ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਮਾਨਤਾ ਪ੍ਰਾਪਤ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਵੱਲੋਂ ਪੰਜਵੇਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਜਥੇਬੰਦੀ ਦੇ ਵਿੱਚ ਜਿਆਦਾਤਰ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਭਾਰੀ ਉਤਸ਼ਾਹ ਨਾ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ । ਇਹ ਕੈਂਪ ਐਗਰੀਕਲਚਰਲ ਕਾਲਜ ਦੇ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਲਗਾਇਆ ਗਿਆ।ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਸਾਬਕਾ ਐਡੀਟਰ ਪੰਜਾਬੀ ਅਤੇ ਸਾਹਿਤਕ ਦੁਨੀਆਂ ਦੀ ਉਘੀ ਸ਼ਖਸੀਅਤ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਵਿਦਿਆਰਥੀਆਂ ਦੇ ਇਸ ਸੁਚਾਰੂ ਉਦਮ ਦੀ ਸ਼ਲਾਘਾ ਕਰਦਿਆਂ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ । ਇਸ ਨਾਲ ਅਸੀਂ ਇਕ ਮਨੁੱਖ ਨੂੰ ਜ਼ਿੰਦਗੀ ਬਖਸ਼ ਸਕਦੇ ਹਾਂ । ਉਹਨਾਂ ਕਿਹਾ ਕਿ ਸਾਨੂੰ ਅਜਿਹੇ ਕਰਮਾਂ ਦੇ ਲਈ ਸਾਂਝੇ ਤੌਰ ਤੇ ਅੱਗੇ ਆਉਣਾ ਚਾਹੀਦਾ ਹੈ । ਉਹਨਾਂ ਵਿਦਿਆਰੀਆਂ ਦੇ ਇਸ ਜ਼ਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਨਵੀਂ ਪੀੜ੍ਹੀ ਦੇ ਲਈ ਇਕ ਪ੍ਰੇਰਨਾ ਸ੍ਰੋਤ ਹਨ । ਇਹਨਾਂ ਵਿਦਿਆਰਥੀਆਂ ਨੇ ਆਪਣੀ ਊਰਜਾ ਨੂੰ ਸਮਾਜ ਭਲਾਈ ਦੇ ਕੰਮ ਵਿੱਚ ਲਾ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ ।
ਜਥੇਬੰਦੀ ਦੇ ਪ੍ਰਧਾਨ ਵਿਦਿਆਰਥੀ ਗੁਰਸ਼ਮਿੰਦਰ ਸਿੰਘ ਨੇ ਦੱਸਿਆ ਇਸ ਸੰਸਥਾ ਵੱਲੋਂ ਪਹਿਲਾ ਪੰਜ ਥਲਸੀਮੀਆਂ ਬਿਮਾਰੀ ਤੋਂ ਗ੍ਰਸਤ ਬੱਚਿਆਂ ਨੂੰ ਇਲਾਜ ਲਈ ਪਿਛਲੇ ਕਾਫ਼ੀ ਸਮੇਂ ਤੋਂ ਚੁਣਿਆ ਸੀ ਹੁਣ ਇਹਨਾਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ ਇਹਨਾਂ ਬੱਚਿਆਂ ਨੂੰ ਨਿਰੰਤਰ ਲੋੜੀਂਦਾ ਖੂਨ ਸੰਸਥਾ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ 250 ਯੂਨਿਟ ਬਲੱਡ ਦੇ ਇਕੱਠੇ ਕੀਤੇ ਗਏ । ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਾਂਝੇ ਉਦਮ ਦੇ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹਨ ਅਤੇ ਇਹ ਕੈਂਪ ਲੜੀ ਵਿੱਚ ਪੰਜਵਾਂ ਕੈਂਪ ਹੈ । ਇਸ ਕੈਂਪ ਦੇ ਵਿੱਚ ਵਿਸ਼ੇਸ ਤੌਰ ਤੇ ਦਇਆਨੰਦ ਮੈਡੀਕਲ ਕਾਲਜ ਅਤੇ ਕ੍ਰਿਸ਼ਚਨ ਮੈਡੀਕਲ ਕਾਲਜ ਦੀ ਟੀਮ ਨੇ ਭਾਗ ਲਿਆ।
ਇਸ ਮੌਕੇ ਵਿਸ਼ੇਸ ਤੌਰ ਤੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਚੰਦਰ ਮੋਹਨ, ਯੂਨੀਵਰਸਿਟੀ ਦੇ ਸਾਬਕਾ ਅਪਰ ਨਿਰਦੇਸ਼ਕ ਖੋਜ ਡਾ. ਅਸ਼ੋਕ ਧਵਨ, ਡਾ. ਹਰਮੀਤ ਸਿੰਘ ਸਰਲਾਚ ਵੀ ਸ਼ਾਮਲ ਸਨ ।