ਅੰਮ੍ਰਿਤਸਰ -ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਅੱਜ ਇਥੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਦਾ ਅੜਿਅਲ ਤੇ ਵਖਰੇਵੇਂ ਵਾਲਾ ਵਤੀਰਾ ਸਿਆਸੀ ਭਾਈਵਾਲੀ ’ਚ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸਿੱਧੂ ਸਚਾਈ ਨੂੰ ਕਬੂਲਦਿਆਂ ਲੋਕਾਂ ਨੂੰ ਇਹ ਦੱਸਣ ਦਾ ਕਸ਼ਨ ਕਰਨ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਆਪਣੀ ਪਾਰਟੀ ਅਤੇ ਆਪਣੇ ਸਿਆਸੀ ਗੁਰੂ ਸ੍ਰੀ ਅਰੁਨ ਜੇਤਲੀ ਦੀ ਪਿੱਠ ’ਚ ਛੁਰਾ ਕਿਊਂ ਮਾਰਿਆ ਸੀ ਅਤੇ ਕਿਉਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪਹਿਲਾਂ ਅੰਮ੍ਰਿਤਸਰ ’ਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਅਤੇ ਫਿਰ ਵਿਧਾਨ ਉਪ ਚੋਣ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।
ਸ. ਵਲਟੋਹਾ ਨੇ ਅੱਗੇ ਕਿਹਾ ਕਿ ਉਹ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਵਿਧਾਇਕ ਤੋਂ ਸਾਡੇ ਸਵਾਲ ਦਾ ਸਿੱਧਾ ਉ¤ਤਰ ਚਾਹੁੰਦੇ ਹਾਂ ਅਤੇ ਸ੍ਰੀਮਤੀ ਸਿੱਧੂ ਲੋਕਾਂ ਨੂੰ ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਕੀ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਗੱਲਬਾਤ ਹੋਈ ਸੀ ਕਿ ਨਹੀਂ? ਸ. ਵਲਟੋਹਾ ਨੇ ਅੱਗੇ ਕਿਹਾ, ‘‘ਤੁਸੀਂ ਇਹ ਵੀ ਦੱਸੋ ਕਿ ਕੀ ਤੁਸੀਂ ਭਾਜਪਾ ਦਾ ਹਿੱਸਾ ਹੋ ਜਾਂ ‘ਮੈ ਤੇ ਮੇਰਾ ਪਤੀ’ ਟੀਮ ਦਾ ਉਹ ਹਿੱਸਾ ਜੋ ਭਾਜਪਾ ਨੂੰ ਲੋੜ ਪੈਣ ’ਤੇ ਸਿਰਫ ਇੱਕ ਮਖੌਟੇ ਵਜੋਂ ਵਰਤਦੇ ਹਨ’’।
ਸ. ਵਲਟੋਹਾ ਨੇ ਕਿਹਾ ਕਿ ਕੋਈ ਵੀ ਇੰਝ ਵੱਖ-ਵੱਖ ਢੰਗ ਨਾਲ ਪੇਸ਼ ਕਿਵੇਂ ਆ ਸਕਦਾ ਹੈ ਕਿ ਜਦੋਂ ਕਿਸੇ ਤੱਕ ਲੋੜ ਹੈ ਤਾਂ ਇੱਕ ਤਰਾਂ ਪੇਸ਼ ਆਵੇ ਅਤੇ ਆਪਣੀਆਂ ਨਿੱਝੀ ਖਵਾਹਿਸ਼ਾਂ ਦੇ ਚੱਲਦਿਆਂ ਦੂਸਰੀ ਤਰ੍ਹਾਂ। ਅਕਾਲੀ ਆਗੂ ਨੇ ਅੱਗੇ ਕਿਹਾ, ‘‘ਕੀ ਇਹ ਸੱਚ ਨਹੀਂ ਕਿ 2009 ’ਚ ਉਨ੍ਹਾਂ ਦੇ ਪਤੀ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਪੱਗ ਅਤੇ ਇੱਝਤ ਦੀ ਰਾਖੀ ਅੰਮ੍ਰਿਤਸਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਦਿਲੀ ਹਿਮਾਇਤ ਕਰਦਿਆਂ ਕੀਤੀ ਹੈ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਓ.ਪੀ. ਸੋਨੀ ਨੂੰ 6000 ਵੋਟਾਂ ਨਾਲ ਹਰਾਉਣ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ ਹੈ? ਅਜਿਹਾ ਕੀ ਹੋਇਆ ਕਿ ਇਹ ਸੱਭ ਕੁਝ ਤੁਹਾਨੂੰ ਭੁੱਲ ਗਿਆ?’’।
ਸ੍ਰੀਮਤੀ ਸਿੱਧੂ ਵੱਲੋਂ ਬੀਤੇ ਦਿਨੀ ਮੀਡੀਆ ਨੂੰ ਜਾਰੀ ਬਿਆਨ ’ਤੇ ਟਿੱਪਣੀ ਕਰਦਿਆਂ ਸ. ਵਲਟੋਹਾ ਨੇ ਕਿਹਾ ਕਿ ਸ੍ਰੀਮਤੀ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਲਈ ਹੁਣ ਨਵੇਂ ਬਹਾਨੇ ਦੀ ਖੋਜ ਕਰ ਲਈ ਹੈ ਅਤੇ ਫੰਡ ਜਾਰੀ ਕਰਨ ਸਬੰਧੀ ਅਜਿਹੇ ਵਾਅਦੇ ਦੀ ਗੱਲ ਕਰ ਰਹੇ ਹਨ ਜਿਸ ਬਾਰੇ ਸਿਰਫ ਉਨ੍ਹਾਂ ਨੂੰ ਹੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸਿੱਧੂ ਦੇ ਵਿਧਾਨ ਸਭਾ ਹਲਕੇ ਨੂੰ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਅਤੇ ਇੰਪਰੂਵਮੈਂਟ ਟਰਸਟ ਦੇ ਖਾਤੇ ’ਚੋਂ ਹੀ 75 ਕਰੋੜ ਰੁਪਏ ਵਿਕਾਸ ਲਈ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਆਪਣੇ ਸਾਂਸਦ ਪਤੀ ਨਵਜੋਤ ਸਿੱਧੂ ਦੇ ਸਾਂਸਦ ਕੋਟੋ ’ਚੋਂ ਵੀ ਬਾਕੀ ਹਲਕਿਆਂ ਨਾਲੋਂ ਸੱਭ ਤੋਂ ਵੱਧ ਫੰਡ ਮਿਲੇ ਹਨ।
ਸ. ਵਲਟੋਹਾ ਨੇ ਕਿਹਾ ਕਿ ਜਿੱਥੋਂ ਤੱਕ ਭਾਜਪਾ ਵਿਧਾਇਕ ਦੇ ਹਲਕੇ ਦਾ ਸਵਾਲ ਹੈ ਫੰਡਾਂ ਦਾ ਮੁੱਦਾ ਜਾਂ ਘਾਟ ਤਾਂ ਅਸਲ ਮੁੱਦਾ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਤਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਪਤੀ ਦੀਆਂ ਨਿੱਝੀ ਖਾਹਿਸ਼ਾਂ ਹਨ ਅਤੇ ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਤਾਂ ਭਾਜਪਾ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਸ੍ਰੀਮਤੀ ਸਿੱਧੂ ਜਾਂ ਉਨ੍ਹਾਂ ਦੇ ਪਤੀ ਸ. ਨਵਜੋਤ ਸਿੰਘ ਸਿੱਧੂ ਨੂੰ ਕੋਈ ਉ¤ਚਾ ਅਹੁਦਾ ਦੇਣਾ ਹੈ ਜਾਂ ਨਹੀਂ।
ਸ੍ਰੀਮਤੀ ਸਿੱਧੂ ਦੇ ਵਤੀਰੇ ਨੂੰ ਗਠਜੋੜ ਸਿਆਸਤ ’ਚ ਨਾ ਸਹਿਣਯੋਗ ਕਰਾਰ ਦਿੰਦਿਆਂ ਸ. ਵਲਟੋਹਾ ਨੇ ਕਿਹਾ ਕਿ ਸ੍ਰੀਮਤੀ ਸਿੱਧੂ ਇਕੋਂ ਸਮੇਂ ’ਤੇ ਇੰਝ ਨਹੀਂ ਕਰ ਸਕਦੇ ਕਿ ਸਰਕਾਰ ’ਚ ਰਹਿ ਕੇ ਆਨੰਦ ਮਾਨਣ ਵੀ ਮਾਨਣ ਅਤੇ ਦੂਸਰੇ ਪਾਸੇ ਗਠਜੋੜ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਤੋਂ ਇਲਾਵਾ ਸਰਕਾਰ ਵਿਰੁੱਧ ਕਾਂਗਰਸੀ ਧਰਨਿਆਂ ’ਚ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਸ੍ਰੀਮਤੀ ਸਿੱਧੂ ਆਪਣੇ ਪਾਰਟੀ ਦੇ ਸੂਬਾ ਪ੍ਰਧਾਨ ਦਾ ਵੀ ਥੋੜਾ ਜਿੰਨਾ ਮਾਣ ਨਹੀਂ ਰੱਖਦੇ ਜਿੰਨ੍ਹਾ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਨਾ ਦੇਣ ਲਈ ਕਿਹਾ ਸੀ ਅਤੇ ਨਾ ਹੀ ਉਨ੍ਹਾਂ ਸੀਨੀਅਰ ਪਾਰਟੀ ਆਗੂਆਂ ਦੀ ਪਰਵਾਹ ਹੈ ਜਿੰਨ੍ਹਾਂ ਗਠਜੋਡ ਨਾਲ ਸਬੰਧਤ ਫੈਸਲੇ ਕਰਨੇ ਹਨ।