ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ  ਬਨੇਰੇ ਵਿਚ 30 ਅਗਸਤ 1861 ਈਂ ਨੂੰ ਹੋਇਆ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ¦ਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ ‘ਡੇਰਾ ਬਾਬਾ ਅਜਪਾਲ ਸਿੰਘ’ ਵਿਖੇ ਰਹਿਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ। ਇੱਥੇ ਹੀ ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਉਸ ਮੌਕੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿਘੰ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ ’ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ। ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ। ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ। ਲਾਹੌਰ ਵਿਖੇ ਓਰੀਐਂਟਲ ਕਾਲਿਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੁਚੱਜੀ ਸੰਗਤ ਵਿਚ ਰਹਿੰਦਿਆਂ, ਆਪ ਦੀ ਰੁਚੀ ਸਮਾਜ ਸੁਧਾਰ ਅਤੇ ਧਰਮ ਅਧਿਐਨ ਲਈ ਹੋਰ ਪਰਿਪੱਕ ਹੋਈ।

ਜਵਾਨੀ ਦੀ ਉਮਰੇ ਵਿਦਿਆ ਦੇ ਸਾਗਰ ਬਣਕੇ ਜਦੋਂ ਭਾਈ ਸਾਹਿਬ ,ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪਦੀ ਸੂਝ ਤੇ ਵਿਦਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਕਾਨ੍ਹ ਸਿੰਘ ਨੂੰ ਆਪਣਾ ਮੁਸਾਹਿਬ ਬਣਾ ਲਿਆ ਤੇ ਬਾਅਦ ਵਿੱਚ ਆਪ ਨੇ ਰਾਜਕੁਮਾਰ ਰਿਪੁਦਮਨ ਸਿੰਘ ਦਾ ਨਿਗਰਾਨ ਤੇ ਅਧਿਆਪਕ ਵੀ ਨਿਯੁਕਤ ਕੀਤਾ। ਆਪਣੀ ਵਿਦਵਤਾ ਦੇ ਜਾਦੂ ਨਾਲ ਭਾਈ ਸਾਹਿਬ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉ¤ਚ ਅਹੁਦਿਆਂ ਤੇ ਰਹਿੰਦਿਆਂ ਨਾਲੋਂ ਨਾਲ ਸਾਹਿਤ ਸਿਰਜਨਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ। ਭਾਈ ਕਾਨ੍ਹ ਸਿੰਘ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਅਤੇ ਭਾਈ ਸਾਹਿਬ ਦੀ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਆਪੋ ਆਪਣਾ ਯੋਗਦਾਨ ਪਾਇਆ।

ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ’ਚ ਲਿਖੇ ਗ੍ਰੰਥ ‘ਰਾਜ ਧਰਮ’ (1884 ਈ.) ਤੋਂ ਆਪ ਦਾ ਸਾਹਿੱਤਕ ਸਫ਼ਰ ਆਰੰਭ ਹੋਇਆ।  ਟੀਕਾ ਜੈਮਨੀ ਅਸਵਮੇਧ, ਨਾਨਕ ਭਾਵਾਰਥ ਦੀਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁਝ ਹੋਰ ਮਹੱਤਵਪੂਰਣ ਰਚਨਾਵਾਂ ਹਨ। ਉਸ ਵੇਲੇ ਦੀ ਜਾਗ੍ਰਿਤ ਸਿੱਖ ਚੇਤਨਾ ਦੇ ਪ੍ਰਭਾਵ ਅਧੀਨ ਆਪ ਦੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਸਿੱਖੀ ਦੀ ਨਿਰੋਲਤਾ  ਜਾਂ ਇਸਦੀ ਸੁਤੰਤਰ ਸਖਸ਼ੀਅਤ ਨੂੰ ਉਜਾਗਰ ਕੀਤਾ ਜਾਵੇ। ਸਿੱਖ ਧਰਮ ਦੀਆਂ ਸਾਰੀਆਂ ਰੀਤੀਆਂ ਇਕਸਾਰ ਹੋਣ, ਸਿੱਖ ਧਰਮ ਤੇ ਇਤਿਹਾਸ ਨੂੰ ਵਹਿਮਾਂ ਭਰਮਾਂ ਤੋਂ ਨਿਖੇੜਿਆ ਜਾਵੇ ਅਤੇ ਸਿੱਖ ਧਰਮ ਦੀਆਂ ਪੁਸਤਕਾਂ ਤਤਕਾਲੀ ਮਿਆਰਾਂ ਤੇ ਪੂਰੀਆਂ ਉਤਰਨ ਵਾਲੀਆ ਹੋਣ ਆਦਿ, ਸਿਧਾਂਤਕ ਸਮੱਸਿਆਵਾਂ ਦੇ ਹੱਲ ਲਈ ਆਪ ਨੇ ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ। ਜਿਸ ਸਦਕਾ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਵਿਦਵਾਨ ਆਪ ਦੇ ਬੇਹੱਦ ਕਦਰਦਾਨ ਬਣ ਚੁੱਕੇ ਸਨ।

ਨਾਭਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜਿਆਂ ਨੂੰ ਮਿਟਾਉਣ ਲਈ ਭਾਈ ਕਾਨ੍ਹ ਸਿੰਘ ਜੀਵਨ ਭਰ ਯਤਨਸ਼ੀਲ ਰਹੇ। ਮਹਾਰਾਜਾ ਹੀਰਾ ਸਿੰਘ ਨੇ ਆਪ ਦਾ  ਨਾਮ ਨੀਤੀ ਜੀ ਰੱਖਿਆ ਹੋਇਆ ਸੀ। ਉਸ ਸਮੇਂ ਦੇ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਆਪ ਦੀ ਸੂਝ-ਬੂਝ ਅਤੇ ਵਫ਼ਾਦਾਰੀ ਦੇ ਬੇਹੱਦ ਕਦਰਦਾਨ ਅਤੇ ਆਪਦੇ ਪਰਮ ਮਿੱਤਰ ਸਨ। ਮਿਸਟਰ ਮੈਕਸ ਆਰਥਰ ਮੈਕਾਲਫ਼ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿੱਖ ਰਿਲੀਜਨ’ ਵਰਗਾ ਅੰਗਰੇਜ਼ੀ ਭਾਸ਼ਾ ’ਚ ਅਨੁਪਮ ਗ੍ਰੰਥ ਲਿਖਾਉਣਾ ਆਪ ਦੀ ਸੁਯੋਗਤਾ ਸੀ।

ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਆਪ ਨੇ ਉਮਰ ਭਰ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ। ਭਾਈ ਸਾਹਿਬ ਵੱਲੋਂ ਸੰਪਾਦਿਤ ਕੋਸ਼ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਨਾਲ ਜਿਥੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ, ਉਥੇ ‘ਗੁਰਛੰਦ ਦਿਵਾਕਰ’ ਤੇ ਗੁਰੁਸ਼ਬਦਾ¦ਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਆਪ ਮਹਾਨ ਛੰਦ ਸ਼ਾਸਤਰੀ ਅਤੇ ਅ¦ਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ। ਆਪਣੀ ਜੀਵਨ ਭਰ ਦੀ ਤਪੱਸਿਆ ਦਾ ਫਲ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਕਰਕੇ ਇਹ ਸਿੱਧ ਕੀਤਾ ਕਿ ਮਾਂ ਬੋਲੀ ਪੰਜਾਬੀ ਵਿਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦੈ। ਪੰਜਾਬੀ ਸਾਹਿਤ ਪ੍ਰੇਮੀਆ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸ ਲਾਸ਼ਾਨੀ ਕੋਸ਼ ਦਾ ਅੰਗਰੇਜ਼ੀ ਭਾਸ਼ਾ ‘ਚ ਉਲਥਾ ਕੀਤਾ ਗਿਆ ਹੈ। ਪੰਜਾਬੀ ਸੇਵੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਸੁਚੱਜੇ ਉੱਦਮ ਸਦਕਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਨ ਕੋਸ਼ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਵੀ ਉੱਤਮ ਢੰਗ ਨਾਲ ਛਾਪਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਖ ਸਿਧਾਤਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਭਾਈ ਕਾਨ੍ਹ ਸਿੰਘ ਨਾਭਾ ਦੀ ਇਕ ਹੋਰ ਉੱਤਮ ਰਚਨਾ ‘ਗੁਰੁਮਤ ਮਾਰਤੰਡ’ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਹਿੰਦੀ ਭਾਸ਼ਾ ‘ਚ ਛਾਪੀ ਜਾ ਰਹੀ ਹੈ। ਜੀਵਨ ਭਰ ਮਾਂ ਬੋਲੀ ਪੰਜਾਬੀ ਦੀ ਅਥਾਹ ਸੇਵਾ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਰਵਪੱਖੀ ਵਿਦਵਤਾ ਅਤੇ ਸਰਬਾਂਗੀ ਸਖਸ਼ੀਅਤ ਕਰਕੇ ਸਿੱਖ ਕੌਮ ਵਿੱਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਆਪ 23 ਨਵੰਬਰ 1938 ਈ. ਦੇ ਦਿਨ ਨਾਭੇ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਅੱਜ ਜ਼ਰੂਰਤ ਹੈ ਕਿ ਉਨ੍ਹਾਂ ਵੱਲੋਂ ਸੰਚਿਤ ਕੀਤੀ ਵਿਦਿਆ ਨਾਲ ਨਵੀਂ ਪਨੀਰੀ ਨੂੰ ਵੱਧ ਤੋਂ ਵੱਧ ਜੋੜਿਆ ਜਾਵ, ਤਾਂ ਜੋ ਉਨ੍ਹਾਂ ਵੱਲੋਂ ਆਰੰਭ ਪੰਜਾਬ ਅੰਦਰ ਸ਼ਬਦ ਚਿਤੰਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>