ਨਵੀਂ ਦਿੱਲੀ – ਸੰਸਦ ਵਿੱਚ ਵਿਰੋਧੀ ਦਲਾਂ ਵੱਲੋਂ ਮੋਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਸਾਧਣੀ ਜੋਤੀ ਦੇ ਵਿਵਾਦਤ ਬਿਆਨ ਤੇ ਕੀਤੇ ਗਏ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਠੱਪ ਕਰਨੀ ਪਈ।ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਜਬਰਦਸਤ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਕਰਨ ਕਰਕੇ ਸਾਧਣੀ ਮੰਤਰੀ ਨੂੰ ਉਸ ਵੱਲੋਂ ਵਰਤੀ ਗਈ ਅਸਭਿਆ ਭਾਸ਼ਾ ਲਈ ਮਾਫ਼ੀ ਮੰਗਣੀ ਪਈ। ਔਪੋਜੀਸ਼ਨ ਵੱਲੋਂ ਉਸ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਗਈ।
ਸਾਧਣੀ ਨਿਰੰਜਨ ਜੋਤੀ ਦੇ ਇਤਰਾਜ਼ਯੋਗ ਬਿਆਨ ਤੋਂ ਬੀਜੇਪੀ ਪਹਿਲਾਂ ਹੀ ਕਿਨਾਰਾ ਕਰ ਚੁੱਕੀ ਹੈ। ਕੇਂਦਰੀ ਮੰਤਰੀ ਵੇਂਕਯਾ ਨਾਇਡੂ ਨੇ ਉਸ ਦੇ ਬਿਆਨ ਨੂੰ ਬਹੁਤ ਹੀ ਗੰਭੀਰ ਕਰਾਰ ਦਿੱਤਾ। ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਦੇਸ਼ ਦੇ ਸੰਵਿਧਾਨ ਦੀ ਆਤਮਾ ਦੇ ਖਿਲਾਫ਼ ਹੈ ਅਤੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਧਣੀ ਵੱਲੋਂ ਵਰਤੀ ਗਈ ਭਾਸ਼ਾ ਨ ਬੇਹੱਦ ਇਤਰਾਜ਼ਯੋਗ ਦੱਸਦੇ ਹੋਏ ਮੰਗ ਕੀਤੀ ਗਈ ਕਿ ਸਰਕਾਰ ਤੁਰੰਤ ਕਾਰਵਾਈ ਕਰਕੇ ਸਾਧਣੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰੇ। ਇਹ ਵੀ ਕਿਹਾ ਗਿਆ ਕਿ ਮੰਤਰੀ ਨੇ ਕਾਨੂੰਨ ਦਾ ਉਲੰਘਣ ਕੀਤਾ ਹੈ, ਇਸ ਲਈ ਉਸ ਉਪਰ ਅਪਰਾਧਿਕ ਮਾਮਲਾ ਦਰਜ਼ ਕੀਤਾ ਜਾਵੇ। ਸੱਭ ਪਾਸਿਆਂ ਤੋਂ ਲਾਹਨਤਾਂ ਪੈਣ ਤੋਂ ਬਾਅਦ ਆਖਿਰ ਸਾਧਣੀ ਨੂੰ ਮਾਫ਼ੀ ਮੰਗਣੀ ਪਈ।
ਵਰਨਣਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਦੀ ਇਸ ਸਾਧਣੀ ਮੰਤਰੀ ਜੋਤੀ ਨੇ ਕਿਹਾ, ‘ਤੁਸੀਂ ਤੈਅ ਕਰਨਾ ਹੈ ਕਿ ਦਿੱਲੀ ਵਿੱਚ ਸਰਕਾਰ ਰਾਮਜਾਦੋਂ ਦੀ ਬਣੇਗੀ ਜਾਂ ਹਰਾਮਜਾਦੋਂ ਦੀ। ਇਹ ਤੁਹਾਡਾ ਫੈਂਸਲਾ ਹੈ।’