ਨਵੇਂ ਨਵੇਂ ਬਣੇ ਲੀਡਰਾਂ ਨੂੰ ਬੜਾ ਚਾਅ ਹੁੰਦਾ ਵੱਡਿਆਂ ਨੂੰ ਮਿਲਣ ਗਿਲਣ, ਹੱਥ ਮਿਲਾਉਣ, ਖ਼ਬਰਾਂ ’ਚ ਆਉਣ ਦਾ। ਪਰ ਘਾਗ ਦੇਸ਼ ਅਤੇ ਉਨਾਂ ਦੀ ਹੰਢੀ ਹਾਕਮ ਜਮਾਤ ਬੜਾ ਸੋਚ ਸਮਝ ਕੇ ਚੱਲਦੀ ਹੈ। ਹਮੇਸ਼ਾਂ ਆਪਣਾ ਹਿੱਤ ਵੇਖਦੀ ਹੈ।
ਤਾਜੇ ਸਾਰੇ ਘਟਨਾਕ੍ਰਮ ਤੋਂ ਜ਼ਾਹਿਰ ਹੈ ਕਿ ਇਕ ਵਾਰ ਫਿਰ ਭਾਰਤੀ ਸਰਕਾਰ ਨੂੰ ਅਮਰੀਕੀ ਯਾਰੀ ਦਾ ਕੁਛ ਜ਼ਿਆਦਾ ਹੀ ਚਾਅ ਚੜ੍ਹਿਆ ਹੈ। ਖੁਮਾਰ ਵਰਗਾ। ਇਥੋਂ ਤੱਕ ਕਿ ਸਾਡੇ ਪ੍ਰਧਾਨ ਮੰਤਰੀ ਬੱਚਿਆਂ ਵਾਂਗ ਸ਼ੇਖੀ ਮਾਰੀ ਜਾਂਦੇ ਹਨ ਕਿ ‘‘ਬਤਾਓ, ਆਜ ਕਲ ਹਮਾਰਾ ਅਮਰੀਕਾ ਮੇਂ ਡੰਕਾ ਵੱਜ ਰਿਹਾ ਹੈ ਕਿ ਨਹੀ? ਬੱਲੇ ਬੱਲੇ ਹੋ ਰਹੀ ਹੈ ਕਿ ਨਹੀਂ? ਸਿਆਣੇ ਲੋਕੀਂ ਕੰਨ ਲਾ ਕੇ ਸੁਣ ਰਹੇ ਹਨ ਕਿ ਡੰਕਾ ਵੱਜਣ ਦੀ ਅਵਾਜ਼ ਵੀ ਆਉਂਦੀ ਹੈ ਕਿ ਹਵਾ ’ਚ ਹੀ ਵੱਜ ਰਿਹਾ? ਵੈਸੇ ਅਜੇ ਤਕ ਤਾਂ ਵੱਜ ਰਹੇ ਡੰਕੇ ਬਾਰੇ ਸਿਰਫ ਏਨਾ ਸੁਣਿਆ ਹੈ ਕਿ ਓਧਰ ਗਏ ਸਾਡੇ ਪ੍ਰਧਾਨ ਮੰਤਰੀ ਤੋਂ, ਦਵਾਈਆਂ ਦੀਆਂ ਅਮਰੀਕੀ ਕੰਪਨੀਆਂ ਵਾਲੇ, ਏਧਰ ਰੇਟਾਂ ਤੋਂ ਸਰਕਾਰੀ ਕੰਟਰੋਲ ਹਟਵਾਉਣ ’ਚ ਕਾਮਯਾਬ ਹੋ ਗਏ ਹਨ ਅਤੇ ਇਥੇ 200 ਦੇ ਲਗਭਗ ਦਵਾਈਆਂ ਦੇ ਰੇਟ ਕਈ ਕਈ ਗੁਣਾ ਵਧ ਚੁੱਕੇ ਹਨ।
ਅਮਰੀਕਾ ਵਾਲੇ ਇਸ ਗੱਲੋਂ ਵੀ ਸਾਡੇ ਉਤੇ ਹੱਸਦੇ ਤਾਂ ਹੋਣਗੇ ਹੀ ਕਿ ਜਿਸ ਮੁਲਕ ਦੇ ਸਧਾਰਣ ਲੋਕਾਂ ਨੁੰ ਵੀ ਆਪਾਂ ਦਸ ਸਾਲ ਦਾ ਟੂਰਿਸਟ ਵੀਜਾ ਆਰਾਮ ਨਾਲ ਦੇਈ ਜਾਂਦੇ ਹਾਂ। ਉਥੋਂ ਦੇ ਪ੍ਰਧਾਨ ਮੰਤਰੀ ਨੂੰ ਆਪਾਂ ਕੂਟਨੀਤਿਕ ਯਾਤਰਾਂ ਲਈ ਅਮਰੀਕੀ ਵੀਜ਼ਾ ਦਿੱਤਾ ਤੇ ਉਨਾਂ ਦਾ ਮੀਡੀਆ ਇਸ ਨਿਗੂਣੀ ਗੱਲ ਨੂੰ ਵੀ ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਪ੍ਰਾਪਤੀ ਵੱਜੋਂ ਪ੍ਰਚਾਰ ਰਿਹਾ। ਬਈ ਝੁੱਕ ਗਿਆ ਅਮਰੀਕਾ।
‘‘ਓਬਾਮਾ ਤੇ ਮੋਦੀ ਭਿੜਨਗੇ ਹੁਣ ਆਈ ਐਸ ਦੇ ਬਗਦਾਦੀ ਨਾਲ।’’
‘‘ਬਗਦਾਦੀ ਹੁਣ ਤੇਰੀ ਖੈਰ ਨਹੀਂ।’’
‘‘ਅਲਕਾਇਦਾ, ਦੱਸ ਹੁਣ ਕਿਧਰ ਨੂੰ ਭੱਜੇਂਗੀ?’’
‘‘ਪਾਕਿਸਤਾਨ ਨੂੰ ਅੰਦਰੋਂ ਕੰਬਣੀ ਛਿੜਗੀ।’’
‘‘ਡਰੈਗਨ ਚੀਨ ਹੁਣ ਤੂੰ ਵੀ ਸੰਭਲ ਜਾ।’’
ਅਜਿਹੀਆਂ ਬਿਜਲਈ ਮੀਡੀਏ ਦੀਆਂ ਸੁਰਖੀਆਂ ਅਤੇ ਪ੍ਰਚਾਰ ਸਰਕਾਰ ਦੀ ਸਹਿਮਤੀ ਬਿਨਾ ਹੁੰਦਾ ਤਾਂ ਉਹ ਇਸਦਾ ਜਰੂਰ ਖੰਡਨ ਕਰਦੀ।
ਦਿਲ ਦਿਮਾਗ ਵਾਲੇ ਭਾਰਤੀ ਲੋਕੋ, ਇਹ ਗੱਲ ਸਦਾ ਆਪਾਂ ਚੇਤੇ ਰੱਖਣੀ ਹੈ ਕਿ ਅੰਤਰਰਾਸ਼ਟਰੀ ਮੁਸਲਿਮ ਅੱਤਵਾਦੀ ਗੁੱਟਾਂ ਦਾ ਅਮਰੀਕਾ ਨਾਲ ਦੁਨੀਆਂ ਭਰ ਵਿਚ ਯੁੱਧ ਚੱਲ ਰਿਹਾ। ਅਮਰੀਕਾ ਖੁਦ ਹੀ ਇਸ ਲਈ ਜਿੰਮੇਵਾਰ ਹੈ।
ਓਸਾਮਾ ਬਿਨ ਲਾਦੇਨ ਦੀ ਅਲਕਾਇਦਾ ਅਫਗਾਨਿਸਤਾਨ ਵਿਚ ਅਮਰੀਕੀ ਧੰਨ, ਹਥਿਆਰਾਂ ਅਤੇ ਰਾਜਸੀ ਹਮਾਇਤ ਨਾਲ ਹੀ ਵਧੀ ਫੁਲੀ ਸੀ। ਪਰ ਸ਼ਾਇਦ ਇਹਨਾਂ ਦੀ ਸਾਜਿਸ਼ੀ ਅਸਲੀਅਤ ਵੇਖ ਕੇ ਇਹਨਾਂ ਦੇ ਹੀ ਵਿਰੁੱਧ ਹੋਵੇਗੀ। ਅੱਜ ਹਾਲਾਤ ਇਹ ਹਨ ਕਿ ਲਾਦੇਨ ਨੂੰ ਮਾਰਨ ਉਪਰੰਤ ਅਮਰੀਕਾ ਦੇ ਅਲਕਾਇਦਾ ਨਾਲ ਰਾਜੀਨਾਵੇਂ ਦੀ ਕੋਈ ਉਮੀਦ ਨਹੀਂ।
ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਤਾਲਿਬਾਨ ਧੜੇ ਲਾਦੇਨ ਦੇ ਹਮਦਰਦ ਹਨ। ਪਾਕਿਸਤਾਨ ਅਤੇ ਅਫਗਾਨ ਸਰਕਾਰਾਂ ਨੂੰ ਅਮਰੀਕਾ ਦੀਆਂ ਪਿੱਠੂ ਸਮਝਦੇ ਹਨ।
ਸਦਾਮ ਸਰਕਾਰ, ਲਿਬੀਆ ਦੀ ਗਦਾਫੀ ਸਰਕਾਰ ਅਤੇ ਸੀਰੀਆ ਦੀ ਅਸਦ ਸਰਕਾਰ ਅਮਰੀਕਾ ਨੂੰ ਅਰਬ ਹਿੱਤਾਂ ਦਾ ਦੁਸ਼ਮਣ ਸਮਝਦੀਆਂ ਸਨ। ਸੋਵੀਅਤ ਯੂਨੀਅਨ ਦੇ ਬਿਖਰਨ ਉਪਰੰਤ ਢੁੱਕਵਾਂ ਮੌਕਾ ਸਮਝਦਿਆਂ ਅਮਰੀਕਾ ਨੇ ਇਹਨਾਂ ਸਰਕਾਰਾਂ ਦੇ ਲੀਡਰਾਂ ਨੂੰ ਮਾਰ ਮੁਕਾਉਣ ਲਈ ਬਿਲਕੁਲ ਝੂਠੇ ਬਹਾਨੇ ਲਾ ਕੇ ਹੱਲਾ ਬੋਲਿਆ। ਸੱਦਾਮ ਹੁਸੈਨ ਫਾਹੇ ਟੰਗਤਾ। ਇਰਾਕ ਖਾਨਾਜੰਗੀ ’ਚ ਗਰਕ ਕਰਤਾ। ਆਪਣੀ ਬੰਬਾਰੀ ਨਾਲ ਢਾਹੇ ਇਰਾਕ ਨੂੰ ਮੁਰੰਮਤ ਲਈ ਠੇਕੇ ਲੈਣ ਖਾਤਰ ਸਾਮਰਾਜੀ ਕੰਪਨੀਆਂ ਝਗੜਦੀਆਂ ਰਹੀਆਂ। ਲੀਬੀਆ ’ਚ ਜਮਹੂਰੀਅਤ ਨਾ ਹੋਣ ਦਾ ਬਹਾਨਾ ਲਾ ਕੇ ਕਰਨਲ ਗਦਾਫੀ ਮਾਰ ਮੁਕਾਇਆ। ਕਰਨਲ ਗਦਾਫੀ ਆਪਣੀ ‘ਗਰੀਨ ਬੁੱਕ’ ਵਿਚ ਅਰਬ ਲੋਕਾਂ ਦੇ ਆਪਣੇ ਵਿਕਾਸ ਮਾਡਲ ਦਾ ਖਾਕਾ ਪੇਸ਼ ਕਰਦਾ ਸੀ ਜੋ ਅਮਰੀਕੀ ਸਾਮਰਾਜ ਨੂੰ ਪਸੰਦ ਨਹੀਂ ਸੀ। ਕੀ ਹੁਣ ਲੀਬੀਆ ’ਚ ਜਮਹੂਰੀਅਤ ਆ ਗੀ? ਲਿਬੀਆ ਖਾਨਾਜੰਗੀ ਦੀ ਅੱਗ ਵਿਚ ਸੜ ਰਿਹਾ। ਸੀਰੀਆ ’ਚ ਵੀ ਕੋਈ ਕਠਪੁਤਲੀ ਹਕੂਮਤ ਬਨਾਉਣ ਲਈ ਵੀ ਹੱਲਾ ਬੋਲਿਆ ਸੀ ਅਮਰੀਕਾ ਨੇ। ਕਾਮਯਾਬੀ ਨਹੀਂ ਮਿਲੀ। ਸ਼ਾਇਦ ਰੂਸ ਚੀਨ ਦੇ ਦਖਲ ਕਰਕੇ।
ਸਾਡੇ ਖਬਰਾਂ ਵਾਲੇ ਚੈਨਲਾਂ ਨੇ ਅਮਰੀਕੀ ਸੂਤਰਾਂ ਦੇ ਹਵਾਲੇ ਨਾਲ ਅਨੇਕਾਂ ਵਾਰ ਝੂਠੀਆਂ ਖਬਰਾਂ ਫੈਲਾਈਆਂ ਹਨ ਕਿ ਐਨੇ ਦਿਨਾਂ ’ਚ ਅਲਕਾਇਦਾ ਭਾਰਤ ਉਤੇ ਵੱਡਾ ਹਮਲਾ ਕਰਨ ਵਾਲਾ ਹੈ। ਹਮਲਾ ਇੰਜ ਹੋ ਸਕਦਾ ਹੈ, ਇੰਜ ਹੋਵੇਗਾ। ਪਰ ਹੁਣ ਤਕ ਸਭ ਝੂਠ। ਸ਼ਾਇਦ ਅਮਰੀਕਾ ਭਾਰਤ ਦਾ ਅਲਕਾਇਦਾ ਨਾਲ ਫੌਰੀ ਸਿੱਧਾ ਪੇਚਾ ਪਵਾਉਣ ਲਈ ਛੱਡਦਾ ਐਸੀਆਂ ਖਬਰਾਂ।
ਦੂਜੇ ਪਾਸੇ ਅਮਰੀਕਾ ਭਾਰਤ ਪਾਕਿਸਤਾਨ ਦੋਵਾਂ ਨੂੰ ਹਥਿਆਰ ਵੇਚਦਾ। ਹੋਰ ਵੱਡੇ ਆਰਡਰ ਲੈਣੇ ਚਹੁੰਦਾ। ਦੋਵਾਂ ਨੂੰ ਆਖੂ,‘‘ਦੂਜਾ ਤੇਰੇ ਨਾਲੋਂ ਅੱਗੇ ਨਿਕਲ ਗਿਆ। ਤੇਰਾ ਅਸਲਾ ਪੁਰਾਣਾ ਹੋ ਗਿਆ, ਜੰਗਾਲਿਆ ਗਿਆ। ਜੰਗ ਲੱਗ ਚੱਲੀ। ਸ਼ਰਾਰਤੀ ਅਮਰੀਕਾ ਪੱਖੀ ਲੋਬੀ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਤਣਾਓ ਬਣਾਈ ਰੱਖਣ ਲਈ ਵੀ ਪੂਰੀ ਵਾਹ ਲਾਉਂਦੀ ਹੈ। ਸਰਹੱਦੀ ਛਿਟਪੁਟ ਗੋਲੀਬਾਰੀ ਵੀ ਏਸ ਯੋਜਨਾ ਦਾ ਹਿੱਸਾ। ਹਾਲੀਆਂ ਘਟਨਾਵਾਂ , ਭਾਰਤੀ ਕੂਟਨੀਤੀ ਦੇ ਸ਼ੇਖੀਬਾਜ ਪ੍ਰਤੀਕਰਮ, ਸਦਾ ਚੋਣ ਰੈਲੀ ਵਿਚ ਬੋਲਦੇ ਲੀਡਰਾਂ ਵਾਲਾ ਵਤੀਰਾ ਭਾਰਤ ਨੂੰ ਵਿਕਾਸ ਨਹੀਂ, ਵਿਨਾਸ਼ ਵਾਲੇ ਪਾਸੇ ਨੂੰ ਲੈ ਜਾਵੇਗਾ। ਮੁਲਕ ਦਾ ਹਿਤ ਕਿਸੇ ਲੀਡਰ ਦੇ ਸੁਭਾਅ ਦੇ ਗੁਲਾਮ ਨਹੀਂ ਹੋਣ ਦੇਣਾ ਚਾਹੀਦਾ।
ਦੋਵਾਂ ਮੁਲਕਾਂ ਦੇ ਕੱਟੜ ਅਨਸਰ ਇਕ ਦੂਜੇ ਦੇ ਵਧਣ ਫੁਲਣ ਲਈ ਬੜੇ ਸਹਾਈ ਹਨ। ਵਧ ਵਧ ਕੇ ਬਿਆਨਬਾਜੀ ਕਰਦੇ ਹਨ ਤੇ ਜਿੰਮੇਵਾਰ ਅਕਲਮੰਦ ਲੋਕਾਂ ਦੀ ਅਵਾਜ ਪਿੱਛੇ ਚਲੀ ਜਾਂਦੀ ਹੈ। ਇਸ ਪੱਖੋਂ ਭਾਰਤ ਦੇ ਹਾਲਾਤ ਪਹਿਲਾਂ ਨਾਲੋਂ ਵੱਧ ਅਨੁਕੂਲ ਹਨ ਪਾਕਿਸਤਾਨ ਅੰਦਰਲੀਆਂ ਕੱਟੜ ਧਿਰਾਂ ਦੇ ਪ੍ਰਫੂੱਲਤ ਹੋਣ ਲਈ।
ਪਿਛਲੀ ਸਾਰੀ ਗੱਲ ਦਾ ਨਿਚੋੜ ਇਹ ਹੈ ਕਿ ਭਾਰਤ ਤੋਂ ਬਾਹਰ ਜੋ ਵੀ ਕੱਟੜ ਇਸਲਾਮੀ ਅੱਤਵਾਦ ਹੈ। ਉਸ ਦਾ ਕਾਰਨ ਭਾਰਤ ਨਹੀਂ। ਉਹ ਸਾਮਰਾਜ ਦੀਆਂ ਅਰਬ ਮੁਲਕਾਂ ਪ੍ਰਤੀ ਨੀਤੀਆਂ, ਇਰਾਕ, ਲਿਬੀਆ, ਫਲਸਤੀਨ, ਅਫਗਾਨਿਸਤਾਨ, ਪਾਕਿਸਤਾਨ ਪ੍ਰਤੀ ਅਮਰੀਕੀ ਸਾਮਰਾਜ ਦੀਆਂ ਸਵਾਰਥੀ, ਲੋਟੂ, ਧਾਕੜ ਹਰਕਤਾਂ ਦਾ ਨਤੀਜਾ ਹੈ। ਉਹਨਾਂ ਮੁਲਕਾਂ ਦੇ ਕੱਟੜ ਇਸਲਾਮੀ ਗਰੁਪਾਂ ਦਾ ਭਾਰਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਕੋਈ ਗੁੱਸਾ ਗਿਲਾ ਹੈ। ਤੇ ਫਿਰ ਭਾਰਤ ਨੂੰ ਵੀ ਅਮਰੀਕਾ ਦੇ ਚੁੱਕੇ ਚੁਕਾਏ ਵਿਚ ਫਸਣ, ਪਾਡੀ ਮਾਰਨ ਦੀ ਲੋੜ ਕੀ ਹੈ? ਜੇ ਭਾਰਤ ਫਸਦਾ ਹੈ ਤਾਂ ਇਹ ਨਾਸਮਝ ਲੀਡਰਸ਼ਿਪ ਕਰਕੇ ਫਸੂ। ਪਰ ਖਮਿਆਜ਼ਾ ਦੇਸ਼ ਭੁਗਤੂ। ਜਦਕਿ ਅਮਰੀਕਾ ਦਾ ਕੀ ਭਰੋਸਾ ਉਹਨੇ ਕਦੋਂ ਕੀਹਦੇ ਨਾਲ ਸਮਝੌਤਾ ਕਰਕੇ ਭੱਜ ਨਿਕਲਣਾ। ਪਹਿਲਾਂ ਵੀ ਤਾਂ ਭੱਜਾ ਸੀ ਅਫਗਾਨਿਸਤਾਨ ਇਰਾਕ ਵਿਚੋਂ।
ਰਹੀ ਗੱਲ ਕਿ ਭਾਰਤ ਅੰਦਰ ਜੋ ਵੀ ਅਤੇ ਜਿਸ ਕਿਸਮ ਦਾ ਵੀ ਅੱਤਵਾਦ ਹੈ। ਪਹਿਲੀ ਗੱਲ ਕਿ ਅਮਰੀਕਾ ਉਸਦਾ ਕਦੀ ਵੀ ਵਿਰੋਧੀ ਨਹੀਂ ਰਿਹਾ, ਹਿਮਾਇਤੀ ਰਿਹਾ। ਪੰਜਾਬ, ਕਸ਼ਮੀਰ, ਆਸਾਮ, ਉੱਤਰ ਪੂਰਬ ਸਭ ਥਾਈਂ।
ਮਾਵਾਂ ਦੇ ਪੁੱਤਰ ਜਾਣੇ ਅਣਜਾਣੇ ਅੱਗ ’ਚ ਝੁਲਸਗੇ। ਹੁਣ ਭਾਵੇਂ ਅਮਰੀਕਾ ਇਸਦੇ ਬਾਰੇ ਜੋ ਮਰਜੀ ਕਹਿੰਦਾ ਫਿਰੇ, ਝੂਠ ਹੈ।
ਦੂਜੀ ਗੱਲ ਕਿ ਭਾਰਤ ਅੰਦਰਲੇ ਅੱਤਵਾਦ ਨਾਲ ਨਜਿੱਠਣ ਲਈ, ਉਸਨੂੰ ਲੀਹ ਤੇ ਲਿਆਉਣ ਲਈ ਭਾਰਤ ਸਰਕਾਰ ਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ। ਜਾਇਜ ਗੁੱਸੇ ਗਿਲੇ ਦੂਰ ਕਰਕੇ, ਲੋਕਾਂ ਦੇ ਭਲੇ ਨੂੰ ਵੀ ਧਿਆਨ ’ਚ ਰੱਖ ਕੇ ਵੱਡੇ ਦਿਲ ਨਾਲ ਫੈਸਲੇ ਲੈਣੇ ਚਾਹੀਦੇ। ਮਰਨਾ ਸ਼ੌਕ ਨਹੀਂ ਹੁੰਦਾ ਕਦੀ ਵੀ ਆਮ ਲੋਕਾਂ ਦਾ। ਅਤੇ ਨਾਂ ਹੀ ਇਹ ਸੱਚ ਹੈ ਕਿ ਮੁਲਕ ਅੰਦਰਲੇ ਅੱਤਵਾਦੀਆਂ ਵਜੋਂ ਪ੍ਰਚਾਰੇ ਜਾਂਦੇ ਸਾਰੇ ਲੋਕ ਦੇਸ਼ ਵਿਰੋਧੀ ਹੁੰਦੇ ਹਨ।
ਅਮਰੀਕਾ ਤਾਂ ਖੁਦ ਹੀ ਇਕ ਅੱਤਵਾਦੀ ਕਿਸਮ ਦਾ ਮੁਲਕ ਹੈ। ਜਿਸਨੇ ਏਸ਼ੀਆ ਦੇ ਕਈ ਮੁਲਕਾਂ ਅਫਗਾਨਿਸਤਾਨ, ਇਰਾਕ, ਲਿਬੀਆ, ਵੀਅਤਨਾਮ, ਕੋਰੀਆ ਉਤੇ ਹਮਲੇ ਅਤੇ ਤਬਾਹੀ ਕੀਤੀ ਹੈ। ਭਾਰਤ ਨੂੰ ਉਸਦਾ ਝੋਲੀ ਚੁੱਕ ਬਣ ਕੇ ਕਿਸੇ ਦੂਰ ਤੁਰੀ ਜਾਂਦੀ ਬਲਾ ਨੂੰ ਆਪਣੇ ਗਲ ਪਵਾਉਣ ਦੀ ਕੋਈ ਲੋੜ ਨਹੀਂ।
ਇਕ ਹੋਰ ਗੱਲ ਦੀ ਘੋਖ ਕਰੋ ਕਿ ਜਦ ਵੀ ਭਾਰਤ ਚੀਨ ਦੇ ਲੀਡਰ ਓਧਰੋ ਓਧਰੀ ਦੌਰੇ ਕਰਦੇ, ਸਿਰਫ਼ ਉਨ੍ਹੀ ਦਿਨੀ ਨਾਲ ਦੀ ਨਾਲ ਖਬਰਾਂ ਵਾਲੇ ਚੈਨਲਾਂ ਉਤੇ ਸਰਹੱਦ ਉਤੇ ਚੀਨੀ ਘੁੱਸਪੈਠ ਦੀਆਂ ਖਬਰਾਂ ਨਸ਼ਰ ਹੋਣ ਲੱਗ ਪੈਂਦੀਆਂ। ਅਮਰੀਕਾ ਛਡਦਾ ਜੇ ਇਹ ਖਬਰਾਂ। ਭਾਰਤੀ ਹਵਾਈ ਫੌਜ ਦੇ ਮੁੱਖੀ ਦੇ ਤਾਜਾ ਬਿਆਨ ਨੂੰ ਚਿੱਥੋ, ਉਸਦਾ ਇਸ਼ਾਰਾ ਵੀ ਏਧਰ ਹੀ ਜਾਪਦਾ। ਭਾਰਤ ਦੀ ਚੀਨ ਨਾਲ ਵਧਦੀ ਨੇੜਤਾ ਅਮਰੀਕਾ ਤੋਂ ਜ਼ਰੀ ਨਹੀਂ ਜਾਂਦੀ। ਜਦਕਿ ਵੱਡੀ ਜੰਗ ਅਤੇ ਤਨਾਓ ਦਾ ਅਖਾੜਾ ਬਣਨ ਵੱਲ ਵਧ ਰਹੇ ਏਸ਼ੀਆ ਲਈ ‘ਬਰਿਕਸ’ (ਬਰਾਜ਼ੀਲ, ਰੂਸ, ਇੰਡੀਆ, ਚੀਨ, ਸਾਊਥ ਅਫਰੀਕਾ) ਦੀ ਸਾਂਝੀ ਸੋਚ ਇਕ ਢਾਲ ਸਾਬਤ ਹੋ ਸਕਦੀ।
ਸਰਕਾਰੋ, ਲੀਡਰੋ, ਸ਼ਾਂਤੀ ਲੋੜ ਹੈ ਭਾਰਤ ਦੀ। ਜੰਗ ਅਤੇ ਤਣਾਓ ਵਾਲੇ ਰਾਹੇ ਨਾ ਪੈਣਾ। ਇਸ ਵਿਚੋਂ ਕੁਛ ਨਹੀਂ ਜੇ ਹਾਸਲ ਹੋਣਾ। ਲੋਕੋ, ਖਬਰਦਾਰ, ਥੋੜ ਚਿਰੇ ਸਿਆਸੀ ਲਾਭਾਂ ਲਈ ਕੋਈ ਤੁਹਾਨੂੰ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਾਲਣ ਵਜੋਂ ਨਾ ਵਰਤ ਲਵੇ। ਵਿਨਾਸ਼ਕਾਰੀ ਅਤੇ ਮਾਨਵ ਵਿਰੋਧੀ ਸੋਚ ਦਾ ਮੁਕਾਬਲਾ ਕਰਨਾ ਹੀ ਇਨਸਾਨ ਹੋਣਾ ਹੈ।