ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਵੱਲੋਂ ਕੀਤੇ ਗਏ ਸਖਤ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਤੋਂ ਪਹਿਲਾਂ ਕਸ਼ਮੀਰੀ ਵੱਖਵਾਦੀਆਂ ਨੂੰ ਵਿਸ਼ਵਾਸ਼ ਵਿੱਚ ਲੈਣ ਲਈ ਉਨ੍ਹਾਂ ਨਾਲ ਗੱਲਬਾਤ ਕਰੇਗਾ।
ਨਵਾਜ਼ ਸ਼ਰੀਫ਼ ਨੇ ਪਾਕਿਸਤਾਨ ਵਿੱਚਲੇ ਕਸ਼ਮੀਰ ਦੀ ਰਾਜਧਾਨੀ ਮੁਜਫਰਾਬਾਦ ਵਿੱਚ ਕਸ਼ਮੀਰ ਪ੍ਰੀਸ਼ਦ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ ਇਹ ਸਾਡਾ ਮੂਲ ਵਿਸ਼ਵਾਸ਼ ਹੈ ਕਿ ਕਸ਼ਮੀਰ ਮੁੱਦਾ ਗੱਲਬਾਤ ਦੁਆਰਾ ਹਲ ਹੋਣਾ ਚਾਹੀਦਾ। ਮੇਰੀ ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ ਪਰ ਉਨ੍ਹਾਂ ਨੇ ਵਿਦੇਸ਼ ਸਕੱਤਰਾਂ ਦੇ ਦਰਮਿਆਨ ਪ੍ਰਸਤਾਵਿਤ ਗੱਲਬਾਤ ਰੱਦ ਕਰ ਦਿੱਤੀ।’
ਪਾਕਿਸਤਾਨੀ ਪ੍ਰਧਾਨਮੰਤਰੀ ਨੇ ਕਿਹਾ, ‘ਭਾਰਤ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸਾਂ ਕਸ਼ਮੀਰੀ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨ ਦਾ ਫੈਂਸਲਾ ਕੀਤਾ ਹੈ।’ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਮੁਜ਼ਫਰਾਬਾਦ ਵਿੱਚ 3710.557 ਕਰੋੜ ਨਾਲ ਤਿਆਰ ਇੱਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਸ਼ਰੀਫ਼ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਕਸ਼ਮੀਰ ਮੁੱਦੇ ਦੇ ਹਲ ਲਈ ਗੱਲਬਾਤ ਸ਼ੁਰੂ ਕਰਨ ਲਈ ਭਾਰਤ ਤੇ ਦਬਾਅ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ।