ਚੰਡੀਗੜ੍ਹ- “ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੋਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ “ਰੱਬ ਦਾ ਦੂਤ” ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੀ ਅਤੇ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀ ਹੈ । ਇਸ ਫਿਲਮ ਵਿਚ ਉਪਰੋਕਤ ਕਾਤਲ ਅਤੇ ਬਲਾਤਕਾਰੀ ਪਾਖੰਡੀ ਸਾਧ ਨੇ ਆਪਣੇ ਆਪ ਨੂੰ ਰੱਬ ਦਾ ਦੂਤ ਅਖ਼ਵਾਕੇ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਚੁਣੋਤੀ ਦਿੱਤੀ ਹੈ । ਅਜਿਹੀ ਫਿਲਮ ਜੋ ਇਥੋ ਦੇ ਨਿਵਾਸੀਆਂ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਵੇ ਅਤੇ ਜਿਸ ਵਿਚ ਕੋਈ ਅਖੋਤੀ ਸਾਧ ਆਪਣੇ ਆਪ ਨੂੰ ਰੱਬ ਦਾ ਵਿਸੇ਼ਸ਼ ਦੂਤ ਅਖ਼ਵਾਉਣ ਦਾ ਸਮਾਜ ਵਿਰੋਧੀ ਪ੍ਰਚਾਰ ਕਰੇ, ਅਜਿਹੀ ਫਿਲਮ ਨੂੰ ਪੰਜਾਬ ਸੂਬੇ ਜਾਂ ਹੋਰਨਾਂ ਸਥਾਨਾਂ ਉਤੇ ਬਿਲਕੁਲ ਵੀ ਰੀਲੀਜ ਨਹੀਂ ਹੋਣ ਦਿੱਤਾ ਜਾਵੇਗਾ । ਕਿਉਂਕਿ ਸਿੱਖ ਕੌਮ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਕਰਦੀ ਹੈ । ਹੋਰ ਕਿਸੇ ਦੇਹਧਾਰੀ, ਪਾਖੰਡੀ ਆਪਣੇ ਆਪ ਨੂੰ ਰੱਬ ਅਖ਼ਵਾਉਣ ਵਾਲੇ ਅਖੋਤੀ ਡੇਰੇਦਾਰਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਦੀ । ਇਸ ਲਈ ਇਸ ਫਿਲਮ ਰਾਹੀ ਸਮਾਜ ਵਿਚ ਨਫ਼ਰਤ ਪੈਦਾ ਕਰਨ ਅਤੇ ਇਥੋ ਦੇ ਨਿਵਾਸੀਆ ਦਾ ਸੋਸਨ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਲੇ ਮਹੀਨੇ ਸਿਰਸੇ ਵਾਲੇ ਸਾਧ ਦੀ ਭੂਮਿਕਾ ਵਾਲੀ ਰੱਬ ਦਾ ਦੂਤ ਫਿਲਮ ਰੀਲੀਜ ਹੋਣ ਦੀਆਂ ਮੀਡੀਏ ਅਤੇ ਅਖ਼ਬਾਰਾਂ ਵਿਚ ਆਈਆ ਖ਼ਬਰਾਂ ਦਾ ਗੰਭੀਰ ਨੋਟਿਸ ਲੈਦੇ ਹੋਏ ਅਤੇ ਸਿੱਖ ਕੌਮ ਨੂੰ ਇਸ ਫਿਲਮ ਵਿਚਲੇ ਗੁੰਮਰਾਹਕੁੰਨ ਪ੍ਰਚਾਰ ਹੋਣ ਤੋ ਰੋਕਣ ਸੰਬੰਧੀ ਆਪਣੀਆ ਰਵਾਇਤਾ ਅਨੁਸਾਰ ਜਿ਼ੰਮੇਵਾਰੀ ਨਿਭਾਉਣ ਲਈ ਅਤੇ ਇਹਨਾਂ ਅਖੋਤੀ ਡੇਰੇਦਾਰਾਂ ਦੀਆਂ ਸਮਾਜ ਵਿਰੋਧੀ ਚੁਣੋਤੀਆਂ ਨੂੰ ਪ੍ਰਵਾਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਾਰਤ ਵੱਖ-ਵੱਖ ਕੌਮਾਂ, ਮੁਸਲਿਮ, ਸਿੱਖ, ਇਸਾਈ ਅਤੇ ਧਰਮਾਂ ਦਾ ਮਨੁੱਖਤਾ ਪੱਖੀ ਸੋਚ ਰੱਖਣ ਵਾਲੀਆ ਕੌਮਾਂ ਦਾ ਮੁਲਕ ਹੈ । ਇਥੇ ਕਿਸੇ ਫਿਲਮ ਜਾਂ ਧਾਰਮਿਕ ਮੁਖੋਟਾ ਪਹਿਨਕੇ ਨਫ਼ਰਤ ਫੈਲਾਉਣਾ ਜਿਥੇ ਗੈਰ ਇਨਸਾਨੀਅਤ ਹੈ, ਉਥੇ ਗੈਰ ਕਾਨੂੰਨੀ ਵੀ ਹੈ । ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਬਲਦੇਵ ਸਿੰਘ ਮੁੱਖੀ ਧਰਮ ਪ੍ਰਚਾਰ ਕਮੇਟੀ ਤੇ ਹੋਰ ਸੰਜ਼ੀਦਾ ਸਿੱਖ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ “ਡੇਰਾਵਾਦ” ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਗ਼ਰੀਬ ਵਰਗ ਨੂੰ ਨਿਘਾਲਣ ਲਈ ਅਜਗਰ ਮੂੰਹ ਅੱਡੀ ਖੜ੍ਹਾ ਹੈ । ਬੀਤੇ ਦਿਨੀ ਦਿੱਲੀ ਵਿਖੇ ਇਕ ਕੱਟੜ ਹਿੰਦੂ ਪੱਖੀ ਸਮਾਗਮ ਵਿਚ ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਅਤੇ ਵਿਸਵ ਹਿੰਦੂ ਪ੍ਰੀਸ਼ਦ ਦੇ ਮੁੱਖੀ ਅਸੋਕ ਸਿੰਗਲ ਵੱਲੋ ਇਹ ਕਹਿਣਾ ਕਿ 800 ਸਾਲਾਂ ਦੇ ਲੰਮੇਂ ਵਕਫੇ ਮਗਰੋ ਇਥੇ “ਹਿੰਦੂ ਹਕੂਮਤ” ਕਾਇਮ ਹੋਈ ਹੈ ਅਤੇ ਇਸ ਨੂੰ ਨਿਰੰਤਰ ਕਾਇਮ ਰੱਖਣ ਲਈ ਹਿੰਦੀ ਅਤੇ ਸੰਸਕ੍ਰਿਤੀ ਲਾਗੂ ਕੀਤੀ ਜਾਵੇਗੀ । ਅਜਿਹੇ ਵਿਚਾਰ ਅਤੇ ਅਮਲ ਹਿੰਦੂਤਵ ਤਾਕਤਾਂ ਵੱਲੋ ਇਥੋ ਦੇ ਅਮਨ-ਚੈਨ, ਆਜ਼ਾਦੀ ਅਤੇ ਵੱਖ-ਵੱਖ ਕੌਮਾਂ ਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਉਣ ਵਾਲੇ ਹਨ । ਇਸ ਲਈ ਸਾਨੂੰ ਇਸ ਵਿਰੁੱਧ ਫੈਸਲਾਕੁੰਨ ਜਹਾਦ ਆਰੰਭਣ ਅਤੇ ਇਹਨਾਂ ਫਿਰਕੂ ਤਾਕਤਾਂ ਦਾ ਮੂੰਹ ਭੰਨਣ ਲਈ ਤਿਆਰ ਰਹਿਣ ਦੇ ਨਾਲ-ਨਾਲ ਇਹਨਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਕਤਈ ਵੀ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ । ਭਾਵੇ ਕਿ ਇਹ ਹਿੰਦੂਤਵ ਤਾਕਤਾਂ ਸੈਟਰ ਅਤੇ ਹੋਰ ਕਈ ਸੂਬਿਆਂ ਵਿਚ ਸਿਆਸੀ ਤੌਰ ਤੇ ਮਜ਼ਬੂਤ ਹੋਈਆ ਹਨ, ਲੇਕਿਨ ਫਿਰ ਵੀ ਇਹਨਾਂ ਨੂੰ ਅਜਿਹੀ ਮਨੁੱਖਤਾ ਵਿਰੋਧੀ ਘਿਣੋਨੀ ਖੇਡ ਨਹੀਂ ਖੇਡਣ ਦਿੱਤੀ ਜਾਵੇਗੀ ।