ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਸਿੱਖ ਸਾਹਿਤ ਅਤੇ ਚਿਤੱਰ ਪ੍ਰਦਰਸ਼ਨੀ 12 ਦਿਨਾਂ ਤੱਕ ਸਿੱਖ ਇਤਿਹਾਸ ਅਤੇ ਵਿਰਸੇ ਦੇ ਦਰਸ਼ਨ ਕਰਵਾਉਣ ਉਪਰੰਤ ਸਮਾਪਤ ਹੋਈ। ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ ਲਗਾਈ ਗਈ ਇਸ ਪ੍ਰਦਰਸ਼ਨੀ ‘ਚ ਹਜ਼ਾਰਾਂ ਲੋਕਾਂ ਨੇ ਰੋਜ਼ਾਨਾ ਸਿੱਖ ਵਿਰਸੇ ਨਾਲ ਸਬੰਧਿਤ ਕਿਤਾਬਾਂ, ਧਾਰਮਿਕ ਸਾਹਿਤ, ਸ਼ਸਤਰ ਅਤੇ ਸ਼ਹੀਦ ਸਿੰਘਾਂ ਦੀਆਂ ਪੇਂਟਿੰਗ ਵਾਲੀਆਂ ਤਸਵੀਰਾਂ ‘ਚ ਗਹਿਰੀ ਦਿਲਚਸਪੀ ਵਿਖਾਈ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਇਸ ਮੌਕੇ ਸਟਾਲ ਲਗਾਉਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਜਿਸ ਵਿਚ ਪੰਜਾਬੀ ਯੁਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ, ਨੈਸ਼ਨਲ ਬੂੱਕ ਟ੍ਰਸਟ, ਮਿਸ਼ਨਰੀ ਸੋਸਾਇਟੀਆਂ, ਟਕਸਾਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਟਾਲ ਇੰਚਾਰਜ ਪ੍ਰਮੁੱਖ ਸਨ।
ਖੁਰਾਨਾ ਨੇ ਪ੍ਰਦਰਸ਼ਨੀ ਨੂੰ ਸਿੱਖ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਮਾਧਿਅਮ ਦੱਸਦੇ ਹੋਏ ਅਗਲੇ ਸਾਲ ਹੋਰ ਪੰਥਕ ਜਥੇਬੰਦੀਆਂ ਦੇ ਸਟਾਲ ਵੱਡੇ ਪੱਧਰ ਤੇ ਲਗਾਉਣ ਦਾ ਵੀ ਐਲਾਨ ਕੀਤਾ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ ਤੇ ਵਲੰਟੀਅਰ ਦਸਤੇ ਦੇ ਮੁੱਖੀ ਹਰਚਰਣ ਸਿੰਘ ਗੁਲਸ਼ਨ ਵੀ ਮੌਜੂਦ ਸਨ।