ਨਵੀਂ ਦਿੱਲੀ :- ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਬਦਲ ਕੇ ਗੁਰੂ ਗੋਬਿੰਦ ਸਿੰਘ ਰੋਡ ਕਰਵਾਉਣ ਵਾਸਤੇ ਜੱਦੋਜਹਿਦ ਕਰ ਰਹੇ ਸਮਾਜਕ ਕਾਰਕੁੰਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਮਸਲੇ ਵਿਚ ਸਹਿਯੋਗ ਮੰਗਿਆ ਹੈ। ਦਿੱਲੀ ਕਮੇਟੀ ਅੰਤ੍ਰਿੰਗ ਬੋਰਡ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਦੇ ਨਾਲ ਆਏ ਸਮਾਜਿਕ ਕਾਰਕੁੰਨ ਸੁਨੀਲ ਮੱਗੋ ਅਤੇ ਹਰੀਸ਼ ਸਰਮਾ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਔਰੰਗਜੇਬ ਰੋਡ ਦਾ ਨਾਂ ਗੁਰੂ ਗੋਬਿੰਦ ਸਿੰਘ ਰੋਡ ਕਰਨ ਵਾਸਤੇ ਸਥਾਨਿਕ ਐਜੰਸੀਆਂ ਨਾਲ ਇਸ ਮਸਲੇ ਤੇ ਕੀਤੀ ਗਈ ਗੋਲਬੰਦੀ ਬਾਰੇ ਜਾਣੂੰ ਕਰਵਾਇਆ।
ਔਰੰਗਜੇਬ ਵੱਲੋਂ ਹਿੰਦੂ ਅਤੇ ਸਿੱਖਾਂ ਤੇ ਆਪਣੇ ਰਾਜ ਦੌਰਾਨ ਕੀਤੀ ਗਈ ਤਸ਼ਦੱਤ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਗਈ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਪੇਸ਼ ਕੀਤੀ ਗਈ ਚੁਨੌਤੀ ਨੂੰ ਵੀ ਇਨ੍ਹਾਂ ਕਾਰਕੂੰਨਾਂ ਵੱਲੋਂ ਦਿੱਲੀ ਕਮੇਟੀ ਨੂੰ ਦਿੱਤੇ ਗਏ ਮੰਗ ਪੱਤਰ ‘ਚ ਯਾਦ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਰੋਡ ਦਾ ਨਾਂ ਰੱਖਣ ਨੂੰ ਅਤਿ ਜ਼ਰੂਰੀ ਦੱਸਦੇ ਹੋਏ ਇਨ੍ਹਾਂ ਕਾਰਕੂੰਨਾਂ ਵੱਲੋਂ ਇਸ ਸਬੰਧ ‘ਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ, ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਅਤੇ ਐਨ.ਡੀ.ਐਮ.ਸੀ. ਦੇ ਚੇਅਰਮੈਨ ਨੂੰ ਭੇਜੀ ਗਈਆਂ ਚਿੱਠੀਆਂ ਦਾ ਵੀ ਉਤਾਰਾ ਸੌਂਪਿਆ ਗਿਆ। ਜੀ.ਕੇ. ਨੇ ਉਕਤ ਕਾਰਕੂੰਨਾਂ ਵੱਲੋਂ ਕੀਤੀ ਜਾ ਰਹੀ ਜੱਦੋਜਹਿਦ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਪੁਰਣ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋ-ਚੇਅਰਮੈਨ ਵਿਕ੍ਰਮ ਸਿੰਘ ਮੌਜੂਦ ਸਨ।