ਚੰਡੀਗੜ੍ਹ – “ਜੋ ਕੌਮਾਂਤਰੀ ਕਬੱਡੀ ਖੇਡ ਅਤੇ ਐਨ ਆਰ ਆਈਜ਼ ਸੰਮੇਲਨ ਬਾਦਲ ਪਰਿਵਾਰ ਵੱਲੋਂ ਕਰਵਾਏ ਜਾਂਦੇ ਸੀ, ਉਸ ਖੇਡ ਜਾਂ ਸੰਮੇਲਨ ਦੇ ਰੱਦ ਹੋਣ ਦੇ ਅਮਲ ਇਸ ਕਰਕੇ ਇਹਨਾਂ ਨੂੰ ਕਰਨੇ ਪਏ ਕਿਊਂਕਿ ਇਸ ਕਬੱਡੀ ਖੇਡ ਅਤੇ ਐਨ ਆਰ ਆਈ ਸੰਮੇਲਨ ਦੇ ਪਰਦੇ ਥੱਲੇ “ਡਰੱਗ ਅਤੇ ਹਥਿਆਰ ਮਾਫੀਆ” ਵੱਲੋਂ ਪੰਜਾਬ ਅਤੇ ਕੌਮਾਂਤਰੀ ਪੱਧਰ ਉਤੇ ਹੋ ਰਹੀ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਅਤੇ ਹਥਿਆਰਾਂ ਦੇ ਕਾਲੇ ਕਾਰੋਬਾਰ ਦਾ ਸੱਚ ਦੁਨੀਆਂ ਦੇ ਸਾਹਮਣੇ ਉਜਾਗਰ ਹੋ ਚੁੱਕਾ ਹੈ ਅਤੇ ਕੌਮਾਂਤਰੀ ਪੱਧਰ ਉਤੇ ਬਾਦਲ ਦਲ ਦੀ ਵੱਡੀ ਬਦਨਾਮੀ ਹੋ ਰਹੀ ਹੈ। ਇਹ ਵੀ ਗੱਲ ਪ੍ਰਤੱਖ ਹੋ ਚੁੱਕੀ ਹੈ ਕਿ ਕੌਮਾਂਤਰੀ ਐਨ ਆਰ ਆਈ ਸੰਮੇਲਨ ਵਿਚ ਬਾਹਰਲੇ ਮੁਲਕਾਂ ਦੇ ਡਰੱਗ ਸਮਗਲਰ ਇਕੱਤਰ ਹੋ ਕੇ ਨਸ਼ੀਲੀਆਂ ਵਸਤਾਂ ਦੀ ਵੱਡੇ ਪੱਧਰ ਉਤੇ ਸਮਗਲਿੰਗ ਕਰਨ ਦੇ ਨਵੇਂ ਢੰਗ ਤਰੀਕੇ ਖੋਜਦੇ ਸਨ। ਭਾਦਲ ਦਲ ਅਤੇ ਬਾਦਲ ਪਰਿਵਾਰ ਦੀ ਹੋ ਰਹੀ ਬਦਨਾਮੀ ਦੇ ਡਰੋਂ ਇਹਨਾਂ ਨੂੰ ਇਹ ਕਬੱਡੀ ਖੇਡ ਅਤੇ ਐਨ ਆਰ ਆਈਜ਼ ਸੰਮੇਲਨ ਦੇ ਢੌਂਗ ਬੰਦ ਕਰਨ ਲਈ ਮਜਬੂਰ ਹੋਣਾ ਪਿਆ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵੱਲੋਂ ਹੋਣ ਵਾਲੀਆਂ ਕਬੱਡੀ ਖੇਡਾਂ ਅਤੇ ਐਨ ਆਰ ਆਈਜ਼ ਸੰਮੇਲਨ ਦੇ ਰੱਦ ਹੋਣ ਉਤੇ ਵੱਡੀ ਖੁਸ਼ੀ ਜਾਹਰ ਕਰਦੇ ਹੋਏ ਅਤੇ ਬਾਦਲ ਪਰਿਵਾਰ ਦਾ ਸੱਚ ਸਾਹਮਣੇ ਆਉਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਅਜਿਹੇ ਗੈਰ ਕਾਨੂੰਨੀ ਕਾਰੋਬਾਰਾਂ ਨੂੰ ਬੰਦ ਕਰਨ ਲਈ ਸਿੱਖ ਆਵਾਮ ਨੇ ਵੱਡੀ ਭੂਮਿਕਾ ਨਿਭਾਈ ਹੈ, ਜਿਹਨਾਂ ਨੇ ਬਾਦਲ ਪਰਿਵਾਰ ਦੇ ਸਮਾਜ ਵਿਰੋਧੀ ਮਨਸੂਬਿਆਂ ਵਿਚ ਸਹਿਯੋਗ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦੇ ਰਿਸ਼ਟ-ਪੁਸ਼ਟ ਸਰੀਰਾਂ ਅਤੇ ਊਹਨਾਂ ਨੂੰ ਗੈਰ ਕਾਨੂੰਨੀ ਕੰਮਾਂ ਵਿਚ ਧਕੇਲਣ ਲਈ ਬਾਦਲ ਪਰਿਵਾਰ ਦੀ ਚੰਡਾਲ ਚੌਕੜੀ ਸ. ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਜਿੰਮੇਵਾਰ ਹਨ। ਜਿਹਨਾਂ ਨੇ ਆਪਣੇ ਧੰਨ ਦੌਲਤਾਂ ਦੇ ਭੰਡਾਰ ਇਕਤੱਰ ਕਰਨ ਲਈ ਸਿੱਖ ਨੌਜਵਾਨੀ ਨੂੰ ਇਸ ਰਾਹ ਤੋਰਿਆ। ਉਹਨਾਂ ਇਸ ਗੱਲ ਉਤੇ ਦੁੱਖ ਜਾਹਰ ਕੀਤਾ ਕਿ ਸ. ਬਾਦਲ ਆਪਣੇ ਵਜੀਰਾਂ ਐਮ ਐਲ ਏਜ਼ ਅਤੇ ਜਥੇਦਾਰਾਂ ਦੇ ਲੜਕਿਆਂ ਨੂੰ ਗੈਰ ਕਾਨੂੰਨੀ ਤੌਰ ਉਤੇ ਹਥਿਆਰ ਰੱਖਣ ਅਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਰਾਹੀਂ ਧੰਨ-ਦੌਲਤਾਂ ਇਕਤੱਰ ਕਰਨ ਵੱਲ ਪ੍ਰੇਰਿਤ ਕਰਕੇ ਇਥੇ ਗੁੰਡਾਰਾਜ ਕਾਇਮ ਕਰਨ ਵਿਚ ਮੋਹਰੀ ਬਣੇ ਹੋਏ ਹਨ। ਇਹੀ ਵਜ੍ਹਾ ਹੈ ਕਿ ਦੋਵੇਂ ਬਾਦਲਾਂ ਨੇ ਅਪਰਾਧਿਕ ਕਰਾਵਾਈਆਂ ਵਿਚ ਦੋਸ਼ੀ ਸੁਮੇਧ ਸੈਣੀ ਨੂੰ ਇਥੇ ਡੀ ਜੀ ਪੀ ਇਸ ਕਰਕੇ ਲਗਾਇਆ ਹੋਇਆ ਹੈ ਤਾਂ ਕਿ ਉਹ ਇਹਨਾਂ ਸਿਆਸਤਦਾਨਾਂ ਦੇ ਕਾਕਿਆਂ ਵੱਲੋਂ ਕੀਤੀ ਜਾ ਰਹੀ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਸਮਗਲਿੰਗ ਵਿਚ ਸ਼ਾਮਿਲ ਪਰਿਵਾਰਾਂ ਦੀ ਹਿਫਾਜਤ ਕਰ ਸਕਣ।
ਉਹਨਾਂ ਕਿਹਾ ਕਿ ਸਾਡੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਕ ਹਥਿਆਰ ਵਿਕਰੇਤਾ ਦੇ ਵੱਲੋਂ ਗੈਰ ਕਾਨੂੰਨੀ ਆਏ ਹਥਿਆਰਾਂ ਨੂੰ ਡੀ ਜੀ ਪੀ ਸੈਣੀ ਦੀ ਹਿਦਾਇਤ ਉਤੇ ਨੰਬਰ ਲਾ ਕੇ ਸਿਆਸਤਦਾਨਾਂ ਦੇ ਕਾਕਿਆਂ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਗੁੰਡਾ ਅਨਸਰ ਨੂੰ ਵੱਡੀ ਗਿਣਤੀ ਵਿਚ ਇਹ ਹਥਿਆਰ ਵੰਡੇ ਗਏ ਹਨ। ਅਸੀਂ ਇਸ ਸੰਬੰਧੀ ਐਸ ਐਸ ਪੀ ਫਤਿਹਗੜ੍ਹ ਸਾਹਿਬ, ਡੀ ਆਈ ਜੀ ਫਤਿਹਗੜ੍ਹ ਸਾਹਿਬ, ਡੀ ਜੀ ਪੀ ਕਰਾਇਮ, ਮੁੱਖ ਸਕੱਤਰ ਪੰਜਾਬ ਅਤੇ ਗਵਰਨਰ ਪੰਜਾਬ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਇਸ ਹੋਏ ਗੈਰ ਕਾਨੂੰਨੀ ਅਮਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬੇਨਤੀ ਕਰ ਚੁੱਕੇ ਹਾਂ ਪਰ ਕਿਸੇ ਵੀ ਸਿਵਲ ਅਤੇ ਪੁਲਿਸ ਅਧਿਕਾਰੀ ਨੇ ਇਸ ਕਰਕੇ ਇਹ ਜਿੰਮੇਵਾਰੀ ਨਹੀਂ ਨਿਭਾਈ ਕਿਊਂਕਿ “ਚੋਰ ਅਤੇ ਕੁੱਤੀ” ਆਪਸ ਵਿਚ ਮਿਲੇ ਹੋਏ ਹਨ ਅਤੇ ਦੋਵੇਂ ਇਕੋ ਹਮਾਮ ਵਿਚ ਨੰਗੇ ਖੜ੍ਹੇ ਹਨ।
ਉਹਨਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟਰ ਪੰਜਾਬ ਵੱਲੋਂ ਬਿਕਰਮ ਸਿੰਘ ਮਜੀਠੀਆ ਅਤੇ ਉਸਦੇ ਕੈਨੇਡਾ ਆਧਾਰਿਤ ਸਮਗਲਰ ਸਾਥੀ ਸਰਪ੍ਰੀਤ ਸੱਤਾ, ਪਰਵਿੰਦਰ ਸਿੰਘ ਪਿੰਡੀ ਤੋਂ ਇਲਾਵਾ, ਬਿੱਟੂ ਔਲਖ ਜੇਲ੍ਹ ਵਿਚ ਬੰਦੀ ਜਗਦੀਸ਼ ਭੋਲਾ ਅਤੇ ਚਾਹਲ ਨਾਲ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਸਮਗਲਿੰਗ ਦੀਆਂ ਜੁੜੀਆਂ ਕੜੀਆਂ ਦੇ ਸਰਗਣਾਂ ਸ. ਮਜੀਠੀਆ ਵੱਲ ਜੋ ਇਸ਼ਾਰਾ ਕੀਤਾ ਹੈ ਅਤੇ ਕਿਹਾ ਹੈ ਕਿ ਅਜੇ ਸਬੂਤਾਂ ਦੀ ਘਾਟ ਕਾਰਨ ਕਿਸੇ ਨਤੀਜੇ ਵੱਲ ਨਹੀਂ ਵੱਧ ਸਕਦੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਕਾਲੇ ਕਾਰੋਬਾਰ ਦਾ ਬਾਦਸ਼ਾਹ ਮਜੀਠੀਆ ਹੈ ਅਤੇ ਬਾਦਲਾਂ ਦੇ ਦਰਬਾਰ ਅਤੇ ਪਰਿਵਾਰ ਵਿਚੋਂ ਹੀ “ਕਾਲੀਆਂ ਭੇਡਾਂ” ਦੀ ਸ਼ੁਰੂਆਤ ਹੁੰਦੀ ਹੈ। ਉਹਨਾਂ ਕਿਹਾ ਕਿ ਜੋ ਹੁਣ ਸਿੱਖ ਨੌਜਵਾਨਾਂ ਦੀ ਫੜੋ-ਫੜੀ ਵੱਡੇ ਪੱਧਰ ਉਤੇ ਸ਼ੁਰੂ ਕੀਤੀ ਗਈ ਹੈ , ਇਹ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਆਪਣੀ ਸਰਪ੍ਰਸਤੀ ਹਾਸਲ ਕਾਰੋਬਾਰ ਉਤੇ ਪਰਦਾ ਪਾਉਣ ਲਈ, ਦੂਸਰਾ ਬੀਜੇਪੀ ਜਿਸ ਨਾਲ ਬਾਦਲ ਦਲ ਦੀ ਦੂਰੀ ਵਧਦੀ ਜਾ ਰਹੀ ਹੈ, ਉਸ ਨੂੰ ਖਾੜਕੂਵਾਦ ਦੇ ਉਭਰਨ ਦਾ ਝੂਠਾ ਡਰਾਵਾ ਦੇ ਕੇ ਆਪਣੇ ਨਾਲ ਸਿਆਸੀ ਤੌਰ ਉਤੇ ਜੋੜ ਕੇ ਰੱਖਣ ਲਈ ਸਿੱਖ ਨੌਜਵਾਨੀ ਉਤੇ ਸੁਮੇਧ ਸੈਣੀ ਰਾਹੀਂ ਕਹਿਰ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਜਾਣਕਾਰੀ ਦਿੱਤੀ ਕਿ 1992 ਦੀਆਂ ਪੰਜਾਬ ਚੋਣਾਂ ਦਾ ਬਾਈਕਾਟ ਕਰਵਾਉਣ ਹਿਤ ਸ. ਬਾਦਲ ਨੇ ਹਿੰਦੂ ਵੱਸੋਂ ਵਾਲੇ ਇਲਾਕਿਆਂ ਵਿਚ ਬੰਬ ਰਖਵਾਉਣ ਦੀ ਸਾਜਿਸ਼ ਰਚੀ ਸੀ ਤਾਂ ਕਿ ਇਹ ਚੋਣਾਂ ਰੱਦ ਹੋ ਸਕਣ। ਜੋ ਹੁਣ ਮੱਛੀ ਉਦਯੋਗ ਨੂੰ ਪ੍ਰਫੁਲਿੱਤ ਕਰਨ ਦਾ ਬਹਾਨਾ ਬਣਾ ਕੇ ਸ.ਬਾਦਲ ਚੀਨ ਗਏ ਹਨ, ਇਹ ਵੀ ਆਪਣੇ ਆਪ ਨੂੰ ਕੌਮਾਂਤਰੀ ਪੱਧਰ ਉਤੇ ਸਿਆਸੀ ਤੌਰ ਉਤੇ ਸੁਰੱਖਿਅਤ ਕਰਨ ਦੇ ਪਰਦੇ ਹੇਠ ਅਮਲ ਹੋ ਰਹੇ ਹਨ। ਜਦੋਂ ਕਿ ਮੱਛੀ ਉਦਯੋਗ ਜਾਂ ਪੰਜਾਬੀਆਂ ਦੀ ਜਿੰਦਗੀ ਬੇਹਤਰ ਬਣਾਉਣ ਵਿਚ ਇਹਨਾਂ ਦੀ ਕੋਈ ਦਿਲਚਸਪੀ ਨਹੀਂ। ਉਹਨਾਂ ਇਸ ਗੱਲ ਉਤੇ ਵੀ ਦੁੱਖ ਜਾਹਰ ਕੀਤਾ ਕਿ ਜੋ ਸਾਡੀ ਕੌਮ ਦੇ ਬੱਚੇ ਜੋ ਫੌਜ ਵਿਚ ਹਮੇਸ਼ਾਂ ਮੋਹਰੀ ਰਹਿੰਦੇ ਸਨ, ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਦੇ ਕਾਰੋਬਾਰ ਦੇ ਕਾਰਨ ਉਹਨਾਂ ਦੀਆਂ ਛਾਤੀਆਂ ਅਤੇ ਸਰੀਰਿਕ ਪੱਖੋਂ ਰਿਸ਼ਟ-ਪੁਸ਼ਟ ਨਾਂ ਹੋਣ ਦੀ ਬਦੌਲਤ ਫੌਜ ਦੀ ਭਰਤੀ ਵਿਚ ਸਾਰੇ ਬੱਚੇ ਟੈਸਟਾਂ ਵਿਚੋਂ ਫੇਲ੍ਹ ਹੋ ਰਹੇ ਹਨ, ਜਿਸ ਲਈ ਬਾਦਲ ਪਰਿਵਾਰ ਜਿੰਮੇਵਾਰ ਹੈ। ਅਤੇ ਜੋ ਬਾਦਲ ਪਰਿਵਾਰ ਬਦਮਾਸਾਂ ਅਤੇ ਗੁੰਡਿਆਂ ਰਾਹੀਂ ਇਥੋਂ ਦੀਆਂ ਚੋਣਾਂ ਨੂੰ ਜਿਤਣਾ ਚਾਹੁੰਦੇ ਹਨ, ਉਹ ਬਿਲਕੁਲ ਵੀ ਆਪਣੇ ਮਿਸ਼ਨ ਵਿ ਕਾਮਯਾਬ ਨਹੀਂ ਹੋਣਗੇ। ਲੋਕ ਸਭਾ ਦੀਆਂ ਹੋਈਆਂ ਚੋਣਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਕਦੇ ਵੀ ਦਾਗੀ ਇਤਿਹਾਸ ਨਹੀਂ ਰਿਹਾ ਜੋ ਬਾਦਲ ਪਰਿਵਾਰ ਨੇ ਅੱਜ ਆਪਣੇ ਪਰਿਵਾਰਕ ਅਤੇ ਮਾਲੀ ਸਵਾਰਥਾਂ ਲਈ ਬਣਾ ਦਿੱਤਾ ਹੈ ਅਤੇ ਅਜਿਹੇ ਅਮਲਾਂ ਨੂੰ ਸਿੱਖ ਕੌਮ ਇਸ ਲਈ ਪ੍ਰਵਾਨ ਨਹੀਂ ਕਰੇਗੀ ਕਿਊਂਕਿ ਗੁਰੂ ਸਾਹਿਬਾਨ ਨੇ, ਸ਼ਹੀਦਾਂ ਨੇ, ਸਿੱਖਾਂ ਨੇ ਭਗਤਾਂ ਨੇ ਵੱਡੀਆਂ ਕੁਰਬਾਨੀਆਂ, ਤਿਆਗ, ਸੰਜਮ, ਨਿਮਰਤਾ, ਨਿਰਮਾਣਤਾ ਅਤੇ ਸੇਵਾ ਭਾਵ ਵਾਲੇ ਗੁਣਾਂ ਉਤੇ ਪਹਿਰਾ ਦੇ ਕੇ ਸਿੱਖ ਕੌਮ ਅਤੇ ਸਿੱਖ ਕੌਮ ਨਾਲ ਸੰਬੰਧਤ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜਮਾਤ ਦਾ ਫਖਰ ਵਾਲਾ ਇਤਿਹਾਸ ਸਿਰਜਿਆ ਹੈ। ਇਸ ਲਈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਵਰਤੋਂ ਨਾਂ ਕਰਕੇ “ਸਮਗਲਰਾਂ ਦੀ ਗੈਂਗ” ਦਾ ਨਾਮ ਦੇ ਦੇਣਾ ਚਾਹੀਦਾ ਹੈ ਕਿਊਂਕਿ ਇਹ ਨਾਮ ਹੀ ਅੱਜ ਪੰਜਾਬ, ਹਿੰਦ, ਉਸਦੀ ਭਾਈਵਾਲ ਬੀਜੇਪੀ ਪਾਰਟੀ ਅਤੇ ਵਿਦੇਸ਼ਾਂ ਵਿਚ ਪ੍ਰਚੱਲਿਤ ਹੈ।