ਕਿਸੇ ਦੇ ਘਰ ਅਸੀਂ ਉਸਦੀ ਧੀ ਦੇ ਜਨਮਦਿਨ ਦੇ ਦਿਨ ਸੱਦੇ ਉੱਤੇ ਗਏ ਸੀ। ਉੱਥੇ ਕਿਸੇ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਉਸ ਸੱਜਣ ਨੇ ਆਪਣੇ ਪਹਿਲੇ ਦੋਨਾਂ ਪੁੱਤਰਾਂ ਦੇ ਜਨਮਦਿਨ ਏਨੀ ਧੂਮ ਧਾਮ ਨਾਲ ਨਹੀਂ ਮਨਾਏ ਸਨ ਤੇ ਧੀ ਦੇ ਜਨਮ ਵਾਸਤੇ ਦੁਆਵਾਂ ਕਰਦਾ ਰਿਹਾ ਸੀ।
ਮੈਨੂੰ ਕੋਤੂਹਲ ਹੋਇਆ ਕਿ ਆਖ਼ਰ ਕੀ ਗੱਲ ਹੋ ਸਕਦੀ ਹੈ ਜੋ ਅੱਜਕਲ ਦੇ ਜ਼ਮਾਨੇ ਵਿਚ ਪੁੱਤਰ ਨਾਲੋਂ ਧੀ ਨਾਲ ਵੱਧ ਪਿਆਰ ਕੀਤਾ ਜਾ ਰਿਹਾ ਹੈ!
ਉਸਨੇ ਇਕ ਪੁਰਾਣੀ ਘਟਨਾ ਮੈਨੂੰ ਸੁਣਾਈ ਜੋ ਮੈਂ ਬਾਕੀਆਂ ਨਾਲ ਸਾਂਝੀ ਕਰਨੀ ਚਾਹਾਂਗੀ। ਉਸ ਦੱਸਿਆ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਸੇ ਰਿਸ਼ਤੇਦਾਰ ਕਾਰਣ ਉਹ ਆਪੋ ਵਿਚ ਕਦੇ ਨਹੀਂ ਲੜਨਗੇ ਤੇ ਇਸ ਲਈ ਉਹ ਆਪਣੇ ਘਰ ਵਿਚ ਕਿਸੇ ਪਾਸੇ ਦੇ ਰਿਸ਼ਤੇਦਾਰ ਨੂੰ ਆਪਣੇ ਘਰ ਨਹੀਂ ਠਹਿਰਾਉਣਗੇ ਭਾਵੇਂ ਕੁੱਝ ਹੋ ਜਾਏ। ਉੰਜ ਸਾਰੇ ਰਿਸ਼ਤੇਦਾਰਾਂ ਨੂੰ ਉਹ ਮਿਲ ਕੇ ਆਉਂਦੇ ਰਹਿਣਗੇ ਪਰ ਰਿਸ਼ਤਾ ਠੀਕ ਰੱਖਣ ਲਈ ਕਿਸੇ ਨੂੰ ਵੀ ਘਰ ਠਹਿਰਣ ਦੀ ਇਜਾਜ਼ਤ ਨਹੀਂ ਦੇਣਗੇ।
ਕਰਨੀ ਰਬ ਦੀ ਕਿ ਹਫ਼ਤੇ ਬਾਅਦ ਮੁੰਡੇ ਦੇ ਮਾਪੇ ਉਨ੍ਹਾਂ ਨੂੰ ਮਿਲਣ ਆ ਗਏ। ਵਾਅਦੇ ਅਨੁਸਾਰ ਰਾਤ ਨੂੰ ਉਨ੍ਹਾਂ ਨੂੰ ਉੱਥੇ ਰੁਕਣ ਨਾ ਦਿੱਤਾ ਗਿਆ ਤੇ ਘਰੋਂ ਬਾਹਰ ਟਿਕਣ ਦਾ ਇੰਤਜ਼ਾਮ ਕਰ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਕੁੜੀ ਦੇ ਮਾਪੇ ਮਿਲਣ ਆ ਪਹੁੰਚੇ। ਵਾਅਦੇ ਮੁਤਾਬਕ ਮੁੰਡੇ ਨੇ ਉਨ੍ਹਾਂ ਨੂੰ ਵੀ ਨਿਮਰਤਾ ਸਹਿਤ ਘਰੋਂ ਬਾਹਰ ਟਿਕਣ ਵਾਸਤੇ ਗੱਲ ਕੀਤੀ। ਇਸ ਉੱਤੇ ਕੁੜੀ ਜ਼ਾਰੋ ਜ਼ਾਰ ਰੋਣ ਲੱਗ ਪਈ ਤੇ ਉਸਨੇ ਆਪਣੇ ਪਤੀ ਅੱਗੇ ਬਥੇਰੇ ਹੱਥ ਜੋੜੇ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਮੇਰੇ ਮਾਪੇ ਮੇਰੇ ਹੁੰਦਿਆਂ ਘਰੋਂ ਬਾਹਰ ਧੱਕੇ ਜਾਣ। ਸੋ ਘੰਟੇ ਭਰ ਹੱਥ ਪੈਰ ਜੋੜ, ਮਿੰਨਤਾਂ ਕਰ ਉਸਨੇ ਆਪਣੇ ਪਤੀ ਨੂੰ ਮਨਾ ਲਿਆ ਤੇ ਉਸਦੇ ਮਾਪੇ ਘਰ ਹੀ ਠਹਿਰ ਗਏ।
ਇਸ ਘਟਨਾ ਦਾ ਉਸ ਸੱਜਣ ਉੱਤੇ ਏਨਾ ਡੂੰਘਾ ਅਸਰ ਪਿਆ ਕਿ ਉਸਨੇ ਇਹ ਪੱਲੇ ਬੰਨ੍ਹ ਲਿਆ ਕਿ ਭਾਵੇਂ ਕੁੱਝ ਹੋਵੇ ਉਸਨੇ ਆਪਣੇ ਘਰ ਇਕ ਬੇਟੀ ਜ਼ਰੂਰ ਪਾਲਣੀ ਹੈ।
ਮੈਨੂੰ ਸੰਬੋਧਨ ਕਰਦਿਆਂ ਉਹ ਸੱਜਣ ਬੋਲੇ,ਠਮੇਰੇ ਮੁੰਡਿਆਂ ਨੇ ਤਾਂ ਮੇਰੇ ਵਾਂਗ ਸਾਨੂੰ ਵੀ ਘਰ ਨਹੀਂ ਟਿਕਣ ਦੇਣਾ ਪਰ ਮੇਰੀ ਧੀ ਮੈਨੂੰ ਧੱਕੇ ਮਾਰ ਕੇ ਘਰੋਂ ਕਦੇ ਨਹੀਂ ਕੱਢਣ ਲੱਗੀ। ਇਸੇ ਲਈ ਮੈਂ ਹੁਣ ਖ਼ੁਸ਼ੀ ਮਨਾ ਰਿਹਾਂ ਕਿ ਮੇਰੇ ਬੁਢੇਪੇ ਨੂੰ ਸਹਾਰਾ ਦੇਣ ਵਾਲਾ ਕੋਈ ਆ ਗਿਆ ਹੈ।
ਹੈ ਨਾ ਕਮਾਲ। ਜੇ ਇਸ ਕਾਰਨ ਧੀਆਂ ਦਾ ਸੁਆਗਤ ਕਰਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ ਤਾਂ ਇੰਝ ਹੀ ਸਹੀ।
ਇਹ ਸੁਣੇਹਾ ਉਨ੍ਹਾਂ ਮਾਪਿਆਂ ਤੱਕ ਕਿਵੇਂ ਪਹੁੰਚਾਇਆ ਜਾਏ ਜੋ 50 ਲੱਖ ਧੀਆਂ ਹਰ ਸਾਲ ਕੁੱਖ ਵਿਚ ਪੂਰ ਚੜ੍ਹਨ ਤੋਂ ਪਹਿਲਾਂ ਹੀ ਕੱਟ ਵੱਢ ਕੇ ਬਾਹਰ ਸੁੱਟ ਛੱਡਦੇ ਹਨ? ਦਸ ਹਜ਼ਾਰ ਦੇ ਨੇੜੇ ਨਵਜੰਮੀਆਂ ਬੱਚੀਆਂ ਇਕ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਮਾਪਿਆਂ ਵੱਲੋਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ! ਹਰ ਛੇਵੀਂ ਬੱਚੀ ਨੂੰ ਉਸਦੇ ਮਾਪੇ ਇਲਾਜ ਖੁਣੋਂ ਮਰ ਜਾਣ ਉੱਤੇ ਮਜਬੂਰ ਕਰ ਰਹੇ ਹਨ ! ਵਹਿਸ਼ੀਆਨਾ ਜ਼ੁਲਮ ਜੋ ਔਰਤਾਂ ਉੱਤੇ ਹੋ ਰਹੇ ਹਨ, ਉਨ੍ਹਾਂ ਵਿੱਚੋਂ 50 ਪ੍ਰਤੀਸ਼ਤ ਪੰਦਰਾਂ ਵਰ੍ਹਿਆਂ ਤੋਂ ਛੋਟੀ ਉਮਰ ਦੀਆਂ ਬੱਚੀਆਂ ਉੱਤੇ ਹੋ ਰਹੇ ਹਨ !
ਸ਼ਾਇਦ ਇਨ੍ਹਾਂ ਸਦਕਾ ਹੀ 26 ਸਤੰਬਰ ਨੂੰ ਧੀਆਂ ਦਾ ਦਿਨ ਮਨਾਉਣ ਦੀ ਲੋੜ ਪੈ ਚੁੱਕੀ ਹੈ।
ਦੋ ਅਗਸਤ ਦੀ ਰਾਤ ਨੂੰ ਦਿੱਲੀ ਦੇ ਅਫਰੋਜ਼ ਨੇ ਆਪਣੀ ਇਕ ਸਾਲ ਦੀ ਬੱਚੀ ਤਬੱਸੁਮ ਨੂੰ ਪੰਘੂੜੇ ਵਿਚੋਂ ਸੁੱਤੀ ਨੂੰ ਚੁੱਕ ਕੇ ਪਾਣੀ ਦੇ ਟੱਬ ਵਿਚ ਡੁਬੋ ਦਿੱਤਾ। ਸਵੇਰੇ ਉਸਦੀ ਮਾਂ ਤਰੰਨੁਮ ਨੇ ਇਹ ਵੇਖਿਆ ਤਾਂ ਨੰਗੇ ਪੈਰੀਂ ਆਪਣੀ ਬੱਚੀ ਨੂੰ ਚੁੱਕ ਕੇ ਭੱਜਦੀ ਏਮਜ਼ ਹਸਪਤਾਲ ਲੈ ਗਈ ਪਰ ਉੱਥੇ ਉਹ ਮਰੀ ਹੋਈ ਸਾਬਤ ਕਰ ਦਿੱਤੀ ਗਈ। ਪੁਲਿਸ ਵੱਲੋਂ ਪੁੱਛ ਗਿੱਛ ਦੌਰਾਨ ਅਫਰੋਜ਼ ਮੰਨਿਆ ਕਿ ਉਸਨੇ ਇਹ ਕੰਮ ਬੱਚੀ ਨੂੰ ਚੁਫ਼ੇਰੇ ਵਿਗੜਦੇ ਜਾਂਦੇ ਹਾਲਾਤ ਵੇਖਦੇ ਹੋਏ ਜਵਾਨ ਹੋਣ ਤੋਂ ਪਹਿਲਾਂ ਕਿਸੇ ਬਘਿਆੜ ਹੱਥੋਂ ਪਾੜੇ ਜਾਣ ਤੋਂ ਬਚਾਉਣ ਲਈ ਕੀਤਾ।
ਇਕ ਦਿਨ ਪਹਿਲਾਂ ਉਸਨੇ ਖ਼ਬਰ ਪੜ੍ਹੀ ਸੀ ਕਿ ਕਲਕੱਤੇ ਦੇ ਪਾਰਕ ਸਟਰੀਟ ਵਿਚਲੇ 2 ਸਾਲ ਪਹਿਲਾਂ ਦੇ ਹੋਏ ਗੈਂਗਰੇਪ ਵਾਲੀ ਥਾਂ ਉੱਤੇ 27 ਵਰ੍ਹਿਆਂ ਦੀ ਦੋ ਬੱਚਿਆਂ ਦੀ ਮਾਂ ਨੂੰ ਚਲਦੀ ਕਾਰ ਵਿਚ ਗੈਂਗਰੇਪ ਕਰ ਕੇ, ਉਸਦੀ ਚਮੜੀ ਉਧੇੜ ਕੇ, ਉਸਨੂੰ ਸੜਕ ਉੱਤੇ ਨਿਰਵਸਤਰ ਕਰ ਕੇ ਸੁੱਟ ਦਿੱਤਾ। ਪੁਲਿਸ ਵਾਲਿਆਂ ਨੇ ਉਧਾਲਾ ਕਰਨ ਵਾਲਿਆਂ ਦੀ ਪੂਰੀ ਮਦਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਭੱਜ ਜਾਣ ਅਤੇ ਸਬੂਤ ਮਿਟਾਉਣ ਦਾ ਸਮਾਂ ਦਿੱਤਾ।
ਮੈਡੀਕਲ ਚੈਕਅੱਪ ਦੌਰਾਨ ਗੈਂਗਰੇਪ ਸਾਬਤ ਹੋ ਜਾਣ ਬਾਅਦ ਵੀ ਕੋਈ ਕਾਰਵਾਈ ਨਾ ਹੁੰਦੀ ਵੇਖ ਉਸਦੀ ਬੁੱਢੀ ਮਾਂ ਨੇ ਹਾੜੇ ਕੱਢੇ ਕਿ ਇਹੋ ਜਿਹੇ ਹਾਲਾਤ ਵਿਚ ਨਰਕ ਭੋਗਣ ਨਾਲੋਂ ਤਾਂ ਉਹ ਆਪਣੀ ਬੱਚੀ ਨੂੰ ਕੁੱਖ ਵਿਚ ਹੀ ਮਾਰ ਸੁੱਟਦੀ। ਗੈਂਗਰੇਪ ਵਾਲੀ ਔਰਤ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਸੀ ਕਿ ਬਹੱਤਰ ਘੰਟਿਆਂ ਬਾਅਦ ਉਹ ਆਵਾਜ਼ ਕੱਢਣ ਵਾਲੀ ਹਾਲਤ ਵਿਚ ਵਾਪਸ ਆਈ।
ਜਿੰਨਾ ਲਹੂ ਉਸਦੇ ਸਰੀਰ ਅੰਦਰੋਂ ਵਹਿ ਚੁੱਕਿਆ ਸੀ, ਉਸਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਸਿਰਫ ਆਪਣੀ ਬੱਚੀ ਦਾ ਮੋਹ ਹੀ ਉਸਦੇ ਜ਼ਿੰਦਾ ਰਹਿਣ ਦਾ ਕਾਰਨ ਬਣ ਗਿਆ, ਵਰਨਾ ਚੌਥੇ ਦਿਨ ਵੀ ਹਰ ਸਾਹ ਨਾਲ ਪੀੜ ਭਰੀ ਹਾਏ ਤੋਂ ਵਧ ਉਸਦੇ ਮੂੰਹਂੋ ਕੋਈ ਗੱਲ ਨਿਕਲ ਨਹੀਂ ਸੀ ਰਹੀ!
ਅਸੀਂ ਧੀਆਂ ਦਾ ਕੀ ਹਾਲ ਕਰ ਛੱਡਿਆ ਹੈ? ਧੀਆਂ ਤੋਂ ਵਿਹੂਣੀ ਧਰਤੀ ਤੇ ਘਰ ਸੋਚ ਕੇ ਵੇਖੀਏ ਤਾਂ ਸਹੀ!
ਨਾ ਧੀ ਦੀ ਗਲਵਕੜੀ , ਨਾ ਭੈਣ ਵੱਲੋਂ ਬੰਨ੍ਹੀ ਗੁੱਟ ਉੱਤੇ ਰਖੜੀ , ਨਾ ਪ੍ਰੇਮਿਕਾ ਵੱਲੋਂ ਕੀਤਾ ਪਿਆਰ ਦਾ ਇਜ਼ਹਾਰ, ਨਾ ਪਤਨੀ ਵੱਲੋਂ ਸੁਹਾਗ ਦੀ ਰੱਖਿਆ ਲਈ ਮੰਗੀਆਂ ਮੰਨਤਾਂ, ਨਾ ਮਾਂ ਵੱਲੋਂ ਮਿਲਿਆ ਮੱਥੇ ਉੱਤੇ ਅਸੀਸ ਭਰਿਆ ਚੁੰਮਣ!
ਇਨ੍ਹਾਂ ਸਾਰੀਆਂ ਚੀਜ਼੍ਹਾਂ ਤੋਂ ਵਾਂਝੇ ਰਹਿ ਕੇ ਕੀ ਵਾਕਈ ਜ਼ਿੰਦਗੀ ਜੀਊਣ ਜੋਗੀ ਰਹਿ ਜਾਏਗੀ?
ਹਾਲੇ ਵੀ ਵੇਲਾ ਹੈ ਸੰਭਲ ਜਾਈਏ! ਜੇ ਧੀਆਂ ਦੀ ਗਿਣਤੀ ਘਟਦੀ ਰਹੀ ਤਾਂ ਮਨੁੱਖੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਜਾਣਾ ਹੈ। ਜੇ ਮਾਂ ਤੋਂ ਬਿਨਾਂ ਕਿਸੇ ਨੂੰ ਜਾਪਦਾ ਹੈ ਕਿ ਸਾਡੀ ਜ਼ਿੰਦਗੀ ਸੰਭਵ ਹੀ ਨਹੀਂ ਸੀ ਤਾਂ ਕੁੱਖਾਂ ਖ਼ਤਮ ਕਰ ਕੇ ਕੀ ਕਰਨਾ ਚਾਹ ਰਹੇ ਹਾਂ?
ਅਗਲੀ ਵਾਰ ਕੁੱਖ ਵਿਚ ਇਕ ਮਾਸੂਮ ਨੂੰ ਕਤਲ ਕਰ ਦੇਣ ਤੋਂ ਪਹਿਲਾਂ ਇਕ ਮੌਕਾ ਉਸਦੇ ਨਿਕੜੇ ਮਲੂਕ ਹੱਥਾਂ ਨੂੰ ਦੇਣ ਦੀ ਕ੍ਰਿਪਾਲਤਾ ਕਰਨਾ ਜਦੋਂ ਉਹ ਤੁਹਾਡੀਆਂ ਅੱਖਾਂ ’ਚੋਂ ਵਗਦੇ ਹੰਝੂਆਂ ਦੀ ਧਾਰ ਨੂੰ ਆਪਣੀਆਂ ਪੋਲੀਆਂ ਪੋਲੀਆਂ ਉੰਗਲਾਂ ਨਾਲ ਪੂੰਝ ਕੇ ਤੁਹਾਡੇ ਗਲੇ ਦੁਆਲੇ ਆਪਣੀਆਂ ਨਿੱਕੀਆਂ ਬਾਹਵਾਂ ਦੀ ਡੋਰ ਪਾ ਦੇਵੇ। ਫੇਰ ਤੁਹਾਡੀਆਂ ਅੱਖਾਂ ਵਿਚ ਆਪਣੀਆਂ ਅੱਖਾਂ ਗੱਡ ਕੇ, ਪਿਆਰੀ ਜਿਹੀ ਮੁਸਕਾਨ ਵਿਖਾ ਕੇ ਨਿੱਕੇ ਮਲੂਕ ਬੁੱਲ ਹਿਲਾ ਕੇ ‘ਪਾਪਾ’ ਕਹਿ ਕੇ ਸਿਰ ਨਾਂਹ ਵਿਚ ਹਿਲਾ ਕੇ ਹੰਝੂ ਨਾ ਡੇਗਣ ਦੀ ਬੇਨਤੀ ਕਰੇ!
ਯਕੀਨਨ ਇਕ ਵਾਰ ਇਹ ਮਹਿਸੂਸ ਕਰ ਲੈਣ ਬਾਅਦ ਉਸਦੇ ਕਤਲ ਕਰਨ ਵਾਲੀ ਸੋਚ ਤੁਹਾਡੇ ਮਨ ਵਿਚ ਦੁਬਾਰਾ ਪੁੰਗਰ ਨਹੀਂ ਸਕੇਗੀ। ਕੁੱਖ ਵਿਚ ਕਤਲ ਕਰਨ ਤੋਂ ਪਹਿਲਾਂ ਇਕ ਮੌਕਾ ਉਸਨੂੰ ਦੇਣਾ ਜ਼ਰੂਰ ! ਇਸ ਇਹਸਾਸ ਤੋਂ ਵਾਂਝੇ ਰਹਿਣ ਨਾਲ ਤੁਹਾਡੀ ਜ਼ਿੰਦਗੀ ਅਧੂਰੀ ਰਹਿ ਜਾਏਗੀ। ਇਹ ਮੇਰਾ ਦਾਅਵਾ ਹੈ।
ਧੀਆਂ
November 17, 2014
by: ਡਾ. ਹਰਸ਼ਿੰਦਰ ਕੌਰ, ਐਮ.ਡੀ.
by: ਡਾ. ਹਰਸ਼ਿੰਦਰ ਕੌਰ, ਐਮ.ਡੀ.
This entry was posted in ਕਹਾਣੀਆਂ.