ਖੁਸ਼ਦੇਵ ਸਿੰਘ ਸੰਧੂ
ਕੋਈ ਤੇ ਹਾਅ ਦਾ ਨਾਰਾ ਮਾਰੋ ਉਏ ਮੇਰਾ ਅੰਨ-ਦਾਤਾ ! ਹਰ ਚੱਲਿਆ,
ਮਿੱਟੀ ਤੋਂ ਸੋਨਾ ਉਗਾਉਂਦਾ ਆਪ ਮਿੱਟੀ ਵਿਚ ਹੀ ਖਰ ਚੱਲਿਆ।
ਮਿੱਟੀ ਰੁਲੇ ਨੂੰ ਹੋਰ ਨਾਂ ਲਤਾੜੋ,ਕੋਈ ਤੇ ਕਰਮਾਂ ਪਈ ਮਿੱਟੀ ਝਾੜੋ ਉਏ,
ਨਹੀਂ ਤਾਂ ਕਰਜੇ ਹੇਠਾਂ ਦੱਬਿਆ ਫਾਹਾ ਲਾ ! ਮਰ ਚੱਲਿਆ।।
ਹਿੱਸੇ ਆਉਂਦੇ ਮਿੱਠੜੇ ਗੁੜ ਦਾ ਸੀਰਾ ਮਿੱਲਾਂ ਦੇ ਕੜ੍ਹਾਹਿਆਂ ਤਾਈਂ ! ਵੱੜ ਚੱਲਿਆ,
ਬਾਲਾਂ ਦੇ ਮੂੰਹੀਂ ਪੈਂਦਾ ਦੁੱਧ-ਮੱਖਣ ਡੇਰੀਆਂ ਦੇ ਡੋਲੂਆਂ ਤਾਈਂ ! ਹੱੜ ਚੱਲਿਆ।
ਧਰਤ ਹੇਠਲਾ ਪਾਣੀ ਝੋਨੇ ਨੂੰ ਬੂਰ ਪਾਉਂਦਾ-ਪਾਉਂਦਾ ! ਸੱੜ ਚੱਲਿਆ,
ਕੋਈ ਤੇ ਮਗਰ ਲੱਗੀ ਹੋਣੀਂ ਪਛਾਣੋਂ ਉਏ,ਨਹੀਂ ਤਾਂ ਅਜਾਈਂ ਮੌਤ ਦੀ ਗੱਡੀ ! ਚੱੜ੍ਹ ਚੱਲਿਆ।।
ਮਹਿੰਗਾ ਡੀਜ਼ਲ, ਮਹਿੰਗਾ ਬੀਅ, ਮਹਿੰਗੀਆਂ ਖਾਦਾਂ, ਸਸਤਾ ਝੋਨਾ ! ਵਿਕ ਚੱਲਿਆ,
ਪੀਲੀ ਸਵੇਰ,ਸੜਦਾ ਦੁਪਹਿਰਾ,ਡਰਾਉਣੀਆਂ ਸ਼ਾਮਾਂ,ਰਾਤ ਦਾ ਹਨੇਰਾ ! ਘਿਰ ਚੱਲਿਆ।
ਵਿਹਲਾ ਪੁੱਤ,ਮੁਟਿਆਰ ਧੀ, ਖਾਲੀ ਖੀਸਾ,ਦਿੱਲ ਦਾ ਹੌਂਸਲਾ ! ਹਿੱਲ ਚੱਲਿਆ,
ਕੋਈ ਤੇ ਰੁੜ੍ਹਦੇ ਨੂੰ ਸਹਾਰੋ ਉਏ,ਨਹੀਂ ਤੇ ਗੁਰਬਤ ਦੇ ਵਹਿਣੀਂ ! ਠਿੱਲ ਚੱਲਿਆ।।
ਚਿੱਟਾ ਚਾਦਰਾ,ਚਿੱਟੀ ਮੱਤ ਤੇ ਚਿੱਟੀ ਪੱਗ ਦਾ ਸਰਮਾਇਆ ਮੈਲੀ ਦੁਨੀਆਂ ਦੀਆਂ ਨਜ਼ਰੀਂ ! ਚੱੜ੍ਹ ਚੱਲਿਆ,
ਨੱਚਦੀ ਜਵਾਨੀ,ਹੱਸਦਾ ਮੁੱਖੜਾ,ਸੋਹਣਾਂ ਗੱਭਰੂ, ਭਰ ਜਵਾਨੀ ਹਨੇਰੇ ਰਾਹੀਂ ! ਤੁਰ ਚੱਲਿਆ।।
ਤੁਤਲਾਉਂਦਾ ਬਾਲ,ਖਿੜਦੀ ਬਾਲੜੀ,ਡਰਦਾ ਬਾਬਲ,ਸਹਿਮੀ ਅੰਮੀਂ,ਫਿਕਰਾਂ ਮਾਰਿਆ ਬਾਪੂ ! ਤੁਰ ਚੱਲਿਆ,
ਕੋਈ ਤੇ ਉਜੜਦੇ ਬਾਗੀਂ ਫੇਰਾ ਮਾਰੋ ਉਏ,ਨਹੀਂ ਤੇ ਆਸੀਂ ਪੈਂਦਾ ਬੂਰ ! ਭੁਰ ਚੱਲਿਆ।।
ਮੁਰੱਬਿਆਂ ਤੋਂ ਕਿੱਲੇ,ਕਿੱਲਿਆਂ ਤੋਂ ਕਨਾਲਾਂ,ਹੁਣ ਮਰਲਿਆਂ ਦੀ ਹੱਦੀਂ ! ਬੱਝ ਚੱਲਿਆ,
ਭੋਏਂ ਦਾ ਮਾਲਕ,ਭੋਏਂ ਤੋਂ ਆਤਰ,ਲੋਕਾਂ ਤਾਈਂ ਰਜਾਉਂਦਾ,ਭੁੱਖ ਦਾ ਪਾਤਰ ! ਬਣ ਚੱਲਿਆ।।
ਅਣਖੀਂ ਜੀਂਵਦਾ,ਅਣਖੀਂ ਮਰੀਂਦਾ, ਬੇਅਣਖਿਆਂ ਦੀਆਂ ਹੱਟਾਂ ਦਾਣਿਆਂ ਤੋਂ ਸਾਂਵਾਂ ! ਤੁੱਲ ਚੱਲਿਆ,
ਕੋਈ ਤੇ ਅਣਖੀ ਦੀ ਅਣਖ ਦਾ ਮੁੱਲ ਤਾਰੋ ਉਏ, ਨਹੀਂ ਤਾਂ ਅਣਮੁੱਲਾ ਅਮੁੱਲਾ ਹੀ ! ਤੁਰ ਚੱਲਿਆ ।।
“ਸੰਧੂ ਮਝੈਲ” ਗੀਤਾਂ ਦਿਆਂ ਬੋਲਾਂ ਰਾਹੀਂ ਅੱਖੀਂ ਵੇਖਿਆ ਧਰਤੀ ਦੇ ਵਾਰਸ ਦਾ ਦੁੱਖੜਾ ! ਲਿਖ ਚੱਲਿਆ।।