ਲੁਧਿਆਣਾ – ਜਰਮਨੀ ਤੋਂ ਆਏ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫ਼ਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿ¤ਲੋਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ । ਇਸ ਵਫ਼ਦ ਦੀ ਅਗਵਾਈ ਜਰਮਨੀ ਦੀ ਭੋਜਨ ਅਤੇ ਖੇਤੀਬਾੜੀ ਦੀ ਕੌਂਸਲਰ ਕੁਮਾਰੀ ਉਰਸੂਲਾ ਹੌਲਹੌਜ਼ਰ ਕਰ ਰਹੇ ਸਨ ।
ਆਪਣੇ ਸਵਾਗਤੀ ਭਾਸ਼ਨ ਵਿੱਚ ਡਾ. ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਰੇ ਇਨਕਲਾਬ ਲਿਆਉਣ ਦੇ ਲਈ ਇਸ ਯੂਨੀਵਰਸਿਟੀ ਦਾ ਵਡਮੁੱਲਾ ਯੋਗਦਾਨ ਰਿਹਾ ਹੈ । ਇਸ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਤਿਆਰ ਕੀਤੀਆਂ ਕਿਸਮਾਂ ’ਕਲਿਆਣ ਸੋਨਾ 227’ ਅਤੇ ਪੀ ਬੀ ਡਬਲਯੂ 343’ ਝੋਨੇ ਦੀ ਕਿਸਮ ’ਪੀ ਆਰ 106’ ਨੇ ਅਹਿਮ ਯੋਗਦਾਨ ਪਾਇਆ ਹੈ । ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਜਾ ਚੁੱਕਾ ਹੈ । ਉਨ੍ਹਾਂ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸੂਚਨਾ ਤੇ ਪ੍ਰਸਾਰਣ ਲਈ ਕਿਸਾਨ ਮੇਲਿਆਂ, ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਅਤੇ ਕਣਕ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕੀਤੇ ਜਾਂਦੇ ਯਤਨਾਂ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦਾ ਰੱਖ ਰਖਾਵ, ਮਿੱਟੀ ਪਾਣੀ ਦੀ ਸਿਹਤ ਸੰਭਾਲ, ਵਾਤਾਵਰਣ ਸੰਬੰਧੀ ਨਵੀਨ ਤਕਨੀਕਾਂ, ਭੋਜਨ ਪ੍ਰਾਸੈਸਿੰਗ, ਖੇਤ ਮਸ਼ੀਨਰੀ ਅਤੇ ਬਾਇਓਤਕਨਾਲੌਜੀ ਦੇ ਖੇਤਰ ਵਿੱਚ ਦੋਹਾਂ ਅਦਾਰਿਆਂ ਦੇ ਵਿਚਾਲੇ ਸਹਿਯੋਗ, ਇੱਕ ਮੀਲ ਪੱਥਰ ਸਿੱਧ ਹੋਵੇਗਾ।
ਇਸ ਮੌਕੇ ਕੁਮਾਰੀ ਹੌਲਹੋਜ਼ਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਰਮਨੀ ਵਿੱਚ ਅਨੇਕਾਂ ਅਦਾਰੇ ਹਨ ਜਿਨ੍ਹਾਂ ਵੱਲੋਂ ਦੁਨੀਆਂ ਦੇ ਚੋਟੀ ਦੇ ਖੋਜ ਅਦਾਰਿਆਂ ਦੇ ਨਾਲ ਦੋਪਾਸੜੇ ਸਹਿਯੋਗ ਲਈ ਹਸਤਾਖਰ ਕੀਤੇ ਹਨ । ਇਸੇ ਲੜੀ ਤਹਿਤ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਾਲ ਦੋਪਾਸੜੇ ਸਹਿਯੋਗ ਲਈ ਵਿਚਾਰ ਚਰਚਾ ਜਾਰੀ ਸੀ । ਉਨ੍ਹਾਂ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਜਰਮਨੀ ਵਿੱਚ 3.5 ਲੱਖ ਤੋਂ ਵੱਧ ਖੇਤ ਇਕਾਈਆ ਹਨ ਅਤੇ 70 ਫੀਸਦੀ ਦੇ ਕਰੀਬ ਕਿਸਾਨ ਆਪਣਾ ਪੱਕਾ ਪੇਸ਼ਾ ਖੇਤੀ ਤੋਂ ਇਲਾਵਾ ਕੋਈ ਹੋਰ ਰੱਖਦੇ ਹਨ । ਉਨ੍ਹਾਂ ਦੱਸਿਆ ਕਿ ਕਣਕ, ਜੌਂ, ਜਵੀ, ਸ਼ੱਕਰਕੰਦੀ ਜਰਮਨੀ ਦੀਆਂ ਮੁੱਖ ਫ਼ਸਲਾਂ ਹਨ । ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਥਪੇੜੇ ਸਹਿਣ ਦੇ ਸਮਰੱਥ ਨਵੀਆਂ ਕਿਸਮਾਂ ਦੇ ਵਿਕਾਸ ਵਿੱਚ ਦੋਹਾਂ ਦੇਸ਼ਾਂ ਵਿੱਚ ਸਹਿਯੋਗ ਹੋਣਾ ਅਤਿਅੰਤ ਜਰੂਰੀ ਹੈ । ਇਸ ਮੌਕੇ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ ਨੇ ਕਿਸਾਨਾਂ, ਯੂਨੀਵਰਸਿਟੀ ਅਤੇ ਉਦਯੋਗਿਕ ਇਕਾਈਆਂ ਵਿੱਚ ਸੰਪਰਕ ਸੰਬੰਧੀ ਜਾਣਕਾਰੀ ਦਿੱਤੀ । ਹੋਰਨਾਂ ਤੋਂ ਇਲਾਵਾ ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਦੀਪ ਕੁਮਾਰ ਖੰਨਾ, ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ, ਪਸਾਰ ਸਿਖਿਆ ਨਿਰਦੇਸ਼ਕ ਡਾ. ਰਜਿੰਦਰ ਸਿੰਘ ਸਿੱਧੂ, ਅਪਰ ਨਿਰਦੇਸ਼ਕ ਸੰਚਾਰ ਡਾ. ਚੰਦਰ ਮੋਹਨ ਅਤੇ ਤਕਨੀਕੀ ਸਲਾਹਕਾਰ ਡਾ. ਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਮੇਜਰ ਸਿੰਘ ਧਾਲੀਵਾਲ ਵੀ ਸ਼ਾਮਲ ਸਨ ।
ਜਰਮਨੀ ਤੋਂ ਇੱਕ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
This entry was posted in ਖੇਤੀਬਾੜੀ.