ਪ੍ਰੋ.ਕਵਲਦੀਪ ਸਿੰਘ ਕੰਵਲ
ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜੇ ਦਾ ਸ਼ਹਿਰੀ ।
ਹੱਕ ਆਪਣੇ ਦੀ ਗਲ ਜੇ ਆਖਾਂ,
ਲੱਗਾਂ ਨਾਗ ਕੋਈ ਜ਼ਹਿਰੀ ।
ਕਾਲੇਪਾਣੀ ਜਵਾਨੀਆਂ ਗਾਲੀਆਂ,
ਰੱਸਿਆਂ ‘ਤੇ ਹੱਸ ਚੜ੍ਹਿਆ ।
ਮੇਰੀ ਹੀ ਲਾਸ਼ਾਂ ਦੀ ਨੀਂਹ ‘ਤੇ,
ਮੁਲਕ ਅਜ਼ਾਦ ਇਹ ਖੜ੍ਹਿਆ ।
ਮੁਲਕ ਵਲ ਆਂਦੀ ਹਰ ਗੋਲੀ ਨੂੰ,
ਸੀਨਾ ਡਾਹ ਮੈਂ ਜਰਿਆ ।
ਅਣਪਛਾਤੀ ਮੇਰੀ ਲਾਸ਼ ਲਈ,
ਖੱਫ਼ਣ ਪਰ ਨਾ ਸਰਿਆ ।
ਧੀ ਭੈਣਾਂ ਘਰ ਜਿਹਦੀਆਂ ਮੋੜੀਆਂ,
ਵਿਕਦੀਆਂ ਗਜ਼ਨੀ ਦੀਆਂ ਮੰਡੀਆਂ ।
ਮੇਰੀ ਪਿੱਠ ਉਸ ਖੋਭ ਕੇ ਖੰਜਰ,
ਕੀਤੀਆਂ ਮਾਵਾਂ ਭੈਣਾਂ ਰੰਡੀਆਂ ।
ਗਿਣਤੀ ਦੀ ਸਿਆਸਤ ਅੰਦਰ,
ਮੈਂ ਘੱਟ ਗਿਣਤੀ ਵਿੱਚ ਆਇਆ ।
ਮੇਰੀ ਕੁਰਬਾਨੀ ਨੂੰ ਇਸੇ ਲਈ ਤਾਂ,
ਵਿੱਚ ਪੈਰਾਂ ਦੇ ਰੋਲ ਭੁਲਾਇਆ ।
ਘਰ ਵੜ੍ਹ ਕੇ ਤੋਪਾਂ ਡਾਹੀਆਂ,
ਉਹ ਜੋਰੀ ਦਾਨ ਪਿਆ ਮੰਗੇ ।
ਤ੍ਰੀਮਤ, ਬੱਚੇ ਨਾ ਬੁੱਢੇ ਛੱਡੇ,
ਹੱਥ ਸਭ ਦੇ ਲਹੂ ਵਿੱਚ ਰੰਗੇ ।
ਬਿਰਖ ਗਿਰੇ ‘ਤੇ ਧਰਤੀ ਕੰਬੇ,
ਜ਼ਿੰਦਗੀ ਖਾਤੇ ਕਿਸੇ ਨਾ ਆਵੇ ।
ਬਲਦੇ ਟਾਇਰ ਗਲਾਂ ‘ਚ ਪਾ ਕੇ,
ਗਲੀ ਬਜ਼ਾਰਾਂ ਮੌਤ ਨਚਾਵੇ ।
ਪਿਆਸ ਨਹੀਂ ਸੀ ਮੁੱਕੀ ਹਾਲ੍ਹੇ,
ਜਬਰ ਦਾ ਨੰਗਾ ਖੇਡ ਰਚਾਇਆ ।
ਕਿੰਨੀ ਹੀ ਮਾਵਾਂ ਦੇ ਤਾਰਿਆਂ,
ਚੱਕ-ਚੱਕ ਕੇ ਘਰੋਂ ਮੁਕਾਇਆ ।
ਥਾਣੇ ਤਸ਼ਦੱਦਗਾਹਾਂ ਬਣ ਗਏ,
ਜਿੱਥੇ ਅੰਗ-ਅੰਗ ਮੇਰੇ ਕੱਟੇ ।
ਬਣ ਦਰਿੰਦਾ ਨਰੂੜ ਕੇ ਮੈਨੂੰ,
ਮੇਰੀ ਪੱਤ ਅੱਖਾਂ ਅੱਗੇ ਲੁੱਟੇ ।
ਮੇਰੀ ਲੋਥ ਇੱਕ ਹਿੰਦਸਾ ਬਣ ਗਈ,
ਕਿਸੇ ਨੂੰ ਤਗਮਾ ਜਾ ਦਿਵਾਇਆ ।
ਮੇਰੀ ਜਿਉਂਦੀ ਚਿਤਾ ‘ਤੇ ਚੜ੍ਹ ਕੇ,
ਕਿਸੇ ਦਿੱਲੀ ਤਖ਼ਤ ਹੱਥਿਆਇਆ ।
ਆਪਣੀ ਹੀ ਮੈਂ ਲਾਸ਼ ਦਾ ਬੋਝਾ,
ਹੁਣ ਕਿਸ-ਕਿਸ ਦਰ ਤੱਕ ਢੋਵਾਂ ।
ਹੱਕ ਮੰਗਿਆਂ ‘ਤੇ ਜੁੜ੍ਹਨ ਫਾਂਸੀਆਂ,
ਆਖਰ ਰੋਵਾਂ ਤਾਂ ਕਿੱਥੇ ਰੋਵਾਂ ?
ਇਨਸਾਫ਼ ਉਡੀਕਦਾ ਪੱਥਰ ਹੋਇਆ,
ਦੁਸ਼ਮਣ ਬਣੀ ਹਰ ਕਚਹਿਰੀ ।
ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜੇ ਦਾ ਸ਼ਹਿਰੀ ।