ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਨੇ ਭਾਜਪਾ ਦੀ ਕੇਂਦਰੀ ਮੰਤਰੀ ਨਿਰੰਜਨ ਸਾਧਣੀ ਵੱਲੋਂ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਇੱਕ ਸਮਾਗਮ ਵਿੱਚ ਸਮੂਹ ਗੈਰ ਹਿੰਦੂ ਧਰਮਾਂ ਦੇ ਲੋਕਾਂ ਤੇ ਭਾਜਪਾ ਤੋ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ‘ਤੇ ਕੀਤੀ ਗਈ ਭੱਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਸਮਾਗਮ ਵਿੱਚ ਸਾਧਣੀ ਵੱਲੋਂ ਭੱਦੀ ਟਿੱਪਣੀ ਕੀਤੀ ਗਈ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਕਿਸੇ ਦੇਰੀ ਤੋਂ ਬਰਖਾਸਤ ਕਰਕੇ ਗੁਰੂ ਸਾਹਿਬ ਦੁਆਰਾ ਸਾਜੇ ਗਏ ਨਿਆਰੇ ਸਿੱਖ ਪੰਥ ਦੀਆਂ ਪਰੰਪਰਾਵਾਂ ਤੇ ਪਹਿਰਾ ਦੇਣ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਉਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ ਸੀ ਜਿਸ ਦੀ ਬੁਨਿਆਦ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਸੀ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਨਵੀਨਤਮ ਸਿੱਖ ਧਰਮ ਦੀ ਬੁਨਿਆਦ ਰੱਖੀ ਜਦ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਸ ਨੂੰ ਨਿਆਰੇ ਪੰਥ ਦਾ ਦਰਜਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਟੇਜ ਤੋਂ ਜੋ ਕੁਝ ਉੱਲ ਜਲੂਲ ਸਾਧਣੀ ਨੇ ਬੋਲ ਕੇ ਸਮੂਹ ਘੱਟ ਗਿਣਤੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਠੇਸ ਪਹੁੰਚਾਈ ਹੈ ਉਸ ਲਈ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਦੇ ਮੁੱਢਲੇ ਸਿਧਾਂਤ ਅਨੁਸਾਰ ਜੋ ਕੁਝ ਸਾਧਣੀ ਨੇ ਕਿਹਾ ਹੈ ਉਹ ਪੂਰੀ ਤਰਾਂ ਪੰਥਕ ਰਵਾਇਤਾਂ ਦੇ ਉਲਟ ਹੈ ਅਤੇ ਅਜਿਹੀ ਭੱਦੀ ਭਾਸ਼ਾ ਵਤਰਣ ਵਾਲੀ ਸਾਧਣੀ ਨੂੰ ਸਿਰੋਪਾ ਪਾ ਕੇ ਸਿਰਸੇ ਨੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਲਈ ਸਿਰਸੇ ਨੂੰ ਬਿਨਾਂ ਕਿਸੇ ਦੇਰੀ ਤੋਂ ਅਕਾਲੀ ਦਲ ‘ਚੋਂ ਬਰਖਾਸਤ ਕੀਤਾ ਜਾਵੇ ਅਤੇ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਰੋਪਾ ਸਿਰਫ ਉਸ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ ਜਿਸ ਨੇ ਪੰਥ ਲਈ ਕੋਈ ਕੁਰਬਾਨੀ ਕੀਤੀ ਹੋਵੇ ਪਰ ਸਿਰਸੇ ਨੇ ਤਾਂ ਘੱਟ ਗਿਣਤੀਆ ਪ੍ਰਤੀ ਭੱਦੀ ਭਾਸ਼ਾ ਵਰਤਣ ਵਾਲੀ ਸਾਧਣੀ ਨੂੰ ਸਿਰੋਪਾ ਦੇ ਕੇ ਸਿਰੋਪਾ ਪਰੰਪਰਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਪੰਥਕ ਪਰੰਪਰਾਵਾਂ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਤੇ ਵੀ ਹੈਰਾਨੀ ਪ੍ਰਗਟ ਕਰਦਿਆ ਸ੍ਰ ਸਰਨਾ ਨੇ ਕਿਹਾ ਕਿ ਮਾਮੂਲੀ ਮਾਮੂਲੀ ਮੁੱਦਿਆ ਨੂੰ ਲੈ ਕੇ ਤਾੜਨਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਤੇ ਬਾਦਲ ਵਿਰੋਧੀਆਂ ਨੂੰ ਵਾਰ ਵਾਰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਾਲੇ ਜੱਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਚੁੱਪ ਵੀ ਇਸ ਮੁੱਦੇ ਨੂੰ ਲੈ ਕੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਹ ਦੋਵੇ ਪੰਥਕ ਸੰਸਥਾਵਾਂ ਤੁਰੰਤ ਕਾਰਵਾਈ ਕਰਕੇ ਸਿਰਸੇ ਦੇ ਖਿਲਾਫ ਫਤਵਾ ਜਾਰੀ ਕਰਦੀਆਂ ਪਰ ਚੁੱਪ ਰਹਿਣਾ ਵੀ ਗੁਨਾਹਗਾਰ ਨੂੰ ਹੋਰ ਸ਼ਹਿ ਦੇਣਾ ਹੈ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀ ਕਰੇਗਾ।