ਜਲੰਧਰ – 8 ਨਵੰਬਰ ਤੋਂ 30 ਨਵੰਬਰ ਤੱਕ 22 ਦਿਨਾਂ ਪੁਲਿਸ ਰਿਮਾਂਡ ਉਪਰੰਤ ਅੱਜ ਡਿਊਟੀ ਮੈਜਿਸਟਰੇਟ ਜਲੰਧਰ ਸ੍ਰੀ ਸਿਮਰਨ ਸਿੰਘ ਦੀ ਅਦਾਲਤ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੁਡੀਸ਼ੀਅਲ ਰਿਮਾਂਡ (ਜੇਲ੍ਹ) ਵਿਚ ਭੇਜਣ ਦੇ ਹੁਕਮ ਸੁਣਾਏ ਗਏ।
ਜਿਕਰਯੋਗ ਹੈ ਕਿ ਭਾਈ ਮਿੰਟੂ ਨੂੰ 7 ਨਵੰਬਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਗਿਆ ਸੀ ਉਹਨਾਂ ਨਾਲ ਗ੍ਰਿਫਤਾਰ ਕੀਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗੁਰਦਾਸਪੁਰ ਪੁਲਿਸ ਆਪਣੇ ਨਾਲ ਲੈ ਗਈ ਸੀ। ਇਸ ਦੌਰਾਨ ਭਾਈ ਮਿੰਟੂ ਉਪਰ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਭੋਗਪੁਰ ਵਿਚ ਦਰਜ਼ 2 ਮੁਕੱਦਮੇ ਪਾ ਦਿੱਤੇ ਗਏ ਜੋ ਕਿ ਕ੍ਰਮਵਾਰ ਮੁਕੱਦਮਾ ਨੰਬਰ 103/2009 ਤੇ 102/2014 ਹਨ। ਇਹਨਾਂ ਮੁਕੱਦਮਿਆਂ ਵਿਚ ਉਹਨਾਂ ਉਪਰ ਏ.ਕੇ 47, ਇਕ ਪਿਸਟਲ ਤੇ ਕੁਝ ਰੌਂਦਾਂ ਦੀ ਬਰਾਮਦਗੀ ਵੀ ਪਾਈ ਗਈ ਹੈ।
ਭਾਈ ਹਰਮਿੰਦਰ ਸਿੰਘ ਮਿੰਟੂ ਵਲੋਂ ਪੇਸ਼ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਸਰੀਰਕ ਤੇ ਮਾਨਸਿਕ ਤੌਰ ‘ਤੇ ਚੜ੍ਹਦੀ ਕਲਾ ਵਿਚ ਹਨ ਤੇ ਉਹਨਾਂ ਦੀ ਪਹਿਲਾਂ ਤੋਂ ਹੋਈ ਹਾਰਟ ਸਰਜਰੀ ਕਾਰਨ ਕੁਝ ਤਕਲੀਫ ਜਰੂਰ ਹੋਈ ਸੀ ਪਰ ਅਦਾਲਤ ਵਲੋਂ ਕੀਤੇ ਹੁਕਮਾਂ ਮੁਤਾਬਕ ਭਾਈ ਮਿੰਟੂ ਦਾ ਮੈਡੀਕਲ ਲਗਾਤਾਰ ਕਰਵਾਇਆ ਜਾਂਦਾ ਰਿਹਾ ਤੇ ਉਹਨਾਂ ਦੀ ਜਾਂਚ ਹਾਰਟ ਸਪੈਸ਼ਲਿਸਟ ਤੋਂ ਵੀ ਕਰਵਾਈ ਗਈ ਤੇ ਉਸ ਮੁਤਾਬਕ ਦਵਾਈ ਚੱਲ ਰਹੀ ਹੈ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਪੁਲਿਸ ਮੁਤਾਬਕ ਭਾਈ ਮਿੰਟੂ ਉਪਰ 8 ਮੁੱਕਦਮੇ ਹੋਰ ਦਰਜ਼ ਹਨ ਤੇ ਆਊਂਦੇ ਦਿਨਾਂ ਵਿਚ ਉਹਨਾਂ ਨੂੰ ਹੋਰਨਾਂ ਪੁਲਿਸ ਜਿਲ੍ਹਿਆਂ ਦੀ ਪੁਲਿਸ ਪ੍ਰੋਡਕਸ਼ਨ ਵਾਰੰਟਾਂ ਉਪਰ ਲਿਜਾ ਸਕਦੀ ਹੈ।