ਅੰਮ੍ਰਿਤਸਰ ਜਿਲ੍ਹੇ ਦੇ ਬਹੁਤ ਵੱਡੇ ਪਿੰਡ ਜਗਦੇਵ ਕਲਾਂ ਨੂੰ ਰਹਿੰਦੀ ਦੁਨੀਆਂ ਤਕ ਇਸ ਗੱਲ ਦਾ ਮਾਣ ਰਹੇਗਾ ਕਿ ਉਸਦੀ ਸਰਜ਼ਮੀਨ ਤੇ ਪੰਜਾਬੀ ਦਾ ਮਹਾਨ ਸ਼ਾਇਰ ਹਾਸ਼ਮ ਪੈਦਾ ਹੋਇਆ, ਖੇਡ੍ਹਿਆ ਮੱਲ੍ਹਿਆ ਅਤੇ ਜਜ਼ਬਾਤਾਂ ਨੂੰ ਟੁੰਬਣ ਵਾਲੀ ਸ਼ੈਲੀ ਵਿਚ, ਸ਼ਬਦਾਂ ਦਾ ਕਲਾਕਾਰ ਬਣ ਕੇ, ਜੀਵਨ ਨੂੰ ਸਮਝਣ ਦੀ ਖਾਸ ਦਿਸ਼ਾ ਦੇ ਗਿਆ। ਅੱਜ ਕੱਲ੍ਹ ਉਸਦਾ ਪਰਿਵਾਰ ਥਰਪਾਲ, ਜ਼ਿਲ੍ਹਾ ਸਿਆਲਕੋਟ ਅਤੇ ਲਾਹੌਰ ਵਿਚ ਵੱਸਦਾ ਹੈ।
27 ਨਵੰਬਰ 1735 ਨੂੰ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਜਨਮੇ ਹਾਸ਼ਮ ਸ਼ਾਹ ਨੂੰ ਹਿਕਮਤ ਦੀ ਵੀ ਸਮਝ ਸੀ। ਉਸਨੇ ਹਿੰਦੀ, ਸੰਸਕ੍ਰਿਤ ਵੀ ਪੜ੍ਹੀ ਸੀ। ਉਸਦਾ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿਚ ਵੀ ਵੱਡਾ ਮਾਣ ਸਤਿਕਾਰ ਸੀ।
ਹਾਸ਼ਮ ਨੇ ਹੀਰ ਰਾਂਝਾ, ਸੋਹਣੀ ਮਹੀਂਵਾਲ ਅਤੇ ਸ਼ੀਰੀ ਫ਼ਰਹਾਦ ਅਤੇ ਸੱਸੀ ਪੁੰਨੂੰ ਦੇ ਕਿੱਸੇ ਲਿਖੇ। ਸੋਹਣੀ ਮਹੀਵਾਲ ਅਤੇ ਸ਼ੀਰੀ ਫ਼ਰਹਾਦ ਦਾ ਕਿੱਸਾ ਪੰਜਾਬੀ ’ਚ ਸਭ ਤੋਂ ਪਹਿਲਾਂ ਹਾਸ਼ਮ ਨੇ ਲਿਖਿਆ। ਸੱਸੀ ਪੁੰਨੂੰ ਦਾ ਕਿੱਸਾ ਉਸਦੀ ਮਸ਼ਹੂਰ ਲਿਖਤ ਹੈ। ਪਰ ਮੈਂ ਉਸ ਦੇ ਕਿੱਸਿਆਂ ਉੱਤੇ ਪੀ-ਐਚ.ਡੀ. ਕਰਦਿਆਂ ਮਹਿਸੂਸ ਕੀਤਾ ਕਿ ਉਸਦੇ ਸੋਹਣੀ ਮਹੀਵਾਲ ਅਤੇ ਸ਼ੀਰੀ ਫ਼ਰਹਾਦ ਦੇ ਕਿੱਸਿਆਂ ਦੀ ਵਡਿਆਈ ਅਜੇ ਤਕ ਪਾਠਕਾਂ ਪਾਰਖੂਆਂ ਦੀ ਨਜ਼ਰੇ ਨਹੀਂ ਪਈ। ਇਹ ਦੋਵੇਂ ਕਿੱਸੇ ਵੀ ਬਹੁਤ ਸੋਹਣੇ ਹਨ।
ਪੰਜਾਬੀ ਕਿੱਸਾਕਾਰਾਂ ਵਿਚੋਂ ਹਾਸ਼ਮ ਇਸ ਗੱਲੋਂ ਵੀ ਨਿਵੇਕਲੀ ਵਡਿਆਈ ਦਾ ਹੱਕਦਾਰ ਹੈ ਕਿ ਉਸਨੇ ਵਧੀਆ ਕਿੱਸਿਆਂ ਤੋਂ ਇਲਾਵਾ ਹੋਰ ਲਿਖਤਾਂ ਵੀ ਲਿਖੀਆਂ ਜਿਵੇਂ ਦੋਹੜੇ, ਡਿਓੜਾਂ, ਗੰਜੇ ਅਸਰਾਰ ਛੇ ਸੀਹਰਫ਼ੀਆਂ ਤੇ ਕੁਝ ਗਜ਼ਲਾਂ। ਹਿੰਦੀ ’ਚ ਗਿਆਨ ਪ੍ਰਕਾਸ਼, ਸ਼ਲੋਕ, ਚਿੰਤਾ ਹਰ, ਪੋਥੀ ਰਾਜਨੀਤੀ, ਪੋਥੀ ਹਿਕਮਤ, ਟੀਕਾ ਪੰਜ ਗ੍ਰੰਥੀ। ਇਸਤੋਂ ਇਲਾਵਾ ਫਾਰਸੀ ’ਚ ਦੀਵਾਨ ਹਾਸ਼ਮ, ਮਸਨਵੀ ਹਾਸ਼ਮ, ਚਹਾਰ ਬਹਾਰ, ਫ਼ਕਰਨਾਮਾ ਆਦਿ (ਪਿਆਰਾ ਸਿੰਘ ਪਦਮ, ਹਾਸ਼ਮ ਰਚਨਾਲਵੀ)।
ਇੰਜ ਹਾਸ਼ਮ ਬਹੁਪੱਖੀ ਲੇਖਕ ਹੈ। ਉਸਨੇ ਸੁੰਦਰ ਠੇਠ ਪੰਜਾਬੀ ਵਿਚ, ਹੰਢੇ ਹੋਏ ਸ਼ਾਇਰ ਦਾ ਸਬੂਤ ਦੇਂਦਿਆਂ, ਮੋਤੀਆਂ ਵਾਂਗ ਸ਼ਬਦ ਚੁਗ ਚੁਗ ਸੰਜਮੀ ਸ਼ੈਲੀ ਵਿਚ ਕਿੱਸੇ ਲਿਖੇ। ਦਰਦ ਨੂੰ ਲਫ਼ਜ਼ਾਂ ਵਿਚ ਬੰਨ੍ਹਣ, ਅਤੇ ਪੜ੍ਹਨ ਸੁਣਨ ਵਾਲੇ ਦੇ ਦਿਲ ਨੂੰ ਧੂਹ ਪਾਉਣ ਦੀ ਹੱਦ ਤਕ ਪ੍ਰਭਾਵਿਤ ਕਰਨ ਪੱਖੋਂ ਉਹ ਬੇਮਿਸਾਲ ਹੈ। ਤਾਂ ਹੀ ਤਾਂ ਹਾਸ਼ਮ ਨੂੰ ਬਿਰਹਾ ਦੇ ਸਿਰਮੌਰ ਸ਼ਾਇਰ ਦਾ ਰੁੱਤਬਾ ਹਾਸਲ ਹੈ।
ਚਮਕੀ ਆਣ ਦੁਪਹਿਰਾ ਵੇਲੇ, ਗਰਮੀ ਗਰਮ ਬਹਾਰੇ।
ਤਪਦੀ ਵਾਓ ਵਗੇ ਅਸਮਾਨੋ, ਪੰਛੀ ਮਾਰ ਉਤਾਰੇ।
ਆਤਸ਼ ਦਾ ਦਰਿਆ ਖਲੋਤਾ, ਥਲ ਮਾਰੁੂ ਵਲ ਚਾਰੇ।
ਹਾਸ਼ਮ ਫੇਰ ਪਿਛਾਂਹ ਨਾ ਮੁੜਦੀ, ਲੂੰ- ਲੂੰ ਹੋਤ ਪੁਕਾਰੇ।
ਆਪਣੇ ਸਮੇਂ ਦੇ ਸਮਾਜ ਸ਼ਾਸਤ੍ਰੀ ਸੱਚ, ਵਕਤ ਦੀ ਰਾਜਨੀਤੀ ਅਤੇ ਜਮਾਤੀ ਸਮਾਜਕ ਸਭਿਆਚਾਕ ਬਣਤਰ ਦਾ ਖੂਬਸੂਰਤ ਬਿਆਨ ਜਿਵੇਂ ਹਾਸ਼ਮ ਨੇ ਕੀਤਾ, ਉਹ ਬੇਮਿਸਾਲ ਹੈ। ਉਸ ਨੇ ਦਵੱਈਆ ਛੰਦ ਨੂੰ ਤਿੰਨ ਕਿੱਸਿਆਂ ਸੱਸੀ, ਸੋਹਣੀ, ਸ਼ੀਰੀ ’ਚ ਇਉਂ ਵਰਤਿਆ ਤੇ ਨਿਖਾਰਿਆ ਹੈ ਕਿ ਪੜ੍ਹਨ ਵਾਲਾ ਅਸ਼ ਅਸ਼ ਕਰ ਉੱਠੇ।
ਪੱਛੜੇ ਅਤੇ ਦਕੀਆਨੂਸੀ ਸੋਚ ਵਾਲੇ ਸਮਾਜ ਨੂੰ ਮੁਹੱਬਤ ਦੀ ਪਾਕੀਜ਼ਗੀ ਦਾ ਸੁਨੇਹਾ ਜਿਸ ਅੰਦਾਜ਼ ’ਚ ਹਾਸ਼ਮ ਨੇ ਦਿੱਤਾ ਹੈ, ਉਹ ਨਿਵੇਕਲਾ ਅਤੇ ਕਾਬਲੇ ਤਾਰੀਫ਼ ਹੈ। ਉਸਦਾ ਇਕ ਇਕ ਲਫਜ਼ ਇਨਸਾਨ ਨੂੰ ਅੰਦਰ ਤਕ ਹਲੂਣ ਸੁੱਟਣ ਅਤੇ ਕੁੱਛ ਚੰਗਾ ਸੋਚਣ ਲਈ ਮਜਬੂਰ ਕਰਨ ਦੀ ਤਾਕਤ ਰੱਖਦਾ ਹੈ। ਉਸਦਾ ਨਜ਼ਰੀਆ ਕੁਦਰਤ ਵਰਗਾ ਵਿਸ਼ਾਲ ਹੈ ਅਤੇ ਅੰਦਾਜ਼ ਅਪ੍ਰੇਸ਼ਨ ਕਰਨ ਵਾਲੇ ਸਿਆਣੇ ਡਾਕਟਰ ਵਰਗਾ ਬੇਲਿਹਾਜਾ।
ਫ਼ਲਸਫ਼ਾਨਾ ਛੋਹ ਦੇ ਕੇ ਲਿਖਣਾ, ਇਨਸਾਨੀ ਮੂਲ ਦੀਆਂ ਤਰੰਗਾਂ ਛੇੜਨੀਆਂ ਅਤੇ ਉਹਨਾ ਦੇ ਸਮਾਜੀ ਬਣਤਰ ਨਾਲ ਰਗੜ ਖਾ ਕੇ ਨਿਕਲਣ ਵਾਲੇ ਚੰਗਿਆੜਿਆਂ ਦੀਆਂ ਫੁੱਲਝੜੀਆਂ ਵਖਾਉਣੀਆਂ, ਪਰ ਵਿਚੋਂ ਗਿਆਨ ਦੀ ਲਿਸ਼ਕੋਰ ਵੀ ਮਾਰਨੀ ਹਾਸ਼ਮ ਦੀ ਸ਼ਾਇਰੀ ਦੀ ਲਾਸਾਨੀ ਪ੍ਰਾਪਤੀ ਹੈ।
ਉਹਨਾਂ ਦੇ ਚੰਗੇ ਭਾਗ ਹੋਣਗੇ, ਜਿਹੜੇ ਹਾਸ਼ਮ ਦੀਆਂ ਲਿਖਤਾਂ ਨੂੰ ਪੜ੍ਹ ਲੈਣਗੇ। ਹਾਸ਼ਮ ਦੇ ਮੁਹੱਬਤੀ ਤੇ ਬਿਰਹਾ ਵਿਚ ਗੜੁੱਚ ਲਫਜ਼ ਪੜਨ ਸੁਣਨ ਵਾਲੇ ਨੂੰ ਨਿਚੋੜ ਕੇ ਬਦੋ-ਬਦੀ ਉਸਦੀਆਂ ਅੱਖਾਂ ਵਿਚੋਂ ਹੰਝੂ ਕੱਢ ਲਿਆਉਂਦੇ ਹਨ।
ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ।
ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ।
ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿਚ ਮਰਸਾਂ।
ਹਾਸ਼ਮ ਸ਼ਾਹ ਜੀਓ, ਅੱਜ ਤੁਸਾਂ ਨੂੰ ਯਾਦ ਕਰਦਿਆਂ ਅਸੀਂ ਇਹ ਵੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਕਿ ਸੋਹਣਾ ਲਿਖਾਰੀ ਹੋਣਾ ਇਨਸਾਨੀਅਤ ਲਈ ਕਿੰਨਾ ਖਾਸ ਹੁੰਦਾ ਹੈ। ਜੀਵਨ ਸਾਥੀ ਦੀ ਚੋਣ ਵਿਚ ਧੀਆਂ ਪੁੱਤਰਾਂ ਦੇ ਜ਼ਜ਼ਬਿਆਂ ਨੂੰ ਬਣਦੀ ਥਾਂ ਦਵਾਉਣ ਲਈ ਕਿੱਸਾ ਰਚਨਾਵਾਂ ਦੇ ਰੂਪ ਵਿਚ ਤੁਹਾਡੀ ਘਾਲਣਾ ਕਿੰਨੀ ਮੁਲਵਾਨ ਸੀ ਤੇ ਅੱਜ ਵੀ ਹੈ। ਇਸ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਇਨਸਾਨੀ ਸਮਾਜ ਤੁਹਾਡੇ ਵਖਾਏ ਰਸਤੇ ਉਤੇ ਹੀ ਅੱਗੇ ਵਧ ਰਿਹਾ ਹੈ।