱਖ ਕੌਮ ਵਿਜ਼ਾਰਤਾਂ ਜਾਂ ਹੋਰ ਉੱਚ ਅਹੁਦਿਆ ਦੀ ਲੜਾਈ ਲੜ੍ਹ ਰਹੀ ਹੈ । ਕਿਉਂਕਿ ਸਿੱਖ ਕੌਮ ਕੇਵਲ ਆਪਣੇ “ਕੌਮੀ ਮੁਫ਼ਾਦਾਂ” ਨੂੰ ਹੀ ਮੁੱਖ ਰੱਖਦੀ ਹੈ । ਇਸ ਲਈ ਉਸਦਾ ਕੋਈ ਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ । ਉਸਦੇ ਮੁਫ਼ਾਦ ਹੀ ਮੁੱਖ ਹੁੰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਉਤੇ ਹਕੂਮਤ ਕਰਨ ਵਾਲੀਆਂ ਮੁਤੱਸਵੀ ਜਮਾਤਾਂ ਬੀਜੇਪੀ, ਕਾਂਗਰਸ, ਆਰ.ਐਸ.ਐਸ. ਆਦਿ ਵੱਲੋ ਸਿੱਖ ਕੌਮ ਨਾਲ ਨਿਰੰਤਰ ਕੀਤੇ ਜਾ ਰਹੇ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ-ਜੁਲਮ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਵੱਲੋ ਆਪਣੇ ਕੌਮੀ ਮੁਫ਼ਾਦਾਂ ਲਈ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਜਾਰੀ ਰੱਖਣ ਅਤੇ ਦੋਸਤ ਤੇ ਦੁਸ਼ਮਣਾਂ ਦੀ ਪਹਿਚਾਣ ਕਰਨ ਅਤੇ ਆਪਣੀ ਮੰਜਿ਼ਲ ਵੱਲ ਅਡੋਲ ਵੱਧਦੇ ਰਹਿਣ ਦੇ ਤੁਹੱਈਆ ਨੂੰ ਦਹੁਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਦਾ ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਦੀ ਅਗਵਾਈ ਕਰਨ ਵਾਲੀਆਂ ਸਖਸ਼ੀਅਤਾਂ, ਕੌਮ ਪ੍ਰਵਾਨਿਆ ਨੇ ਕਦੀ ਵੀ ਸਿਆਸੀ, ਪਰਿਵਾਰਿਕ, ਮਾਲੀ ਗਰਜਾ ਨੂੰ ਤਰਜੀਹ ਨਹੀਂ ਦਿੱਤੀ । ਬਲਕਿ ਕੌਮੀ ਸੋਚ ਅਤੇ ਮੁਫ਼ਾਦਾਂ ਉਤੇ ਪਹਿਰਾ ਦਿੰਦੇ ਹੋਏ ਕੌਮ ਨੂੰ ਸਹੀ ਦਿਸ਼ਾ ਵੱਲ ਅਗਵਾਈ ਦੇਣ ਦੀ ਜਿ਼ੰਮੇਵਾਰੀ ਨਿਭਾਉਣ ਦੇ ਨਾਲ-ਨਾਲ “ਸਰਬੱਤ ਦੇ ਭਲੇ” ਅਤੇ ਮਨੁੱਖਤਾ ਪੱਖੀ ਸੋਚ ਨੂੰ ਵੀ ਬਰਕਰਾਰ ਰੱਖਿਆ ਹੈ । ਉਹ ਆਪਣੇ ਕੌਮੀ ਮੁਫ਼ਾਦਾਂ ਲਈ “ਨਵਾਬੀਆ” ਨੂੰ ਵੀ ਠੋਕਰਾ ਮਾਰਨ ਤੋ ਕਦੀ ਗੁਰੇਜ ਨਹੀਂ ਕੀਤਾ । ਇਸ ਲਈ ਜੇਕਰ ਹਿੰਦੂਤਵ ਹੁਕਮਰਾਨ ਆਪਣੇ ਮਨਾਂ ਵਿਚ ਪਣਪ ਰਹੀ ਮੰਦਭਾਵਨਾ ਅਧੀਨ ਇਹ ਸਮਝਦੇ ਹਨ ਕਿ ਸਿੱਖ ਕੌਮ ਨੂੰ ਬਹੁਗਿਣਤੀ ਕੌਮ ਦੇ ਬਰਾਬਰ ਰੁਤਬੇ, ਸਨਮਾਨ ਨਾ ਦੇ ਕੇ, ਉਹਨਾਂ ਨੂੰ ਆਪਣੀ ਕੌਮੀ ਸੋਚ, ਨਿਸ਼ਾਨੇ ਜਾਂ ਮੁਫ਼ਾਦਾਂ ਤੋ ਥੜਕਾਅ ਦੇਣਗੇ ਤਾਂ ਅਜਿਹੇ ਹੁਕਮਰਾਨ ਬਹੁਤ ਵੱਡੇ ਭੁਲੇਖੇ ਵਿਚ ਹਨ । ਕੌਮ ਨੇ ਆਪਣੀ ਹਰ ਤਰ੍ਹਾਂ ਦੀ ਜੰਗ ਵਿਚ ਜਨਤਾ ਦਾ ਖੂਨ ਚੂਸਣ ਵਾਲੇ ਅਤੇ ਆਪਣੇ ਨਿਵਾਸੀਆਂ ਨਾਲ ਜ਼ਬਰ-ਜੁਲਮ ਕਰਨ ਵਾਲੇ “ਮਲਿਕ ਭਾਗੋਆ” ਦਾ ਕਦੀ ਵੀ ਸਾਥ ਨਹੀਂ ਦਿੱਤਾ । ਬਲਕਿ “ਭਾਈ ਲਾਲੋਆ” ਦੀ ਮਨੁੱਖਤਾ ਪੱਖੀ ਸੋਚ ਨਾਲ ਖੜ੍ਹਕੇ ਕੌਮੀ ਸੋਚ ਨੂੰ ਹੀ ਮਜ਼ਬੂਤ ਕਰਦੀ ਰਹੀ ਹੈ । ਇਸ ਲਈ ਮੁਤੱਸਵੀ ਜਮਾਤਾਂ ਜਾਂ ਹੁਕਮਰਾਨ ਘਟੀਆ ਹੱਥਕੰਡਿਆਂ ਅਤੇ ਸਾਜਿ਼ਸਾਂ ਰਚਕੇ ਵੀ ਸਿੱਖ ਕੌਮ ਨੂੰ ਆਪਣੇ ਨਿਸ਼ਾਨੇ ਅਤੇ ਮੁਫ਼ਾਦਾਂ ਤੋ ਕਤਈ ਵੀ ਪਰ੍ਹੇ ਨਹੀਂ ਕਰ ਸਕਣਗੇ, ਭਾਵੇ ਕਿ ਉਹ ਆਪਣੇ ਪਤੀ-ਪਤਨੀ ਅਤੇ ਨੌਹ-ਮਾਸ ਦੇ ਰਿਸਤੇ ਵਾਲੇ ਕੰਮਜੋਰ ਅਤੇ ਦਿਸ਼ਾਹੀਣ ਸਿੱਖਾਂ ਨੂੰ ਆਪਣੇ ਚੁਗਲ ਵਿਚ ਫਸਾਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਵੰਡਣ ਦੇ ਅਮਲ ਦੀਆਂ ਕਾਰਵਾਈਆਂ ਵੀ ਕਿਉਂ ਨਾ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਤਾਕਤਾਂ ਅਤੇ ਇਹਨਾਂ ਦੀਆਂ ਘਿਣੋਨੀਆਂ ਸਾਜਿ਼ਸਾਂ ਅੱਗੇ ਬਿਲਕੁਲ ਨਹੀਂ ਝੁਕੇਗਾ । ਆਪਣੇ ਕੌਮੀ ਨਿਸ਼ਾਨੇ ਦੀ ਹਰ ਕੀਮਤ ਤੇ ਪ੍ਰਾਪਤੀ ਕਰਕੇ ਰਹੇਗਾ ।