ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆ ਦੇ ਖੇਤਰ ਵਿੱਚ ਅਹਿਮ ਕਾਰਜ ਕਰਦਿਆਂ ਬਹੁਤ ਸਾਰੇ ਸਕੂਲ, ਕਾਲਜ, ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਚਲਾ ਰਹੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਆਸ਼ੇ ਅਨੁਸਾਰ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ।ਇਸੇ ਤਹਿਤ ਸ਼੍ਰੋਮਣੀ ਕਮੇਟੀ ਆਪਣੇ ਵਿਦਿਅਕ ਅਦਾਰੇ ਅਤੇ ਹੋਰਨਾਂ ਸਿੱਖ ਸੰਸਥਾਵਾਂ ਜੋ ਵਿਦਿਅਕ ਅਦਾਰੇ ਚਲਾ ਰਹੀਆਂ ਹਨ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਇਕ ਗਲੋਬਲ ਵਿਦਿਅਕ ਕਾਨਫਰੰਸ ਕਰਨ ਜਾ ਰਹੀ ਹੈ ਅਤੇ ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤਿ੍ਗ ਕਮੇਟੀ ਹੋਣ ਵਾਲੀ ਇਕੱਤਰਤਾ ਦੌਰਾਨ ਫੈਸਲਾ ਕਰਕੇ ਅਗਲੀ ਰੂਪ-ਰੇਖਾ ਤਿਆਰ ਕਰੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਵਿਖੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਲੁਧਿਆਣਾ ਵਿਦਿਆ ਦੇ ਖੇਤਰ ਲਈ ਵਧੀਆ ਕੰਮ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜ ਅਨੁਸਾਰ ਇਸ ਸੰਸਥਾ ਦੀ ਮਦਦ ਕਰੇਗੀ।ਉਨ੍ਹਾਂ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਮਨੋਰਥ ਪੱਤਰ ਵੀ ਜਾਰੀ ਕੀਤਾ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ।ਉਨ੍ਹਾਂ ਦੱਸਿਆ ਕਿ ਤਮਿੰਦਰ ਆਨੰਦ ਨਾਮ ਦਾ ਵਿਅਕਤੀ ਜੋ ਕੈਲੀਫੋਰਨੀਆ ਅਮਰੀਕਾ ਦਾ ਰਹਿਣ ਵਾਲਾ ਹੈ ਚੀਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਮਰਿਆਦਾ ਦੇ ਉਲਟ ਨਜਾਇਜ਼ ਤਰੀਕੇ ਨਾਲ ਕਰਵਾ ਰਿਹਾ ਹੈ ਉਸ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਇਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਖੇ ਆਏ ਭਾਰੀ ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਸ੍ਰੀਨਗਰ ਵਿਖੇ ਰਾਹਤ ਕੈਂਪ ਲਗਾਇਆ ਜੋ ਤਕਰੀਬਨ ਤਿੰਨ ਮਹੀਨੇ ਤੋ ਜਾਰੀ ਹੈ।ਹੁਣ ਸਥਿਤੀ ਠੀਕ ਹੋਣ ਕਰਕੇ ਇਹ ਰਾਹਤ ਕੈਂਪ ਅਗਲੇ ਕੁਝ ਦਿਨਾਂ ‘ਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਮੁਤਾਬਕ ਸਰਬੱਤ ਦੇ ਭਲੇ ਲਈ ਹੀ ਕੰਮ ਕੀਤਾ ਹੈ ਤੇ ਇਸ ਕੈਂਪ ਰਾਹੀਂ ਬਿਨਾਂ ਜਾਤ-ਪਾਤ, ਭੇਦ-ਭਾਵ ਹਰੇਕ ਵਰਗ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਹੈ।
ਇਸ ਮੌਕੇ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਬੀਬੀ ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆਂ ਪਿੰਗਲਵਾੜਾ ਸੁਸਾਇਟੀ, ਡਾ. ਤੇਜਿੰਦਰ ਕੌਰ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਚੰਡੀਗੜ੍ਹ,ਸ. ਦਲਮੇਘ ਸਿੰਘ, ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਸ. ਪਰਮਜੀਤ ਸਿੰਘ ਸਰੋਆ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਟਰੱਸਟ ਸ੍ਰੀ ਅੰਮ੍ਰਿਤਸਰ, ਡਾ. ਬ੍ਰਿਜਪਾਲ ਸਿੰਘ ਸਾਬਕਾ ਪ੍ਰੋਫੈਸਰ ਲਾਲ ਬਹਾਦਰ ਸ਼ਾਸ਼ਤਰੀ ਅਕੈਡਮੀ ਆਫ਼ ਐਡਮਿਨੀਸਟਰੇਸ਼ਨ ਮੈਸੂਰੀ, ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ( ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਕੁਲਮੋਹਨ ਸਿੰਘ ਚੀਫ਼ ਅਡਵਾਈਜ਼ਰ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ, ਡਾ. ਵਰਿੰਦਰਪਾਲ ਸਿੰਘ ਆਦਿ ਮੌਜੂਦ ਸਨ।