ਜੇ ਕਿਤੇ ਘੁੰਢ ਰਹਿ ਜਾਂਦਾ ਤਾਂ
ਕਈ ਤੂਫ਼ਾਨਾਂ ਨੂੰ ਠੱਲ ਪੈ ਜਾਣੀ ਸੀ-
ਹਯਾ ਲੱਜਾ ਤੇ ਪਾਕੀਜ਼ਗੀ ਨੇ ਵਿਹੜਿਆਂ ਚ ਨੱਚਣਾਂ ਸੀ-
ਸ਼ਬਾਬ ਦੀ ਪਛਾਣ, ਸਨਮਾਨ, ਅਣਖ ਤੇ ਗ਼ੈਰਤ
ਨੇ ਘੁੰਮਣਾ ਸੀ ਰਾਹਾਂ ਚ
ਕੁਝ ਤਾਂ ਬਚ ਜਾਂਦਾ
ਅੰਗਿਆਰ ਘੁੰਢ ਓਹਲੇ ਹੀ ਰਹਿੰਦੇ
ਤਾਂ ਗੱਲ ਹੋਰ ਹੋਣੀ ਸੀ-
ਪਿੰਡ ਚ ਵਹੁਟੀ ਆਉਂੰਦੀ
ਸਾਰਾ ‘ਲਾਕਾ ਦੇਖਣ ਨੂੰ ਤਰਸਦਾ
ਸਿਤਾਰਿਆਂ ਨੂ ਨੀਦਂ ਨਾ ਆਉਂਦੀ
ਚੁੰਨੀ ਸਿਰ ਉਤੋਂ ਖਿਸਕਾਉਂਦੀ
ਨਵਾਰੀ ਪਲੰਘ ਉਪਰ ਬੈਠ ਕੇ,
ਜਿਵੇਂ ਸਰਘੀ ਦਾ ਸੂਰਜ ਹੌਲੀ-ਹੌਲੀ ਊਦੈ ਹੋ ਰਿਹਾ ਹੋਵੇ
ਗਲੀ ਮਹੱਲੇ ਦੀਆਂ ਕੁੜੀਆਂ
ਵਹੁਟੀ ਦੁਆਲੇ ਝੁਰਮਟ ਪਾ ਲੈਂਦੀਆਂ
ਸਿਤਾਰਿਆਂ ਵਾਲੀ ਚੁੰਨੀ ਸਰਕਾ 2 ਮੂੰਹ ਵੇਖਦੀਆਂ-
ਜਿਵੇਂ ਚੰਦ ਬਦਲੀ ਚੋਂ ਬਾਹਰ ਲਿਆਉਣਾ ਹੋਵੇ
ਇੱਜ਼ਤ ਦਾ ਪਰਦਾ ਸੀ ਪੰਜਾਬ ਤੇ
ਘੁੰਢ ਟੁਰ ਗਿਆ-
ਤਾਂਘ ਰੁਲ ਗਈ-
ਉਮੀਦ ਖੁਰ ਗਈ-
ਮਹਿੰਦੀ ਰੰਗੀਆਂ ਗੋਰੀਆਂ ਚਿੱਟੀਆਂ
ਬਾਹਾਂ ਹੱਥ ਹਥੇਲੀਆਂ ਹੀ ਕਾਫ਼ੀ ਸਨ -
ਪਿੰਡ ਚ ਤੂਫ਼ਾਨ ਲਿਆਉਣ ਨੂੰ
ਘਰ ਕਿਸੇ ਨਸ਼ੇ ਦੇ ਸਰੂਰ ‘ਚ ਡੁੱਬੇ ਰਹਿੰਦੇ ਸਨ-
ਪਿੰਡ ਵਾਲੇ ਬੁੱਢੇ ਵਕਤ ਨੀਝਾਂ ਲਾ 2
ਐਨਕਾਂ ਦੇ ਸ਼ੀਸੇ ਸਾਫ਼ ਤੇ ਠੀਕ ਕਰਦੇ
ਤੋਰਾਂ ਹੀ ਤੱਕਣ ‘ਚ ਦਿਨ ਲੰਘਾ ਦਿੰਦੇ ਸਨ-
ਅੱਖਾਂ ਵੀ ਨਾ ਝਮਕਦੇ-
ਕਿੰਨਾ ਚਾਅ ਹੁੰਦਾ ਸੀ
ਭਾਬੀ ਦੇ ਮੂੰਹ ਨੂੰ ਦੇਖਣ ਦਾ-
ਸਹੁਰੇ ਦੀ ਰੀਝ ਦੀ ਤਾਂ ਗੱਲ ਹੀ ਛੱਡੋ
ਬਿਨਾਂ ਖੰਘੇ ਬੂਹਾ ਖੜਕਾਏ
ਸੂਰਜ ਵੀ ਨਹੀ ਸੀ ਵੜਦਾ ਅੰਦਰ
ਘਰ ਚ ਝਾਂਜ਼ਰਾਂ ਦਾ ਕੋਈ ਸੰਗੀਤ ਝਰਦਾ ਸੀ-
ਵੰਗਾਂ ਦਾ ਗੀਤ ਵਰ੍ਹਦਾ ਸੀ-
ਅਸੀਂ ਆਪ ਹੀ ਮਿੱਟੀ ਪਾ ਕੇ
ਦੱਬ ਦਿਤੇ ਨੇ
ਛਣਕਾਰਾਂ ਤੇ ਗੀਤ
ਪਹਿਣ ਪੱਚਰ ਕੇ ਨਿਕਲੀ
ਵੀਰ ਤੇ ਭਾਬੀ ਦੀ ਜੋੜੀ ਨੂੰ
ਰਾਹਾਂ ਦੇ ਰੁੱਖ ਤੱਕਦੇ ਸਨ-
ਉਹਨਾਂ ਦੀ ਤੋਰ ਦੀ ਤਸਵੀਰ
ਸਾਰੇ ਹਿੱਕਾਂ ‘ਚ ਰੱਖਦੇ ਸਨ-
ਨਿੱਤ ਨਵੇਂ ਸੂਟ ‘ਚ ਸਜਿਆ ਕੋਈ ਜਾਂਦਾ ਸੀ-ਜਹਾਨ
ਹਵਾਵਾਂ ਦੇ ਬੁੱਲ੍ਹਿਆਂ ਦੀ ਵੀ ਉਹ ਕੱਢ ਲੈਂਦਾ ਸੀ ਜਾਨ