ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਖੇਤਰੀ ਕਮੇਟੀ ਦੀ 23ਵੀਂ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਆਦਿ ਵਿਖੇ ਸਥਿਤ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸਬੰਧਤ ਅਦਾਰਿਆਂ ਦੇ ਮੁਖੀਆਂ ਤੋਂ ਇਲਾਵਾ ਸੰਬੰਧਤ ਅਦਾਰਿਆਂ, ਅਗਾਂਹਵਧੂ ਕਿਸਾਨਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹ ਮਿਲਣੀ ਵਿਸ਼ੇਸ਼ ਤੌਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕਰਨਾਲ ਵਿਖੇ ਸਥਿਤ ਕੇਂਦਰ ਦੇ ਭੂਮੀ ਖੋਜ ਕੇਂਦਰ ਵੱਲੋਂ ਸਾਂਝੇ ਤੌਰ ਤੇ ਆਯੋਜਤ ਕੀਤੀ ਜਾ ਰਹੀ ਹੈ । ਇਹ ਮਿਲਣੀ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਐਸ. ਅਯੱਪਣ ਦੀ ਸਰਪ੍ਰਸਤੀ ਹੇਠ ਆਯੋਜਤ ਕੀਤੀ ਜਾ ਰਹੀ ਹੈ । ਇਸ ਮਿਲਣੀ ਦੇ ਨੋਡਲ ਅਫਸਰ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਪਸ਼ੂ ਵਿਗਿਆਨ) ਡਾ. ਕੇ ਐਮ ਐਲ ਪਾਠਕ ਹਨ ਜਦਕਿ ਕਰਨਾਲ ਵਿਖੇ ਸਥਿਤ ਅਦਾਰੇ ਦੇ ਨਿਰਦੇਸ਼ਕ ਡਾ. ਡੀ ਕੇ ਸ਼ਰਮਾ ਇਸ ਮਿਲਣੀ ਦੇ ਸਕੱਤਰ ਹਨ । ਅੱਜ ਸ਼ੁਰੂ ਇਸ ਮਿਲਣੀ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜੀ ਆਇਆ ਦੇ ਸ਼ਬਦ ਕਹੇ ।
ਇਸ ਮੌਕੇ ਡਾ. ਐਸ ਅਯੱਪਣ ਨੇ ਬੋਲਦਿਆਂ ਕਿਹਾ ਕਿ ਹੁਣ ਸਮਾਂ ਹੈ ਸਾਨੂੰ ਹਰੇ ਇਨਕਲਾਬ ਤੋਂ ਸਥਾਈ ਹਰੇ ਇਨਕਲਾਬ ਵੱਲ ਤੁਰਨਾ ਪਵੇਗਾ । ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣੇ ਦਾ ਸੂਬਾ ਦੇਸ਼ ਦਾ 2.9 % ਖੇਤਰਫਲ ਰੱਖਦਾ ਹੈ ਜੋ ਦੇਸ਼ ਦੇ ਅੰਨ ਭੰਡਾਰ ਦੇ ਵਿੱਚ 20% ਹਿੱਸਾ ਪਾਉਂਦਾ ਹੈ । ਉਹਨਾਂ ਕਿਹਾ ਕਿ ਭਵਿਖ ਵਿੱਚ ਖੇਤੀ ਲਈ ਖੇਤੀ ਵਿਭਿੰਨਤਾ, ਵਾਤਾਵਰਣ ਵਿੱਚ ਆ ਰਹੇ ਬਦਲਾਵ ਸੰਬੰਧੀ, ਮਿਆਰੀ ਬੀਜ ਤਿਆਰ ਕਰਨ ਸੰਬੰਧੀ, ਪਾਣੀ ਅਤੇ ਤੱਤਾਂ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਪਸ਼ੂ ਧਨ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ, ਪ੍ਰੋਸੈਸ ਕੀਤੇ ਭੋਜਨ ਦੀ ਤਿਆਰੀ ਅਤੇ ਸਾਂਭ ਸੰਭਾਲ ਸੰਬੰਧੀ ਖੋਜਾਂ ਨੂੰ ਮਜ਼ਬੂਤੀ ਦੇਣ ਦੀ ਸਖਤ ਲੋੜ ਹੈ । ਉਹਨਾਂ ਕਿਹਾ ਕਿ ਇਸ ਦੇ ਲਈ ਹਰ ਇਕ ਜ਼ਿਲ੍ਹੇ ਵਿਚ ਸਥਾਪਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਸਾਰਥਕ ਭੂਮਿਕਾ ਨਿਭਾਉਣੀ ਪਵੇਗੀ ਅਤੇ ਇਸ ਲਈ ਉਹਨਾਂ ਦਾ ਆਪਸ ਵਿੱਚ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ ।
ਡਾ. ਢਿੱਲੋਂ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਅਨੁਸਾਰ ਦੇਸ਼ ਦੀ ਜਨ ਸੰਖਿਆ ਵਿਚ ਵਾਧਾ ਹੋ ਰਿਹਾ ਹੈ ਅਤੇ ਸੋਮੇ ਉਸ ਅਨੁਪਾਤ ਦੇ ਅਨੁਸਾਰ ਘੱਟ ਰਹੇ ਹਨ । ਉਹਨਾਂ ਕਿਹਾ ਕਿ ਭਵਿੱਖ ਦੀਆਂ ਕਿਰਸਾਨੀ ਦਰਪੇਸ਼ ਆ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਲਈ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਬੰਧਤ ਅਦਾਰਿਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਜੁੜਨਾ ਪਵੇਗਾ । ਡਾ. ਪਾਠਕ ਨੇ ਇਸ ਮਿਲਣੀ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਮੁੱਢਲੀਆਂ ਲਾਗਤਾਂ ਦੇ ਵਿਚ ਕੀਮਤਾਂ ਦਾ ਵਧਣਾ, ਡਿੱਗ ਰਿਹਾ ਪਾਣੀ ਦਾ ਪੱਧਰ, ਪਾਣੀ ਦਾ ਦੂਸ਼ਿਤ ਹੋਣਾ ਅਤੇ ਅਸੰਤੁਲਿਤ ਖਾਦਾਂ ਦੀ ਵਰਤੋਂ ਸਮੇਂ ਦੀ ਮੁੱਖ ਚੁਣੌਤੀਆਂ ਹਨ । ਉਹਨਾਂ ਸਾਲ 2025 ਦੇ ਲਈ ਭੋਜਨ ਭੰਡਾਰ ਦੇ ਮਿੱਥੇ ਟੀਚੇ ਨੂੰ ਹਾਸਲ ਕਰਨ ਦੇ ਲਈ ਸੂਖਮ ਤਕਨੀਕਾਂ ਅਪਨਾਉਣ ਨੂੰ ਕਿਹਾ । ਅੰਤ ਵਿੱਚ ਧੰਨਵਾਦ ਦੇ ਸ਼ਬਦ ਬੋਲਦਿਆਂ ਡਾ. ਸ਼ਰਮਾ ਨੇ ਕਿਹਾ ਕਿ ਇਸ ਦੋ ਰੋਜਾ ਮਿਲਣੀ ਪੜਚੋਲ ਤੋਂ ਉਪਰੰਤ ਨਵੀਆਂ ਸਿਫ਼ਾਰਸ਼ਾਂ ਦੇਸ਼ ਦੀ ਕਿਰਸਾਨੀ ਲਈ ਅਤਿਅੰਤ ਮਹੱਤਵਪੂਰਨ ਹੋਣਗੀਆਂ । ਉਹਨਾਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਖੋਜ ਕਾਰਜਾਂ ਦਾ ਲੇਖਾ ਜੋਖਾ ਵੀ ਸਭ ਸਾਮਣੇ ਰੱਖਿਆ । ਇਸ ਮੌਕੇ ਗੁਰੂ ਅੰਗਦ ਦੇਵ ਵੈਨਟਰੀ ਦੇ ਵਾਈਸ ਚਾਂਸਲਰ ਡਾ. ਵੀ ਕੇ ਤਨੇਜਾ ਵੀ ਹਾਜ਼ਰ ਸਨ ।