ਤਲਵੰਡੀ ਸਾਬੋ : ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਸ਼ਾਨਦਾਰ ਅਧਿਆਏ ਜੋੜਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਛਿਮਾਹੀ ਮੈਗਜ਼ੀਨ ‘ਬਿਜਨੈੱਸ ਮੈਨੇਜਮੈਂਟ’ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਪਹਿਲੇ ਅੰਕ ਵਿਚ ਪ੍ਰਬੰਧਕੀ ਵਿਸ਼ਿਆਂ ਨਾਲ ਸੰਬੰਧਤ ਰਿਸਰਚ ਆਰਟੀਕਲ ਅੰਕਿਤ ਹਨ। ਬਿਜਨੈੱਸ ਮੈਨੇਜਮੈਂਟ ਨਾਲ ਜੁੜੇ ਹੋਏ ਵੱਖ-ਵੱਖ ਅਦਾਰਿਆਂ ਦੇ ਮਾਹਰਾਂ ਵੱਲੋਂ ਲਿਖੇ ਪਰਚਿਆਂ ਦੀ ਸ਼ਮੂਲੀਅਤ ਇਸ ਵਿਚ ਕੀਤੀ ਗਈ ਹੈ।
ਯੂਨੀਵਰਸਿਟੀ ਕਾਲਜ ਆੱਫ਼ ਕਾੱਮਰਸ ਐਂਡ ਮੈਨੇਜਮੈਂਟ ਦੇ ਡੀਨ ਡਾ. ਅਮਨਦੀਪ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਸਮੁੱਚੀ ਸੰਪਾਦਕੀ ਟੀਮ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਅਗਲੇ ਅੰਕਾਂ ਵਿਚ ਵਪਾਰ ਪ੍ਰਬੰਧਨ ਨਾਲ ਜੁੜੇ ਸਾਰੇ ਉਸਾਰੂ ਮਸਲਿਆਂ ਨੂੰ ਪ੍ਰਕਾਸ਼ਤ ਕੀਤਾ ਜਾਵੇਗਾ, ਜਿਸ ਵਿਚ ਉੱਦਮੀ, ਸਾਂਝੇਦਾਰੀ ਅਤੇ ਗੁੰਝਲਦਾਰ ਵਪਾਰ ਆਦਿਕ ਵਿਸ਼ਿਆਂ ਨੂੰ ਟੁੰਬਿਆ ਜਾਵੇਗਾ। ਨਾਲ ਹੀ ਉਨ੍ਹਾਂ ਹਥਲੇ ਅੰਕ ਵਿਚ ਸ਼ਾਮਲ ਕੀਤੀਆਂ ਰਚਨਾਵਾਂ ਦੇ ਲੇਖਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੈਨੇਜਮੈਂਟ ਕਾਲਜ ਦੇ ਡੀਨ ਡਾ. ਅਮਨਦੀਪ ਸਿੰਘ ਅਤੇ ਸਮੁੱਚੀ ਸੰਪਾਦਕੀ ਟੀਮ ਨੂੰ ਇਸ ਉੱਦਮ ਸਬੰਧੀ ਵਧਾਈ ਦਿੱਤੀ ਅਤੇ ਉਨ੍ਹਾਂ ਇਹ ਆਸ ਵੀ ਪ੍ਰਗਟ ਕੀਤੀ ਕਿ ਨੇੜਲੇ ਭਵਿੱਖ ਵਿਚ ਇਸ ਮੈਗਜ਼ੀਨ ਦੀ ਵਧਦੀ ਹੋਈ ਪਹੁੰਚ ਬੁਲੰਦੀਆਂ ਨੂੰ ਛੂਹੇਗੀ। ਉਨ੍ਹਾਂ ਹੋਰ ਕਿਹਾ ਕਿ ਯਕੀਨਨ ਹੀ, ਇਹ ਮੈਗਜ਼ੀਨ ਬਿਜਨੈੱਸ ਮੈਨੇਜਮੈਂਟ ਦੇ ਉੱਚ-ਵਿੱਦਿਆ ਅਤੇ ਖੋਜ ਨਾਲ ਸੰਬੰਧਤ ਵਿਦਿਆਰਥੀਆਂ ਲਈ ਲਾਭਕਾਰੀ ਸਿੱਧ ਹੋਵੇਗਾ। ਵਪਾਰਕ ਖੇਤਰ ਨਾਲ ਸੰਬੰਧਤ ਰੁਚੀਆਂ ਅਤੇ ਨਵੀਆਂ ਤਕਨੀਕਾਂ ਇਸ ਮੈਗਜ਼ੀਨ ਲਈ ਪਸਾਰ ਦਾ ਕੰਮ ਕਰਨਗੀਆਂ।
ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ, ਡੀਨ ਅਕਾਦਮਿਕ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਰਜਿਸਟਰਾਰ ਸਤੀਸ਼ ਗੋਸਵਾਮੀ, ਡੀਨ ਰਿਸਰਚ ਡਾ. ਰਾਜ ਕੁਮਾਰ ਬਾਂਸਲ ਅਤੇ ਪ੍ਰੋ. ਗੁਰਬੀਰ ਸਿੰਘ ਹਾਜ਼ਰ ਸਨ।