ਨਵੀਂ ਦਿੱਲੀ :- ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੱਕੀ ਸਰਕਾਰੀ ਛੁੱਟੀ ਕਰਨ ਅਤੇ ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਗੁਰੂ ਸਾਹਿਬ ਜੀ ਦੇ ਨਾਂ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੌਦੀ ਨੂੰ ਪੱਤਰ ਰਾਹੀ ਤਜਵੀਜ਼ ਦਿੱਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਪੱਤਰ ‘ਚ ਸੰਸਾਰ ਭਰ ‘ਚ ਵਾਸਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਵੱਲੋਂ ਮਾਨਵਤਾਂ ਦੀ ਰਖਵਾਲੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਨਵੰਬਰ 1675 ‘ਚ ਦਿੱਤੀ ਗਈ ਸ਼ਹੀਦੀ ਨੂੰ ਨਤਮਸਤਕ ਹੋਣ ਵਾਸਤੇ ਔਰੰਗਜੇਬ ਰੋਡ ਦੇ ਨਾਂ ਨੂੰ ਉਨ੍ਹਾਂ ਦੇ ਸ਼ਹੀਦੀ ਪੁਰਬ 24 ਨਵੰਬਰ ਤੋਂ ਪਹਿਲਾਂ ਬਦਲਣ ਦੀ ਮੰਗ ਕੀਤੀ ਹੈ। ਜੀ.ਕੇ. ਨੇ ਸਿੱਖ ਭਾਈਚਾਰੇ ਵੱਲੋਂ ਇਸ ਮਸਲੇ ਤੇ ਸੋਸ਼ਲ ਮੀਡੀਆ ਤੇ ਰੋਡ ਦਾ ਨਾਂ ਬਦਲਣ ਵਾਸਤੇ ਅੱਜ ਤੱਕ 10,000 ਤੋਂ ਵੱਧ ਲੋਕਾਂ ਵੱਲੋਂ ਸਾਈਨ ਕੀਤੀ ਗਈ ਔਨਲਾਈਨ ਪਟਿਸ਼ਨ ਦੀ ਵੀ ਜਾਣਕਾਰੀ ਇਸ ਪੱਤਰ ‘ਚ ਦਿੱਤੀ ਹੈ।
ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਵਰ੍ਹੇ ਵਾਸਤੇ ਪੱਕੀ ਰਾਜ ਪੱਧਰੀ ਛੁੱਟੀ ਐਲਾਨਣ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਕੌਮਾਂਤਰੀ ਭਾਈਚਾਰੇ ਦੀ ਭਾਵਨਾ ਨੂੰ ਦੇਸ਼ ਦੇ ਕੋਨੇ-ਕੋਨੇ ‘ਚ ਪਹੁੰਚਾਉਣ ਦਾ ਸੁਨੇਹਾ ਦੇਣ ਵਾਸਤੇ ਇਸ ਨੂੰ ਅਤਿ ਜ਼ਰੂਰੀ ਦੱਸਿਆ। ਐਨ.ਡੀ.ਏ. ਸਰਕਾਰ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਵਾਸਤੇ ਵੀ ਇਸ ਕਦਮ ਨੂੰ ਲੋੜਿੰਦਾਂ ਦੱਸਿਆ ਗਿਆ ਹੈ। ਗੁਰੂ ਸਾਹਿਬ ਵੱਲੋਂ ਦਿੱਤੀ ਗਈ ਸ਼੍ਰੋਮਣੀ ਸ਼ਹੀਦੀ ਦੇ ਕਾਰਣ ਹੀ ਅੱਜ ਭਾਰਤ ਵਿਖੇ ਸਮਾਜਿਕ ਅਤੇ ਧਾਰਮਿਕ ਅਜ਼ਾਦੀ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਭਾਰਤ ਸਰਕਾਰ ਨੂੰ ਗੁਰੁੂ ਸਾਹਿਬ ਦੀ ਮਹਾਨ ਸ਼ਹੀਦੀ ਨੂੰ ਨਤਮਸਤਕ ਹੋਣ ਵਾਸਤੇ ਇਨ੍ਹਾਂ ਮੰਗਾਂ ਨੂੰ ਮੰਨਣ ਦੀ ਵੀ ਗੱਲ ਆਖੀ ਹੈ।
ਗੁਰੂ ਸਾਹਿਬ ਨੂੰ ਧਾਰਮਿਕ ਸਦਭਾਵਨਾਂ ਦਾ ਪ੍ਰਤੀਕ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਇਕ ਧਰਮ ਨੂੰ ਅਹਿਮੀਅਤ ਦੇਣ ਦੀ ਬਜਾਏ ਸਮੁੂੱਚੀ ਲੁਕਾਈ ਨੂੰ ਕੋੌਮਾਂਤਰੀ ਸ਼ਾਂਤੀ, ਭਾਈਚਾਰੇ ਦਾ ਸੱਦਾ ਦਿੱਤਾ ਸੀ। ਦਿੱਲੀ ਕਮੇਟੀ ਦੇ ਜਨਰਲ ਸੱਕਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਨਿਰਦਈ ਸ਼ਾਸਕ ਦੱਸਦੇ ਹੋਏ ਉਸ ਵੱਲੋਂ ਹਿੰਦੂ, ਸਿੱਖਾਂ ਤੇ ਮੁਸਲਮਾਨ ਭਾਈਚਾਰੇ ਤੇ ਕੀਤੀ ਗਈ ਤਸ਼ਦਦ ਨੂੰ ਯਾਦ ਕਰਦੇ ਹੋਏ ਭਾਰਤ ਦੀ ਧਰਮ ਨਿਰਪੱਖ ਛਵੀ ਵਾਸਤੇ ਰੋਡ ਦੇ ਨਾਂ ਨੂੰ ਬਦਲਣ ਨੂੰ ਜਾਇਜ਼ ਕਰਾਰ ਦਿੱਤਾ ਹੈ।