ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜਮਾਤ ਆਪਣੇ ਕੌਮੀ ਏਜੰਡੇ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਅਲਵਿਦਾ ਕਹਿਕੇ ਲੰਮਾ ਸਮਾਂ ਕਤਈ ਨਹੀਂ ਚੱਲ ਸਕਦੀ ।ਜੇਕਰ ਇੰਝ ਕਹਿ ਲਿਆ ਜਾਵੇ ਕਿ ਕੌਮੀ ਏਜੰਡੇ ਅਤੇ ਵੱਖਰੀ ਅਣਖ਼ੀਲੀ ਤੇ ਆਜ਼ਾਦ ਪਹਿਚਾਣ ਨੂੰ ਪਾਸੇ ਰੱਖਕੇ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਦਾ ਮਤਲਬ ਇਕ ਸਰੀਰ ਵਿਚੋ “ਆਤਮਾ” ਕੱਢ ਲੈਣ ਦੇ ਤੁੱਲ ਅਮਲ ਹਨ । 1990 ਦੇ ਮੱਧ ਵਿਚ ਬਾਦਲ ਦਲ ਨੇ ਆਪਣੀ 75ਵੀ ਵਰ੍ਹੇਗੰਢ ਮਨਾਉਦੇ ਹੋਏ ਮੋਗਾ ਵਿਖੇ ਵੱਡੀ ਕਾਨਫਰੰਸ ਕੀਤੀ ਸੀ । ਜਿਸ ਵਿਚ ਬਾਦਲ ਦਲ ਨੇ ਆਪਣੇ ਪਰਿਵਾਰਿਕ, ਮਾਲੀ ਅਤੇ ਸਿਆਸੀ ਇਛਾਵਾ ਦੀ ਪੂਰਤੀ ਲਈ “ਪੰਥਕ ਅਤੇ ਕੌਮੀ ਏਜੰਡੇ” ਦਾ ਪੂਰਨ ਤੌਰ ਤੇ ਭੋਗ ਪਾ ਕੇ ਵੱਡੀਆਂ ਕੁਰਬਾਨੀਆਂ ਅਤੇ ਘਲਨਾਵਾ ਉਪਰੰਤ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸੋਚ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਸੀ । ਜਿਸ ਵਿਚ ਮੁਤੱਸਵੀ ਫਿਰਕੂ ਸੋਚ ਵਾਲੇ ਲੋਕਾਂ ਨੂੰ ਸਾਮਿਲ ਕਰਕੇ ਮੋਗਾ ਵਾਲੀ ਸਟੇਜ ਤੋ ਇਹਨਾਂ ਫਿਰਕੂ ਹਿੰਦੂ ਆਗੂਆਂ ਨੂੰ ਕੌਮੀ ਰਵਾਇਤ ਦੇ ਉਲਟ ਸਿਰਪਾਓ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਲਿਆ । ਇਸ ਸੁਰੂਆਤ ਇਹਨਾਂ ਵੱਲੋ ਆਪਣੇ ਆਪ ਨੂੰ ਹਿੰਦੂਤਵ ਸੋਚ ਅਤੇ ਆਗੂਆਂ ਦਾ ਗੁਲਾਮ ਬਣਕੇ ਕੀਤੀ ਸੀ । ਇਹੀ ਵਜਹ ਹੈ ਕਿ ਅੱਜ ਬਾਦਲ ਦਲ ਦਾ ਆਪਣੀਆਂ ਭਾਈਵਾਲ ਜਮਾਤਾਂ ਬੀਜੇਪੀ ਅਤੇ ਆਰ.ਐਸ.ਐਸ. ਵਿਚ ਕੋਈ ਅਣਖ਼ ਗੈਰਤ ਵਾਲੀ ਇੱਜਤ ਨਹੀਂ ਰਹੀ । ਬਲਕਿ ਸਿੱਖ ਕੌਮ ਵਿਚ ਵੀ ਇਹਨਾਂ ਦੇ ਇਖ਼ਲਾਕ ਨੂੰ ਲੱਗੇ ਦਾਗਾ ਦੀ ਬਦੌਲਤ ਦਿਨ-ਬ-ਦਿਨ ਸਾਖ ਨਿਘਾਰ ਵੱਲ ਹੀ ਜਾ ਰਹੀ ਹੈ । ਅੱਜ ਇਖ਼ਲਾਕ ਤੋ ਡਿੱਗੇ ਬਾਦਲ ਦਲੀਆਂ ਨੂੰ ਕੋਈ ਵੀ ਰਾਹ ਨਹੀਂ ਲੱਭ ਰਿਹਾ ਕਿ ਉਹ ਸਿੱਖ ਕੌਮ ਵਿਚ ਆਪਣੇ ਆਪ ਨੂੰ ਕਿਵੇ ਸਥਾਪਿਤ ਕਰਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆਂ ਦੀਆਂ ਇਖ਼ਲਾਕੀ ਅਤੇ ਕੌਮੀ ਤੌਰ ਤੇ ਉਤਪੰਨ ਹੋ ਚੁੱਕੀਆ ਵੱਡੀਆਂ ਕਮੀਆ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਵਾਲੇ ਬਾਦਲ ਦਲੀਆਂ ਵੱਲੋ ਅਮਲ ਹੋ ਰਹੇ ਹਨ ਕਿ 1973 ਵਿਚ ਇਹਨਾਂ ਵੱਲੋ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਪਾਸ ਕੀਤੇ ਗਏ ਮਤੇ ਦੀ ਅਸਲ ਭਾਵਨਾ ਨੂੰ ਪਿੱਠ ਦੇ ਕੇ ਫਿਰਕੂ ਜਮਾਤਾਂ ਬੀਜੇਪੀ, ਆਰ.ਐਸ.ਐਸ. ਨਾਲ ਗੈਰ ਦਲੀਲ ਢੰਗਾਂ ਰਾਹੀ ਆਪਣੇ ਪਤੀ-ਪਤਨੀ ਅਤੇ ਨੌਹ-ਮਾਸ ਦੇ ਰਿਸਤੇ ਦਾ ਪ੍ਰਚਾਰ ਕਰਕੇ ਆਪਣੇ ਆਪ ਨੂੰ ਝੂਠੀ ਤਸੱਲੀ ਦਿੰਦੇ ਆ ਰਹੇ ਹਨ । ਦੂਸਰੇ ਪਾਸੇ ਆਪਣੇ ਆਪ ਨੂੰ ਮੀਡੀਏ ਅਤੇ ਅਖ਼ਬਾਰਾਂ ਵਿਚ ਪੰਥਕ ਹੋਣ ਦਾ ਵੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ । ਭਲਾ ਦੋ ਬੇੜੀਆਂ ਵਿਚ ਪੈਰ ਰੱਖਣ ਵਾਲਾ ਕੋਈ ਕਿਨਾਰੇ ਤੇ ਕਿਵੇ ਪਹੁੰਚ ਸਕਦਾ ਹੈ ? ਉਹਨਾਂ ਕਿਹਾ ਕਿ ਜਦੋ ਤੋ ਇਹਨਾਂ ਨੇ ਆਪਣੀ ਕੌਮੀ ਵੱਖਰੀ ਪਹਿਚਾਣ ਅਤੇ ਸਿੱਖੀ ਪ੍ਰੰਪਰਾਵਾਂ ਅਤੇ ਨਿਯਮਾਂ ਦਾ ਤਿਆਗ ਕਰਕੇ ਹਿੰਦੂਤਵ ਜਮਾਤਾਂ ਦੀ ਹਾਂ ਵਿਚ ਹਾਂ ਮਿਲਾਕੇ ਵਿਚਰਦੇ ਆ ਰਹੇ ਹਨ, ਉਸ ਸਮੇਂ ਤੋ ਲੈ ਕੇ ਹੀ ਅੱਜ ਤੱਕ ਇਹ ਆਗੂ ਇਖ਼ਲਾਕੀ ਅਤੇ ਕੌਮੀ ਤੌਰ ਤੇ ਨਿਘਾਰ ਵੱਲ ਹੀ ਗਏ ਹਨ ।
ਇਹਨਾਂ ਵੱਲੋ ਕੌਮੀ ਸੋਚ ਰੱਖਣ ਵਾਲੇ ਆਜ਼ਾਦੀ ਦੀ ਸੋਚ ਦੇ ਪ੍ਰਵਾਨੇ ਸਿੱਖਾਂ ਨੂੰ ਜ਼ਲੀਲ ਕਰਕੇ ਬੀਜੇਪੀ ਨੂੰ ਵੋਟਾ ਪਾਉਣ ਲਈ ਦੁਹਾਈ ਦੇਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਇਹਨਾਂ ਬਾਦਲ ਦਲੀਆਂ ਦੀਆਂ ਆਤਮਾਵਾ ਬਣ ਚੁੱਕੀਆਂ ਹਨ । ਅੱਜ ਜਦੋ ਬੀਜੇਪੀ ਅਤੇ ਆਰ.ਐਸ.ਐਸ. ਵਾਲਿਆ ਨੇ ਇਹਨਾਂ ਨੂੰ ਅੱਖਾਂ ਤੋ ਹੌਲੇ ਕਰ ਦਿੱਤਾ ਹੈ ਤਾਂ ਇਹਨਾਂ ਨੂੰ ਅੱਜ ਥੋੜ੍ਹੀ ਸੁਰਤ ਆਈ ਹੈ ਕਿ ਬੇਗਾਨਿਆ ਦੀਆਂ ਵਿਸਾਖੀਆ ਤੇ ਕੌਮੀ ਮੰਜਿ਼ਲਾਂ ਅਤੇ ਨਿਸ਼ਾਨਿਆ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।ਇਹ ਤਾਂ “ਸਭ ਕੁਝ ਲੁਟਾਕੇ, ਹੋਸ ਮੇ ਆਏ ਤੋ ਕਿਆ ਆਏ” ਦੀ ਕਹਾਵਤ ਇਹਨਾਂ ਬਾਦਲ ਦਲੀਆਂ ਉਤੇ ਪੂਰੀ ਢੁਕਦੀ ਹੈ । ਹੁਣ ਇਹਨਾਂ ਦੀ ਸਿਆਸੀ ਬੇੜੀ ਮੰਝਧਾਰ ਵਿਚ ਡਿੱਕ-ਡੋਲੇ ਖਾ ਰਹੀ ਹੈ ਅਤੇ ਇਹਨਾਂ ਨੂੰ ਕੁਝ ਨਹੀਂ ਸੁਝ ਰਿਹਾ ਕਿ ਇਸ ਸਿਆਸੀ ਘੁੰਮਣਘੇਰੀ ਅਤੇ 99 ਦੇ ਚੱਕਰ ਵਿਚੋ ਕਿਵੇ ਬਾਹਰ ਨਿਕਲਿਆ ਜਾਵੇ । ਇਹਨਾਂ ਕੋਲ ਹੁਣ ਕੋਈ ਉਪਾਅ ਨਹੀ ਬਚਿਆ ਕਿ ਇਸ ਬੀਮਾਰੀ ਤੋ ਦੂਰ ਹੋ ਸਕਣ । ਜਦੋ ਕਿਸੇ ਬੀਮਾਰ ਦੀ ਹਾਲਤ ਅਜਿਹੀ ਬਣ ਜਾਂਦੀ ਹੈ ਤਾਂ ਅਜਿਹੀ ਬੀਮਾਰੀ ਦਾ ਇਲਾਜ ਤਾਂ ਉਸ ਬੀਮਾਰੀ ਦੇ ਵਿਸ਼ੇਸ਼ਕ ਡਾਕਟਰ ਹੀ ਕਰ ਸਕਦਾ ਹੈ । ਜੇਕਰ ਅੱਜ ਇਹਨਾਂ ਦੀ ਆਤਮਾ ਨੂੰ ਕੁਝ ਝੰਜੋੜਾ ਪਿਆ ਹੈ ਤਾਂ ਇਹ ਵੀ ਦੇਰ ਆਏ ਦਰੁਸਤ ਆਏ ਅਨੁਸਾਰ ਇਹਨਾਂ ਦੀ ਮਰੀ ਹੋਈ ਆਤਮਾ ਕੁਝ ਜਾਗੀ ਹੈ ਤਾਂ ਇਹਨਾਂ ਨੂੰ ਆਪਣੀ ਇਸ ਸਿਆਸੀ ਮੌਤ ਵੱਲ ਵੱਧਦੀ ਜਾ ਰਹੀ ਬੀਮਾਰੀ ਦਾ ਖਾਤਮਾ ਕਰਨ ਲਈ ਸਾਡੇ ਕੋਲ ਆਉਣਾ ਪਵੇਗਾ । ਕਿਉਂਕਿ ਕੌਮੀ ਵੱਡਮੁੱਲੀ ਸੋਚ ਅਤੇ ਅਣਖ਼ੀਲੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰੂਪੀ ਵਿਸੇ਼ਸ਼ਕ ਡਾਕਟਰ ਤੋ ਬਿਨ੍ਹਾਂ ਹੁਣ ਇਹਨਾਂ ਨੂੰ ਫਿਰਕੂ ਬੀਜੇਪੀ ਅਤੇ ਆਰ.ਐਸ.ਐਸ. ਦੀਆਂ ਲੱਗੀਆਂ ਖ਼ਤਰਨਾਕ ਬੀਮਾਰੀਆਂ ਤੋ ਕੋਈ ਛੁਟਕਾਰਾ ਨਹੀਂ ਦਿਵਾ ਸਕਦਾ । ਇਸ ਲਈ ਜੇਕਰ ਇਹਨਾਂ ਨੂੰ ਆਪਣੀਆਂ ਬੀਤੇ ਸਮੇਂ ਦੀਆਂ ਗਲਤੀਆਂ, ਕੌਮ ਨਾਲ ਕੀਤੇ ਗਏ ਧੋਖਿਆ, ਫਰੇਬਾਂ ਦਾ ਅੱਜ ਅਹਿਸਾਸ ਹੋ ਗਿਆ ਹੈ ਤਾਂ ਇਹਨਾਂ ਨੂੰ ਇਹਨਾਂ ਬੀਮਾਰੀਆਂ ਦੇ ਇਲਾਜ ਵਾਲੇ ਡਾਕਟਰ ਦੀ ਵੀ ਪਹਿਚਾਣ ਕਰਨੀ ਹੋਵੇਗੀ ਅਤੇ ਬੀਜੇਪੀ, ਆਰ.ਐਸ.ਐਸ. ਵਰਗੇ ਸਿੱਖ ਕੌਮ ਨੂੰ ਲੱਗੇ ਦੀਮਕਾਂ ਦਾ ਇਮਾਨਦਾਰੀ ਨਾਲ ਖ਼ਾਤਮਾ ਕਰਨ ਵਿਚ ਯੋਗਦਾਨ ਪਾ ਕੇ “ਕੌਮੀ ਵਹਿੜੇ ਅਤੇ ਕੌਮੀ ਨਿਸ਼ਾਨੇ” ਖ਼ਾਲਿਸਤਾਨ ਉਤੇ ਦ੍ਰਿੜਤਾ ਨਾਲ ਖੜ੍ਹਨਾ ਪਵੇਗਾ । ਇਹ ਇੰਨਜੈਕਸ਼ਨ ਅਤੇ ਖ਼ਾਲਿਸਤਾਨ ਦੀ ਇਹਨਾਂ ਨੂੰ ਕੋੜੀ ਲੱਗਦੀ ਦੀਵਾਈ ਹੀ ਇਹਨਾਂ ਦੇ ਦੀਰਘ ਰੋਗਾਂ ਦਾ ਅੰਤ ਵੀ ਕਰੇਗੀ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਉਤੇ ਸਥਾਪਿਤ ਕਰਨ ਵਿਚ ਭੂਮਿਕਾ ਨਿਭਾਏਗੀ।