ਫ਼ਤਹਿਗੜ੍ਹ ਸਾਹਿਬ – “ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਸਾਰਕ ਮੁਲਕਾਂ ਭਾਰਤ, ਪਾਕਿਸਤਾਨ, ਅਫ਼ਗਾਨੀਸਤਾਨ, ਮਾਲਦੀਵ, ਭੁਟਾਨ, ਬੰਗਲਾਦੇਸ਼ ਅਤੇ ਨੇਪਾਲ ਆਦਿ ਮੁਲਕਾਂ ਦੀ ਹੋਈ ਇਕੱਤਰਤਾ ਵਿਚ ਏਸੀਆ ਖਿੱਤੇ ਅਤੇ ਸਮੁੱਚੇ ਸੰਸਾਰ ਵਿਚ ਵੱਧਦੀ ਜਾ ਰਹੀ ਦਹਿਸਤਗਰਦੀ ਉਤੇ ਤਾਂ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ, ਪਰ ਵੱਖ-ਵੱਖ ਮੁਲਕਾਂ ਵਿਚ ਵੱਧਣ ਵਾਲੀਆਂ ਦਹਿਸਤਗਰਦੀ ਕਾਰਵਾਈਆ ਦੇ ਅਸਲ ਕਾਰਨਾਂ ਨੂੰ ਨਜ਼ਰ ਅੰਦਾਜ ਕਰਕੇ “ਸਰਕਾਰੀ ਦਹਿਸਤਗਰਦੀ” ਜੋ ਕਿ ਕਿਸੇ ਮੁਲਕ ਦੇ ਹੁਕਮਰਾਨਾਂ ਵੱਲੋ ਉਥੋ ਦੇ ਨਿਵਾਸੀਆਂ ਉਤੇ ਕੀਤੀ ਜਾਂਦੀ ਹੈ, ਉਸ ਬਾਰੇ ਕਿਸੇ ਵੀ ਮੁਲਕ ਵੱਲੋ ਕੋਈ ਗੱਲ ਨਾ ਕਰਨ ਦੇ ਅਮਲ ਮਨੁੱਖਤਾ ਵਿਰੋਧੀ ਅਤੇ ਸੰਜ਼ੀਦਗੀ ਦੀ ਘਾਟ ਨੂੰ ਦਰਸਾਉਣ ਵਾਲੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਰਕ ਮੁਲਕਾਂ ਦੀ ਹੋਈ ਮੀਟਿੰਗ ਵਿਚ ਦਹਿਸਤਗਰਦੀ ਵਿਰੁੱਧ ਵਿਚਾਰ ਪ੍ਰਗਟਾਉਣ ਬਾਰੇ ਕਿਹਾ ਕਿ ਦਹਿਸਤਗਰਦੀ ਆਮ ਸੰਗਠਨਾਂ ਵੱਲੋ ਹੋਵੇ ਜਾਂ ਸਰਕਾਰ ਵੱਲੋ ਦੋਵੇ ਕਿਸਮ ਦੀ ਦਹਿਸਤਗਰਦੀ ਅਮਨ-ਚੈਨ, ਇਨਸਾਨੀਅਤ ਕਦਰਾ-ਕੀਮਤਾ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੀ ਹੁੰਦੀ ਹੈ । ਜਿਥੇ ਵੀ ਕੌਮਾਂਤਰੀ ਪੱਧਰ ਤੇ ਜਾਂ ਮੁਲਕੀ ਪੱਧਰ ਤੇ “ਦਹਿਸਤਗਰਦੀ” ਦੇ ਗੰਭੀਰ ਵਿਸ਼ੇ ਤੇ ਗੱਲਬਾਤ ਹੋਵੇ, ਉਥੇ ਦੋਵੇ ਕਿਸਮ ਦੀਆਂ ਦਹਿਸਤਗਰਦੀਆ ਦੀ ਗੱਲ ਉਤੇ ਵਿਚਾਰ ਹੋਣੀ ਚਾਹੀਦੀ ਹੈ । ਜੇਕਰ ਜਹਾਦੀ ਦਹਿਸਤਗਰਦੀ ਦੀ ਇਕੱਲੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਕੋਈ ਵੀ ਮੁਲਕ ਜਾਂ ਹੁਕਮਰਾਨ ਜਾਂ ਕੁਝ ਹੁਕਮਰਾਨਾਂ ਦਾ ਸੰਗ੍ਰਹਿ ਦਹਿਸਤਗਰਦੀ ਨੂੰ ਉਸ ਸਮੇਂ ਤੱਕ ਪੂਰਨ ਤੌਰ ਤੇ ਖ਼ਤਮ ਨਹੀਂ ਕਰ ਸਕਦੇ, ਜਦੋ ਤੱਕ ਹੁਕਮਰਾਨ “ਸਰਕਾਰੀ ਦਹਿਸਤਗਰਦੀ” ਦੀ ਗੱਲ ਨੂੰ ਵੀ ਪ੍ਰਵਾਨ ਨਹੀਂ ਕਰਦੇ । ਕਿਉਂਕਿ ਕਿਸੇ ਵੀ ਮਾੜੇ ਐਕਸਨ ਉਤੇ ਰੀਐਕਸਨ ਹੋਣਾ ਕੁਦਰਤੀ ਹੁੰਦਾ ਹੈ । ਦਹਿਸਤਗਰਦੀ ਪਣਪਨ ਦੇ ਕਾਰਨਾਂ ਨੂੰ ਸਮਝਕੇ ਉਹਨਾਂ ਨੂੰ ਦੂਰ ਕਰਕੇ ਹੀ ਦਹਿਸਤਗਰਦੀ ਦਾ ਖਾਤਮਾ ਕੀਤਾ ਜਾ ਸਕਦਾ ਹੈ, ਜੋ ਕਿ ਹੋਣਾ ਵੀ ਚਾਹੀਦਾ ਹੈ । ਲੇਕਿਨ ਜੋਰ-ਜ਼ਬਰ ਜਾਂ ਗੋਲੀ ਅਤੇ ਸਿਆਸੀ ਤਾਕਤ ਦੇ ਜੋਰ ਉਤੇ ਨਿਰਦੋਸ਼ ਲੋਕਾਂ ਨੂੰ ਖ਼ਤਮ ਕਰਨ ਜਾਂ ਸਰਕਾਰੀ ਦਹਿਸਤਗਰਦੀ ਪੈਦਾ ਕਰਕੇ ਕਿਸੇ ਕੌਮ, ਫਿਰਕੇ, ਮੁਲਕ ਆਦਿ ਨੂੰ ਦਬਾਉਣ ਦੇ ਅਮਲਾਂ ਨਾਲ ਕਤਈ ਵੀ ਦਹਿਸਤਗਰਦੀ ਦੀ ਜੜ੍ਹ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ।
ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਤੇ ਹਕੂਮਤਾਂ ਆਪਣੇ ਬਸਿੰਦਿਆ ਉਤੇ ਕਿਸੇ ਮੰਦਭਾਵਨਾ ਅਧੀਨ ਜ਼ਬਰ-ਜੁਲਮ ਕਰਕੇ, ਉਹਨਾਂ ਦੇ ਹੱਕ-ਹਕੂਕਾਂ ਨੂੰ ਜ਼ਬਰੀ ਕੁਚਲਕੇ ਚਾਹੁਣ ਕਿ ਉਹ ਆਪਣੇ ਮੁਲਕ, ਆਪਣੇ ਨਿਜ਼ਾਮ ਨੂੰ ਅਮਨਮਈ ਰੱਖ ਸਕਣਗੇ ਤਾਂ ਅਜਿਹੇ ਹੁਕਮਰਾਨ ਆਪਣੇ ਆਪ ਨੂੰ ਭੁਲੇਖੇ ਵਿਚ ਰੱਖ ਰਹੇ ਹੋਣਗੇ । ਜਿਨ੍ਹਾਂ ਲੋਕਾਂ ਨਾਲ ਵਿਤਕਰੇ, ਜੁਲਮ ਹੁੰਦੇ ਹਨ, ਉਹਨਾਂ ਨੂੰ ਇਨਸਾਫ਼ ਦੇਕੇ ਅਤੇ ਬਰਾਬਰੀ ਦੇ ਅਧਿਕਾਰ ਦੇਕੇ ਹੀ ਦਹਿਸਤਗਰਦੀ ਨੂੰ ਖ਼ਤਮ ਕਰਨ ਦੀ ਗੱਲ ਕਰਨ ਵਾਲੇ ਉਸ ਨੂੰ ਖ਼ਤਮ ਕਰ ਸਕਦੇ ਹਨ । ਉਹਨਾਂ ਕਿਹਾ ਕਿ ਉਦਾਹਰਣ ਦੇ ਤੌਰ ਤੇ ਹਿੰਦ ਵਿਚ ਵੱਸਣ ਵਾਲੀ ਸਿੱਖ ਕੌਮ ਨੇ ਕਦੇ ਵੀ ਕਿਸੇ ਕੌਮ, ਧਰਮ ਜਾਂ ਫਿਰਕੇ ਨਾਲ ਕਿਸੇ ਤਰ੍ਹਾਂ ਦਾ ਕਦੀ ਵੈਰ-ਵਿਰੋਧ ਨਹੀਂ ਰੱਖਿਆ । ਬਲਕਿ ਆਪਣੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਲਤਾੜਿਆ, ਮਜ਼ਲੂਮਾਂ, ਗਰੀਬਾਂ ਉਤੇ ਹੋਣ ਵਾਲੇ ਜੁਲਮ ਨੂੰ ਨਾ ਸਹਾਰਦੇ ਹੋਏ ਜ਼ਾਲਮਾਂ ਦਾ ਟਾਕਰਾ ਵੀ ਕਰਦੀ ਆ ਰਹੀ ਹੈ ਅਤੇ ਲੋੜਵੰਦਾ ਦੀ ਸਹਾਇਤਾ ਦੇ ਫਰਜ ਵੀ ਪੂਰਨ ਕਰਦੀ ਆ ਰਹੀ ਹੈ । ਪਰ ਇਸ ਦੇ ਬਾਵਜੂਦ ਵੀ ਹਿੰਦ ਹਕੂਮਤ ਉਤੇ ਬੈਠਣ ਵਾਲੇ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਦਲੀਲ ਦੇ ਦਹਿਸਤਗਰਦ ਐਲਾਨਕੇ ਬੀਤੇ ਸਮੇਂ ਵਿਚ ਅਸਹਿ ਤੇ ਅਕਹਿ ਜੁਲਮ ਕੀਤੇ, ਕਤਲੇਆਮ ਕੀਤਾ, ਸਿੱਖ ਬੀਬੀਆਂ ਨਾਲ ਜ਼ਬਰ-ਜ਼ਨਾਹ ਕੀਤੇ, ਨੌਜ਼ਵਾਨਾ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ। ਜੇਕਰ 30 ਸਾਲ ਦਾ ਸਮਾਂ ਗੁਜਰਣ ਉਪਰੰਤ ਵੀ ਦੋਸ਼ੀ ਕਾਤਲਾਂ ਨੂੰ ਹੁਕਮਰਾਨ ਸਜ਼ਾਵਾਂ ਨਾ ਦੇਣ, ਫਿਰ ਦਹਿਸਤਗਰਦ ਹੁਕਮਰਾਨ ਹੋਏ ਜਾਂ ਸਿੱਖ ਕੌਮ ? ਇਸ ਲਈ ਸਭ ਤੋ ਪਹਿਲੇ ਦਹਿਸਤਗਰਦੀ ਦੀ ਪਰਿਭਾਸਾਂ ਨੂੰ ਸਮਝਣਾ ਹੋਵੇਗਾ, ਫਿਰ ਜ਼ਾਲਮ ਹੁਕਮਰਾਨਾਂ ਨੂੰ ਆਪਣੇ ਜ਼ਬਰਾਂ ਤੋ ਤੋਬਾ ਕਰਨੀ ਪਵੇਗੀ । ਆਪਣੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਇਨਸਾਫ਼ ਦੇਣ ਦਾ ਪ੍ਰਬੰਧ ਕਰਨਾ ਪਵੇਗਾ । ਤਾਂ ਕਿ ਕਿਸੇ ਵੀ ਸਥਾਂਨ ਤੇ ਕਿਸੇ ਵੀ ਕੌਮ, ਫਿਰਕੇ ਵੱਲੋ ਦਹਿਸਤਗਰਦੀ ਦੇ ਰਸਤੇ ਜਾਣ ਲਈ ਮਜ਼ਬੂਰ ਨਾ ਹੋਣਾ ਪਵੇ । ਸਭ ਤੋ ਪਹਿਲੇ ਸਰਕਾਰਾਂ ਤੇ ਹਕੂਮਤਾਂ ਆਪਣੀ ਦਹਿਸਤਗਰਦੀ ਖ਼ਤਮ ਕਰਨ ਤੇ ਆਪਣੇ ਨਾਗਰਿਕਾ ਨੂੰ ਇਨਸਾਫ਼ ਦੇਣ । ਫਿਰ ਕਿਸੇ ਵੀ ਸਥਾਨ ਤੇ ਦਹਿਸਤਗਰਦੀ ਪੈਦਾ ਹੀ ਨਹੀਂ ਹੋ ਸਕੇਗੀ । ਇਸ ਲਈ ਸਾਰਕ ਦੇਸ਼ਾਂ ਵੱਲੋ ਜ਼ਬਰ ਸਹਿਣ ਵਾਲੀਆ ਕੌਮਾਂ, ਫਿਰਕਿਆ ਆਦਿ ਨੂੰ ਦੋਸ਼ੀ ਠਹਿਰਾਉਣ ਤੋ ਪਹਿਲਾ ਉਹ ਆਪਣੇ ਅੰਦਰ ਪਣਪ ਰਹੀ ਹੈਵਾਨੀਅਤ ਅਤੇ ਸੈਤਾਨੀਅਤ ਨੂੰ ਖ਼ਤਮ ਕਰਨ, ਦਹਿਸਤਗਰਦੀ ਖੁਦ-ਬ-ਖੁਦ ਖ਼ਤਮ ਹੋ ਜਾਵੇਗੀ ।