ਨਵੀਂ ਦਿੱਲੀ :- ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਥੇ ਦੇ ਚੈਮਸਫੋਰਡ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ 2016 ਦੇ ਰੀਓ ਉਲੰਪਿਕ ਨੂੰ ਕੁਆਲੀਫਾਈ ਕਰਨ ਵਾਸਤੇ ਕਰਵਾਈ ਜਾ ਰਹੀ “ਟ੍ਰੈਕ ਏਸ਼ੀਆ ਕੱਪ 2014″ ਵਿਚ ਭਾਗ ਲੈ ਰਹੀਆਂ ਟੀਮਾਂ ਦੀਆਂ ਤਿਆਰੀਆਂ ਅਤੇ ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਜਨਤਕ ਕੀਤਾ। ਇਸ ਏਸ਼ੀਆ ਕੱਪ ਦੇ ਮੁਕਾਬਲੇ ‘ਚ 7 ਦੇਸ਼ ਭਾਰਤ, ਹਾਂਗਕਾਂਗ, ਥਾਈਲੈਂਡ, ਕਜਾਕਿਸਤਾਨ, ਉਜਬੇਕਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਭਾਗ ਲੈਣ ਦੀ ਜਾਣਕਾਰੀ ਦਿੰਦੇ ਹੋਏ ਇਸ ਪ੍ਰਤਿਯੋਗਿਤਾ ਦੀ ਓਰਗੇਨਾਇਜ਼ਿੰਗ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜੀ.ਕੇ. ਨੇ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ 21 ਤੋਂ 23 ਨਵੰਬਰ ਤੱਕ 100 ਸਾਈਕਲ ਖਿਡਾਰੀਆਂ ਵੱਲੋਂ ਸੀਨੀਅਰ ਅਤੇ ਜੂਨੀਅਰ ਵਰਗ ਵਿਖੇ ਭਾਗ ਲੈਣ ਦੀ ਗੱਲ ਕਹੀ।
ਕੌਮਾਂਤਰੀ ਸਾਈਕਲ ਫੈਡਰੇਸ਼ਨ ਵੱਲੋਂ ਇਸ ਪ੍ਰੋਗਰਾਮ ਨੂੰ ਨੰ. 1 ਈਵੈਂਟ ਵੱਜੋਂ ਪ੍ਰਮਾਣਿਕਤਾ ਦਿੱਤੇ ਜਾਣ ਦੀ ਗੱਲ ਸਾਂਝਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਨਾਲ ਭਾਰਤ ਦੇ ਸਾਈਕਲ ਖਿਡਾਰੀਆਂ ਨੂੰ ਜਿੱਥੇ ਉਲੰਪਿਕ ਵਿਖੇ ਜਾਣ ਵਾਸਤੇ ਆਪਣੀ ਤਾਕਤ ਨੂੰ ਦਿਖਾਣਾ ਹੈ, ਉਥੇ ਹੀ ਘਰ ਵਿਖੇ ਹੋ ਰਹੇ ਇਸ ਆਯੋਜਨ ਦਾ ਫਾਇਦਾ ਵੀ ਭਾਰਤੀ ਖਿਡਾਰੀਆਂ ਨੂੰ ਮਿਲਣ ਦੀ ਪੂਰੀ ਉਮੀਦ ਹੈ। ਜੀ.ਕੇ. ਨੇ ਭਾਰਤ ਦੇ ਇਸ ਖੇਡ ਵਿਚ ਬੁਰੇ ਹਾਲਾਤ ਨੂੰ ਬਦਲਣ ਵਾਸਤੇ ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਉਸਾਰੁ ਕਾਰਜਾਂ ਬਾਰੇ ਵੀ ਦੱਸਿਆ। ਸਪੋਰਟਸ ਅਥੋਰਟੀ ਆਫ ਇੰਡੀਆ ਵੱਲੋਂ ਭਾਰਤੀ ਖਿਡਾਰੀਆਂ ਨੂੰ ਮੁਹਈਆ ਕਰਵਾਈਆਂ ਗਈਆਂ ਸਾਈਕਲਾਂ ਅਤੇ ਹੋਰ ਸਹਿਯੋਗ ਲਈ ਜੀ.ਕੇ. ਨੇ ਧੰਨਵਾਦ ਵੀ ਜਤਾਇਆ। ਫੈਡਰੇਸ਼ਨ ਦੇ ਸਕੱਤਰ ਜਨਰਲ ਉਂਕਾਰ ਸਿੰਘ ਅਤੇ ਭਾਰਤੀ ਮੁੱਖ ਕੋਚ ਆਰ.ਕੇ. ਸ਼ਰਮਾ ਨੇ ਭਾਰਤੀ ਖਿਡਾਰੀਆਂ ਦੀ ਤਿਆਰੀਆਂ ਦੀ ਜਾਣਕਾਰੀ ਵਿਸਤਾਰ ਨਾਲ ਦੇਣ ਦੇ ਨਾਲ ਹੀ ਭਾਰਤੀ ਖਿਡਾਰੀਆਂ ਦੇ ਉਲੰਪਿਕ ਵਾਸਤੇ ਕੁਆਲੀਫਾਈ ਕਰਨ ਵਾਸਤੇ ਆਸ ਜਤਾਈ।