ਨਵੀਂ ਦਿੱਲੀ :- ਗੁਰੂ ਗੋਬਿੰਦ ਸਾਹਿਬ ਜੀ ਦੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨਾਲ ਮਿਲਣੀ ਦੇ ਪ੍ਰਤੀਕ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਮੰਤਵੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹਾਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵੱਜੋ ਕੀਰਤਨ ਸਮਾਗਮ ਦੌਰਾਨ ਹਜ਼ਾਰਾ ਸੰਗਤਾਂ ਦੀ ਮੌਜੂਦਗੀ ‘ਚ ਹਾਲ ਦਾ ਰਸਮੀ ਉਧਘਾਟਨ ਕੀਤਾ। ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਸ ਬਹੁਮੰਤਵੀ ਹਾਲ ਨੂੰ ਸੰਗਤਾਂ ਲੰਗਰ ਹਾਲ, ਅੰਨਦ ਕਾਰਜ ਸਣੇ ਸੁੱਖ-ਦੁੱਖ ਦੇ ਪਰਿਵਾਰਕ ਪ੍ਰੋਗਰਾਮਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਦੀ ਤਰਜ ਤੇ ਇਸਤੇਮਾਲ ਕਰ ਸਕਣਗੀਆਂ।
ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਕਾਰਜ ਨੂੰ ਸਿਰੇ ਚੜਾਉਣ ਵਾਲੀ ਸਾਰੀ ਟੀਮ ਨੂੰ ਸਿਰੋਪਾਓ ਦੀ ਬਖਸ਼ੀਸ਼ ਕੀਤੀ। ਬਾਬਾ ਬਚਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਅੱਗੇ ਵੀ ਸਮਾਜਿਕ ਕਲਿਆਣ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਗੁਰੂ ਘਰਾਂ ਦੇ ਯੋਗ ਇਸਤੇਮਾਲ ਦਾ ਭਰੋਸਾ ਦਿੱਤਾ। ਡਾ. ਜਸਪਾਲ ਸਿੰਘ ਵੱਲੋਂ ਨਾਲ ਲਗਦੇ ਪਾਰਕ ਦਾ ਨਾਂ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਨਾਂ ਤੇ ਰੱਖਣ ਦੀ ਤਜਵੀਜ਼ ਨੂੰ ਜੀ.ਕੇ. ਨੇ ਮੰਜ਼ੂਰ ਕਰਦੇ ਹੋਏ ਪਾਰਕ ਦਾ ਨਾਂ ਸਾਹਿਬਜ਼ਾਦਾ ਜੁਝਾਰ ਸਿੰਘ ਰੱਖਣ ਨੂੰ ਪ੍ਰਵਾਨਗੀ ਦੇਣ ਦੇ ਨਾਲ ਹੀ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮਨਾਉਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਸਾਹਿਬ ਦੀ ਸਬ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਦਿੱਲੀ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਾਰਵਾਹ, ਹਰਵਿੰਦਰ ਸਿੰਘ ਕੇ.ਪੀ. ਅਤੇ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਮੀਤ ਸਿੰਘ ਇਸ ਮੌਕੇ ਮੌਜੂਦ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਇਸ ਏ.ਸੀ. ਹਾਲ ਵਿਖੇ 500 ਬੰਦਿਆ ਤੱਕ ਦੇ ਪ੍ਰੋਗਰਾਮ ਸੁਚੱਜੇ ਤਰੀਕੇ ਨਾਲ ਹੋ ਸਕਣਗੇ। ਇਸ ਹਾਲ ਵਿਖੇ ਬਾਬਾ ਅਜੀਤ ਸਿੰਘ ਦੀ ਵੱਡੀ ਪੇਂਟਿੰਗ ਵੀ ਲਗਾਈ ਗਈ ਹੈ ਤਾਂ ਕਿ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਆਪਣੇ ਪਰਿਵਾਰਿਕ ਸਮਾਗਮਾਂ ਦੌਰਾਨ ਵੀ ਚੇਤੇ ਰਹਿਣ।