ਗੁਰਚਰਨ ਪੱਖੋਕਲਾਂ,
ਕਹਿਣ ਨੂੰ ਤਾਂ ਭਾਵੇਂ ਕੁੱਝ ਵੀ ਕਹੀ ਜਾਈਏ ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਅਾਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ ਜਿਸ ਕਾਰਣ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕ ਕੇ ਜਿੰਦਗੀ ਬਸ਼ਰ ਕਰ ਰਹੇ ਹਨ । ਕਿਸੇ ਵੀ ਖੇਤਰ ਬਾਰੇ ਦੇਖੋ ਰਾਜਨੇਤਾਵਾਂ ਨੂੰ ਕੋਈ ਫਿਕਰ ਨਹੀਂ ਹੈ ਬੱਸ ਆਪੋ ਆਪਣੇ ਕੋੜਮਿਆਂ ਦੇ ਮਸਲੇ ਹੱਲ ਕਰਨ ਤਾਈਂ ਲੱਗੇ ਹੋਏ ਹਨ । ਆਮ ਲੋਕਾਂ ਨਾਲ ਕੀ ਬੀਤਦੀ ਹੈ ਬਾਰੇ ਕੋਈ ਜਵਾਬ ਦੇਹੀ ਨਹੀਂ ਹੈ । ਨਿੱਤ ਦਿਨ ਸੜਕਾਂ ਤੇ ਵਾਪਰਦੇ ਹਾਦਸਿਆਂ ਬਾਰੇ ਸਰਕਾਰਾਂ ਦੀ ਕੋਈ ਠੋਸ ਨੀਤੀ ਨਹੀਂ ਹੈ । ਹਾਦਸਾ ਕਿੰਨਾਂ ਵੀ ਵੱਡਾ ਕਿਉਂ ਨਾਂ ਹੋਵੇ ਰਸਮੀ ਕਾਰਵਾਈਆਂ ਤੋਂ ਅੱਗੇ ਕਦੇ ਵੀ ਨਹੀਂ ਜਾਇਆ ਜਾਂਦਾ । ਸਭ ਤੋਂ ਪਹਿਲੀ ਗੱਲ ਕਿਸੇ ਵੀ ਹਾਦਸੇ ਤੋਂ ਬਾਅਦ ਕਿਸੇ ਜਿੰਮੇਵਾਰ ਤੇ ਠੋਸ ਕਾਰਵਾਈ ਬਹੁਤ ਮੁਸਕਲਾਂ ਨਾਲ ਹੁੰਦੀ ਹੈ । ਹਾਦਸੇ ਲਈ ਜਿੰਮੇਵਾਰ ਨੂੰ ਅਦਾਲਤ ਜਾਣ ਦੀ ਵੀ ਲੋੜ ਨਹੀਂ ਕਿਉਂਕਿ ਸਾਡੇ ਕਾਨੂੰਨ ਅਨੁਸਾਰ ਉਸਨੂੰ ਪੁਲੀਸ ਹੀ ਆਪਣੇ ਅਧਿਕਾਰ ਵਰਤਕੇ ਜਮਾਨਤ ਤੇ ਛੱਡ ਸਕਦੀ ਹੈ ਬਸਰਤਿ ਕਿ ਕੋਈ ਰਾਜਨੀਤਕ ਦਬਾਉ ਨਾਂ ਹੋਵੇ । ਦੂਸਰਾ ਕੀ ਅਸੀਂ ਕਦੇ ਦੇਖਿਆ ਹੈ ਕਿ ਕਿਸੇ ਹਾਦਸੇ ਕਰਨ ਵਾਲੇ ਉੱਪਰ ਡਰਾਈਵਿੰਗ ਨਾਂ ਕਰਨ ਦੀ ਸਜਾ ਹੋਈ ਹੋਵੇ । ਕਿਸੇ ਵੀ ਹਾਦਸੇ ਲਈ ਜਿੰਮੇਵਾਰ ਵਿਅਕਤੀ ਦੇ ਡਰਾਈਵਿੰਗ ਲਾਈਸੰਸ ਤੇ ਕਦੇ ਵੀ ਕੋਈ ਕੁੱਝ ਦਰਜ ਨਹੀਂ ਕਰਦਾ । ਭਾਵੇਂ ਦਿੱਲੀ ਵਰਗੇ ਸ਼ਹਿਰ ਵਿੱਚ ਜਰੂਰ ਇਸ ਤਰਾਂ ਦਾ ਵਿਦੇਸ਼ੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੀ ਆੜ ਵਿੱਚ ਵੀ ਪੁਲੀਸ ਬਲੈਕਮੇਲਿੰਗ ਦਾ ਖੇਲ ਖੇਡ ਰਹੀ ਹੈ ਅਤੇ ਮੋਟੀ ਕਮਾਈ ਕਰੀ ਜਾ ਰਹੀ ਹੈ ।
ਦੂਸਰੇ ਪਾਸੇ ਜਿਸ ਤਰਾਂ ਪਿੱਛਲੇ ਕੁੱਝ ਸਾਲਾਂ ਵਿੱਚ ਮਸ਼ੀਨਰੀ ਦੇ ਵੱਧਣ ਦੀ ਰਫਤਾਰ ਉੱਪਰ ਕੋਈ ਰੋਕ ਨਹੀਂ ਹੈ ਜੋ ਕਿ ਆਵਾਜਾਈ ਦੇ ਰਾਹਾਂ ਦੀ ਕਪੈਸਟੀ ਅਨੁਸਾਰ ਵਧਣ ਦੇਣੀ ਚਾਹੀਦੀ ਹੈ ਪਰ ਸੜਕਾਂ ਬਣਾਉਣ ਦੀ ਰਫਤਾਰ ਬਹੁਤ ਹੀ ਘੱਟ ਹੈ ਜਦਕਿ ਆਵਾਜਾਈ ਦੇ ਸਾਧਨ ਅੰਨੀ ਗਿਣਤੀ ਵਿੱਚ ਵੱਧ ਰਹੇ ਹਨ । ਆਮ ਲੋਕ ਵਿਗਿਆਨ ਦੇ ਵਿਕਾਸ ਅਤੇ ਨਵੀਆਂ ਲੋੜਾਂ ਦੇ ਕਾਰਨ ਪਾਗਲਾਂ ਵਰਗੇ ਹੋਈ ਜਾ ਰਹੇ ਹਨ ਜੋ ਸੜਕਾਂ ਤੇ ਡਰਾਈਵਿੰਗ ਕਰਦਿਆਂ ਵੀ ਸੋਚਾਂ ਵਿੱਚ ਗਲਤਾਨ ਹੋਏ ਹਾਦਸਿਆਂ ਨੂੰ ਜਨਮ ਦਿੰਦੇ ਹਨ । ਅਦਾਲਤੀ ਸਿਸਟਮ ਵਿੱਚ ਕਿਸੇ ਹਾਦਸੇ ਲਈ ਜਿੰਮੇਵਾਰ ਵਿਅਕਤੀ ਨੂੰ ਸਜਾ ਕਰਵਾਉਣਾ ਹਾਦਸਾ ਗਰਸਤ ਪਰੀਵਾਰਾਂ ਲਈ ਇੱਕ ਹੋਰ ਵੱਡੀ ਸਜਾ ਹੈ ਜਿਸ ਕਾਰਨ ਗਰੀਬ ਲੋਕ ਤਾਂ ਸਮਝੌਤਾ ਕਰਨਾਂ ਹੀ ਬਿਹਤਰ ਸਮਝਦੇ ਹਨ ਜਦੋਂ ਕਿ ਅਮੀਰ ਲੋਕ ਕਿਸੇ ਛੋਟੇ ਜਿਹੇ ਹਾਦਸੇ ਨੂੰ ਵਰਤਕੇ ਵੀ ਮਜਬੂਰ ਲੋਕਾਂ ਦਾ ਸੋਸ਼ਣ ਕਰਦੇ ਹਨ । ਦੇਸ਼ ਦਾ ਟਰੈਫਿਕ ਵਿਭਾਗ ਵੀ ਵੱਡੇ ਭਰਿਸ਼ਟ ਮਹਿਕਮਿਆਂ ਵਿੱਚ ਸ਼ਾਮਿਲ ਹੈ । ਦੇਸ਼ ਦੇ ਰਾਜਨੇਤਾਵਾਂ ਨੇ ਜਦ ਵੀ ਕੋਈ ਫੰਡ ਇਕੱਠਾ ਕਰਨਾਂ ਹੁੰਦਾ ਹੈ ਤਦ ਇਸ ਲਈ ਵੀ ਟਰੈਫਿਕ ਮਹਿਕਮੇ ਦੀ ਹੀ ਸੇਵਾ ਲਈ ਜਾਂਦੀ ਹੈ ਜਿਸਦੀ ਆੜ ਵਿੱਚ ਆਮ ਲੋਕਾਂ ਦੀ ਦੁਗਣੀ ਲੁੱਟ ਸੁਰੂ ਹੋ ਜਾਂਦੀ ਹੈ । ਦੇਸ਼ ਦੇ ਰਾਜਨੇਤਾਵਾਂ ਦੀਆਂ ਗੱਡੀਆਂ ਨੂੰ ਕਿੱਧਰੇ ਵੀ ਕੋਈ ਰੋਕ ਨਹੀਂ ਹੈ ਜੋ ਹੂਟਰ ਮਾਰਦੀਆਂ ਆਮ ਲੋਕਾਂ ਨੂੰ ਡਰਾਉਦੀਆਂ ਹੋਈਆਂ ਦਨਦਨਾਉਦੀਆਂ ਲੰਘਦੀਆਂ ਹਨ । ਇਹਨਾਂ ਦੇ ਲੰਘਾਉਣ ਲਈ ਆਮ ਲੋਕਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ ਜਾਂਦੀ । ਸਾਡੇ ਦੇਸ਼ ਦੇ ਰਾਜਨੇਤਾ ਉਦਯੋਗਿਕ ਘਰਾਣਿਆਂ ਨੂੰ ਕਿਸੇ ਵੀ ਕਿਸਮ ਦਾ ਹੁਕਮ ਦੇਣ ਦੀ ਸਮੱਰਥਾਂ ਹੀ ਨਹੀਂ ਰੱਖਦੇ ਸਗੋਂ ਉਹਨਾਂ ਦੇ ਗੁਲਾਮ ਹੋਕੇ ਉਹਨਾਂ ਦੇ ਹੁਕਮ ਉਡੀਕਦੇ ਮਿਲਦੇ ਹਨ । ਉਦਯੋਗਿਕ ਘਰਾਣੇ ਆਪੋ ਆਪਣਾਂ ਉਤਪਾਦਨ ਬਿਨਾਂ ਕਿਸੇ ਰੋਕ ਦੇ ਵੇਚਕੇ ਹੱਦ ਤੋਂ ਵੱਧ ਗਿਣਤੀ ਆਵਾਜਾਈ ਸਾਧਨਾਂ ਦੀ ਨੂੰ ਵਧਾਈ ਜਾ ਰਹੇ ਹਨ । ਹਰ ਘਰ ਵਿੱਚ ਲੋੜ ਤੋਂ ਵੱਧ ਆਵਾਜਾਈ ਦੇ ਸਾਧਨ ਹੋਈ ਜਾ ਰਹੇ ਹਨ ਜਿੰਨਾਂ ਲਈ ਪਾਰਕਿੰਗ ਦਾ ਵੀ ਲੋੜੀਦਾਂ ਪਰਬੰਧ ਨਹੀਂ ਹੈ । ਸ਼ਹਿਰਾਂ ਵਿੱਚ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਜਾਂ ਗਲੀਆਂ ਨੂੰ ਵੀ ਪਾਰਕਿੰਗਾਂ ਹੀ ਬਣਾ ਦਿੱਤਾ ਗਿਆ ਹੈ । ਗਲੀਆਂ ਅਤੇ ਸੜਕਾਂ ਤੇ ਇਹਨਾਂ ਪਾਰਕਿੰਗ ਕੀਤੇ ਵਾਹਨਾਂ ਕਾਰਣ ਲੰਘਣਾਂ ਵੀ ਮੁਸ਼ਕਲ ਹੋਈ ਜਾ ਰਿਹਾ ਹੈ। ਇਹ ਕੋਹੋ ਜਿਹਾ ਵਿਕਾਸ ਹੈ । ਇਸ ਹਨੇਰਗਰਦੀ ਨਾਲ ਜਿੱਥੇ ਦੇਸ਼ ਦਾ ਵਾਤਵਰਣ ਗੰਧਲਾਂ ਹੋ ਰਿਹਾ ਹੈ ਉੱਥੇ ਦੇਸ਼ ਦੀ ਵਿਦੇਸ਼ੀ ਕਰੰਸੀ ਦਾ ਭੰਡਾਰ ਵੀ ਖਤਰੇ ਵਿੱਚ ਹੀ ਰਹਿੰਦਾ ਹੈ । ਇਸ ਤਰਾਂ ਦੇ ਹਾਲਾਤ ਜੇ ਇਸ ਤਰਾਂ ਹੀ ਵਧਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜਰੂਰ ਹੀ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ ।
ਸਾਡੇ ਰਾਜਨੇਤਾਵਾਂ ਨੂੰ ਇਹ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ । ਸਰਕਾਰਾਂ ਅਤੇ ਅਮੀਰਾਂ ਦੇ ਸਤਾਏ ਆਮ ਲੋਕ ਜਿਸ ਦਿਨ ਵੀ ਉੱਠਣਗੇ ਸਭ ਤੋਂ ਪਹਿਲਾਂ ਅੱਗ ਵੀ ਇਹਨਾਂ ਆਵਾਜਾਈ ਦੇ ਸਾਧਨਾਂ ਨੂੰ ਹੀ ਲਾਉਣਗੇ ਅਤੇ ਲਾਉਂਦੇ ਹਨ । ਦੁਨੀਆਂ ਜਿੱਤ ਲੈਣ ਵਾਲੇ ਮਨੁੱਖ ਨੂੰ ਅਪਾਹਜ ਬਣਾਉਣ ਵਾਲੇ ਇਹ ਆਵਾਜਾਈ ਦੇ ਸਾਧਨ ਅਤੇ ਸੜਕੀ ਪਰਬੰਧ ਦਾ ਬੈਲੈਸ ਜਰੂਰ ਬਣਾਇਆ ਜਾਣਾਂ ਚਾਹੀਦਾ ਹੈ । ਨਿੱਤ ਦਿਨ ਹਾਦਸਿਆਂ ਦੇ ਸਿਕਾਰ ਹੋਕੇ ਜਾਂਦੀਆਂ ਹਜਾਰਾਂ ਜਾਨਾਂ ਵੀ ਨਿਯਮਬੱਧ ਹੋਕੇ ਹੀ ਬਚਾਈਆਂ ਜਾ ਸਕਦੀਆਂ ਹਨ ।