ਨਵੀਂ ਦਿੱਲੀ :-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗੁਵਾਈ ਹੇਠ ਇਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਭਖਦੇ ਪੰਥਕ ਮਸਲਿਆਂ ਤੇ ਅੱਜ ਵਿਚਾਰ ਚਰਚਾ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਵਫਦ ‘ਚ ਹਿੱਸਾ ਲੈਂਦੇ ਹੋਏ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਸਿੱਖਾਂ ਦੀਆਂ ਮੰਗਾਂ ਨੂੰ ਸਿਲਸਿਲੇ ਵਾਰ ਢੰਗ ਨਾਲ ਪੇਸ਼ ਕਰਦੇ ਹੋਏ ਇਨ੍ਹਾਂ ਮੰਗਾਂ ਦੇ ਸਬੰਧ ‘ਚ ਉਸਾਰੂ ਹਲ ਕਢੱਣ ਦੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਅੱਗੇ ਜਿਨ੍ਹਾਂ ਮੁਦਿਆਂ ਨੂੰ ਰੱਖਿਆਂ ਗਿਆ ਉਸ ਵਿਚ ਮੁੱਖ ਹਨ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਤਾਕਤਵਰ ਐਸ.ਆਈ.ਟੀ. ਬਨਾਉਣਾ, 1992 ਤੋਂ ਸਜੱਣ ਕੁਮਾਰ ਦੇ ਖਿਲਾਫ 22 ਸਾਲ ਤੋਂ ਦਾਖਿਲ ਨਾ ਕੀਤੀ ਗਈ ਚਾਰਜ ਸ਼ੀਟ ਨੂੰ ਦਿੱਲੀ ਪੁਲਿਸ ਵੱਲੋਂ ਅਦਾਲਤ ‘ਚ ਦਾਖਿਲ ਕਰਵਾਉਣਾ, ਪੀੜਿਤਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣਾ ਅਤੇ ਪਰਿਵਾਰਾਂ ਦਾ ਮੁੜ ਵਸੇਬਾ, ਪੀੜਿਤਾਂ ਨੂੰ ਬਿਜਲੀ ਪਾਣੀ ਮੁਫ਼ਤ ਦੇਨਾ, ਬੀਤੇ ਦਿਨੀ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਬਿਆਨ ਤੇ ਪੈਦਾ ਹੋਈ ਦੁਵਿਧਾ ਨੂੰ ਦੂਰ ਕਰਨਾ, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਵਾਸਤੇ ਅਕਾਲੀ ਦਲ ਵੱਲੋਂ ਚੁੱਕੀ ਜਾ ਰਹੀ ਪੁਰਾਣੀ ਮੰਗ ਨੂੰ ਸਿਰੇ ਚੜਾਉਣਾ, ਕਾਲੀ ਸੁਚੀ ‘ਚ ਸ਼ਾਮਿਲ ਲੋਕਾਂ ਨੂੰ ਜਿਨ੍ਹਾਂ ਦੇ ਖਿਲਾਫ ਗੰਭੀਰ ਦੋਸ਼ ਨਹੀਂ ਹਨ ਨੂੰ ਤੁਰੰਤ ਵਤਨ ਪਰਤਨ ਦੀ ਇਜਾਜ਼ਤ ਦੇਣਾ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਸੁੁੱਰਖਿਆ ਬਾਰੇ ਮੁੜ ਤੋਂ ਵਿਚਾਰ ਕਰਨਾ ਅਤੇ ਵੱਖ-ਵੱਖ ਜਾਂਚ ਕਮੀਸ਼ਨਾਂ ਦੀ ਜਾਂਚ ਦੌਰਾਨ ਸਾਹਮਣੇ ਆਏ ਲਾਪਰਵਾਹੀ ਵਰਤਣ ਵਾਲੇ ਲਗਭਗ 300 ਸਰਕਾਰੀ ਮੁਲਾਜ਼ਿਮਾ ਦੇ ਕਾਰਜਾਂ ਦੀ ਮੁੜ ਤੋਂ ਜਾਂਚ ਕਰਵਾਕੇ ਫਾਸਟਟ੍ਰੈਕ ਅਦਾਲਤਾਂ ‘ਚ ਉਨ੍ਹਾਂ ਨੂੰ ਸਜ਼ਾ ਦਿਵਾਉਣਾ।
ਸਿਰਸਾ ਨੇ ਦਾਅਵਾ ਕੀਤਾ ਕਿ ਇਸ ਮੀਟਿੰਗ ਦੌਰਾਨ ਰਾਜਨਾਥ ਸਿੰਘ ਵੱਲੋਂ ਗ੍ਰਹਿ ਸਕੱਤਰ ਨੂੰ ਇਨ੍ਹਾਂ ਮਸਲਿਆਂ ਤੇ ਪਹਿਲ ਦੇ ਅਧਾਰ ਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ। ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਮਸਲਿਆਂ ਬਾਰੇ ਕਾਂਗਰਸ ਸਰਕਾਰ ਦੇ ਖਿਲਾਫ ਸੰਸਦ ਤੋਂ ਲੈਕੇ ਸੜਕ ਤੱਕ ਲੜੀ ਗਈ ਲੜਾਈ ਬਾਰੇ ਵੀ ਜਾਣੂੰ ਕਰਵਾਉਂਦੇ ਹੋਏ ਵਫਦ ਵੱਲੋਂ ਸਿੱਖਾਂ ਦੀਆਂ ਐਨ.ਡੀ.ਏ. ਸਰਕਾਰ ਦੇ ਰਾਜ ‘ਚ ਆਉਣ ਤੋਂ ਵੱਡੀਆਂ ਉਮੀਦਾ ਜਾਗਣ ਦਾ ਵੀ ਹਵਾਲਾ ਰਾਜਨਾਥ ਸਿੰਘ ਨੂੰ ਦਿੱਤਾ ਗਿਆ।