ਪੰਜਾਬ ਗੁਰੂਆਂ,ਪੀਰਾਂ,ਦਰਵੇਸ਼ਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ,ਇਥੋਂ ਦੇ ਨਾਗਰਿਕ ਦਲੇਰ,ਫਰਾਕ ਦਿਲ,ਸਰਬਤ ਦੇ ਭਲੇ ਦੇ ਹਾਮੀ,ਵੰਡ ਕੇ ਛਕਣ ਵਾਲੇ ਅਤੇ ਦਿਲ ਦਰਿਆ ਹਨ। ਪੰਜਾਬੀਆਂ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ,ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਿਆਸਤ ਗੰਧਲੀ ਹੋਣ ਵੱਲ ਅੱਗੇ ਵੱਧ ਰਹੀ ਹੈ। ਪੰਜਾਬੀਆਂ ਨੂੰ ਸਿਆਸਤਦਾਨ ਆਪਣੀ ਖੁਦਗਰਜੀ ਲਈ ਫਿਰਕੂ ਲੀਹਾਂ ਤੇ ਤੋਰ ਕੇ ਵੰਡਣਾ ਚਾਹੁੰਦੇ ਹਨ,ਜਿਸ ਨਾਲ ਪੰਜਾਬੀਆਂ ਵਿਚ ਵੰਡੀਆਂ ਪੈਣ ਦੀ ਸੰਭਾਵਨਾ ਵੱਧ ਰਹੀ ਹੈ। ਪੰਜਾਬ ਨੇ ਤਾਂ ਪਹਿਲਾਂ ਹੀ 80ਵਿਆਂ ਵਿਚ ਬੜਾ ਸੰਤਾਪ ਭੋਗਿਆ ਹੈ। ਸਿਆਸਤਦਾਨ ਪੰਜਾਬ ਨੂੰ ਮੁੜ ਉਨ੍ਹਾਂ ਲੀਹਾਂ ਤੇ ਘੜੀਸਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਆਸਤ ਦਾ ਦੂਜਾ ਨਾਂ ਤਿਗੜਮਬਾਜ਼ੀ ਹੈ। ਸਿਆਤਦਾਨਾ ਦੇ ਕਿਰਦਾਰ ਵਿਚ ਦਿਨ-ਬਦਿਨ ਗਿਰਾਵਟ ਆ ਰਹੀ ਹੈ। ਉਹ ਆਪੋ ਆਪਣੀਆਂ ਪਾਰਟੀਆਂ ਦੇ ਅਸੂਲਾਂ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਥਾਂ ਕੋਝੀਆਂ ਚਾਲਾਂ ਚਲਣ ਵਿਚ ਹੀ ਮਸ਼ਰੂਫ ਹਨ। ਲੋਕਾਂ ਨੂੰ ਜਾਤ ਪਾਤ,ਧਰਮ,ਬੋਲੀਆਂ ਅਤੇ ਫਿਰਕਿਆਂ ਤੇ ਅਧਾਰਤ ਵੰਡਣ ਦੀਆਂ ਚਾਲਾਂ ਚਲ ਰਹੇ ਹਨ,ਜਿਸ ਨਾਲ ਸਮਾਜ ਵਿਚ ਵੰਡੀਆਂ ਪੈਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ।
ਪੰਜਾਬ ਵਿਚ ਪਿਛਲੇ ਇਤਿਹਾਸ ਤੇ ਨਜ਼ਰ ਮਾਰਿਆਂ ਸ਼ਪਸ਼ਟ ਹੁੰਦਾ ਹੈ ਕਿ ਅਕਾਲੀ ਦਲ,ਕਾਂਗਰਸ,ਬੀ.ਜੇ.ਪੀ. ਅਤੇ ਕਮਿਊਨਿਸਟ ਪਾਰਟੀਆਂ ਹੀ ਸਿਆਸੀ ਮੈਦਾਨ ਵਿਚ ਪ੍ਰਭਾਵ ਰੱਖਦੀਆਂ ਰਹੀਆਂ ਹਨ। ਅਕਾਲੀ ਅਤੇ ਕਾਂਗਰਸ ਇਕੱਠੇ ਚੋਣਾਂ ਲੜਦੇ ਰਹੇ ਹਨ। ਉਦੋਂ ਅਕਾਲੀ ਦਲ ਕਾਂਗਰਸ ਨਾਲ ਸਮਝੌਤੇ ਅਧੀਨ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜਦੇ ਸਨ। ਇਹ ਪਾਰਟੀਆਂ ਆਪਣੀ ਵਿਚਾਰਧਾਰਾ ਤੇ ਹੀ ਪਹਿਰਾ ਦਿੰਦੀਆਂ ਸਨ ਪ੍ਰੰਤੂ ਹੁਣ ਨਵਾਂ ਹੀ ਝੁਕਾਅ ਪੈਦਾ ਹੋ ਗਿਆ ਹੈ ਕਿ ਉਹ ਆਪਣੀਆਂ ਪਾਰਟੀਆਂ ਨੂੰ ਹੋਰ ਸੰਗਠਤ ਕਰਨ ਦੇ ਬਹਾਨੇ ਆਪਣਾ ਆਧਾਰ ਵਧਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਤਜਵੀਜਾਂ ਤੇ ਅਮਲ ਕਰ ਰਹੀਆਂ ਹਨ। ਇਸ ਸਮੇਂ ਧਰਮ ਦੇ ਆਧਾਰ ਤੇ ਬਣੀਆਂ ਦੋ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ,ਜਿਹੜੀ ਪਹਿਲਾਂ ਜਨ ਸੰਘ ਦੇ ਨਾਂ ਤੇ ਜਾਣੀ ਜਾਂਦੀ ਸੀ,ਸਾਂਝੀ ਸਰਕਾਰ ਬਣਾਕੇ ਪੰਜਾਬ ਵਿਚ ਰਾਜ ਕਰ ਰਹੀਆਂ ਹਨ। ਕੁਝ ਸਮਾਂ ਪਹਿਲਾਂ ਤੱਕ ਇਹ ਦੋਵੇਂ ਪਾਰਟੀਆਂ ਆਪਸੀ ਸਹਿਯੋਗ ਨਾਲ ਕੰਮ ਕਰ ਰਹੀਆਂ ਸਨ। ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਸਨ। ਪ੍ਰੰਤੂ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਪਾਰਟੀਆਂ ਨੇ ਆਪੋ ਆਪਣਾ ਆਧਾਰ ਵਧਾਉਣ ਦੇ ਇਰਾਦੇ ਨਾਲ ਫਿਰਕੂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦੇ ਸਿੱਟੇ ਵੱਜੋਂ ਅਕਾਲੀ ਦਲ ਨੇ 11 ਹਿੰਦੂਆਂ ਅਤੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਇਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਕਿਉਂਕਿ ਉਨ੍ਹਾਂ ਵਿਚੋਂ 9 ਵਿਅਕਤੀ ਜਿੱਤ ਕੇ ਵਿਧਾਨਕਾਰ ਬਣ ਗਏ। ਇੰਜ ਕਰਨ ਤੋਂ ਲਗਦਾ ਹੈ ਕਿ ਅਕਾਲੀ ਦਲ ਦੇ ਦਿਲ ਵਿਚ ਖੋਟ ਸੀ,ਉਹ ਬੀ.ਜੇ.ਪੀ.ਤੋਂ ਅੰਦਰਖਾਤੇ ਹਿੰਦੂਆਂ ਨੂੰ ਤੋੜਕੇ ਆਪਣੇ ਨਾਲ ਜੋੜਨਾ ਚਾਹੁੰਦੇ ਸਨ। ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਚਾਲ ਦਾ ਇਲਮ ਹੋ ਗਿਆ ਸੀ,ਇਸ ਕਦਮ ਨੂੰ ਉਨ੍ਹਾਂ ਆਪਣੇ ਲਈ ਚੁਣੌਤੀ ਸਮਝਿਆ ਅਤੇ ਉਨ੍ਹਾਂ ਸਿੱਖ ਸਮੁਦਾਏ ਦੇ ਵਿਅਕਤੀਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਕਿਸਮ ਨਾਲ ਅੰਦਰਖਾਤੇ ਦੋਹਾਂ ਪਾਰਟੀਆਂ ਵਿਚ ਟਕਰਾਓ ਦੀ ਸਥਿਤੀ ਪੈਦਾ ਹੋ ਗਈ। ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਕਤਲ ਤੋਂ ਬਾਅਦ ਬੀ.ਜੇ.ਪੀ.ਨੇ ਪੰਜਾਬ ਵਿਚ ਸਿੱਖਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਢਿਲਾ ਪਾ ਦਿੱਤਾ ਸੀ ਕਿਉਂਕਿ ਉਹ ਅਸ਼ਾਂਤ ਮਾਹੌਲ ਦਾ ਪਹਿਲਾਂ ਹੀ ਸੇਕ ਝੱਲ ਚੁਕੇ ਸਨ।
ਅਕਾਲੀ ਦਲ ਤਾਂ 1920 ਵਿਚ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਲਈ ਹੀ ਬਣਿਆ ਸੀ। ਇਸ ਨੇ ਆਪਣੀ ਪਾਰਟੀ ਵਿਚ ਹਿੰਦੂਆਂ ਨੂੰ ਸ਼ਾਮਲ ਕਰਕੇ ਉਚ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਅਕਾਲੀ ਦਲ ਦੇ ਜਨਰਲ ਸਕੱਤਰ ਰਾਜਿੰਦਰ ਗੁਪਤਾ ਅਤੇ ਨਰੇਸ਼ ਗੁਜਰਾਲ ਹਨ। ਅਕਾਲੀ ਦਲ ਦਾ ਖਜਾਨਚੀ ਨਰਿੰਦਰ ਸ਼ਰਮਾ ਅਤੇ ਕਈ ਜਿਲ੍ਹਿਆਂ ਦੇ ਪ੍ਰਧਾਨ ਹਿੰਦੂ ਹਨ। ਭਾਰਤੀ ਜਨਤਾ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਵੋਟ ਬੈਂਕ ਵਿਚ ਸਨ੍ਹ ਲਗਾ ਰਿਹਾ ਹੈ। ਉਸਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਗਾ ਕੇ ਅਕਾਲੀ ਦਲ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਨੇ ਆਪਸੀ ਫੁਟ ਦੀ ਸੁਲਗਦੀ ਅੱਗ ਤੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਕਿਉਂਕਿ ਅਕਾਲੀ ਦਲ ਨੇ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਵਿਰੁਧ ਇਨੈਲੋ ਦਾ ਸਾਥ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਸਮਝਦੀ ਹੈ ਕਿ ਅਕਾਲੀ ਦਲ ਨੇ ਸਾਂਝੀ ਸਰਕਾਰ ਦੇ ਧਰਮ ਦੇ ਖਿਲਾਫ ਕਾਰਵਾਈ ਕੀਤੀ ਹੈ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਅਨੋਖੀ ਜਿੱਤ ਨੇ ਪੰਜਾਬ ਵਿਚ ਬੀ.ਜੇ.ਪੀ.ਨੂੰ ਸੰਗਠਤ ਕਰਨ ਲਈ ਉਤਸ਼ਾਹਤ ਕੀਤਾ।
ਭਾਰਤੀ ਜਨਤਾ ਪਾਰਟੀ ਦਾ ਮੁੱਢਲਾ ਵਿੰਗ ਆਰ.ਐਸ.ਐਸ.ਆਪਣੇ ਫਿਰਕੇ ਦੀ ਆਬਾਦੀ ਵਾਲੇ ਥਾਵਾਂ ਤੇ ਆਪਣੀਆਂ ਸ਼ਾਖਾਵਾਂ ਲਗਾ ਕੇ ਪਹਿਲਾਂ ਹੀ ਸ਼ਹਿਰਾਂ ਵਿਚ ਧਾਰਮਿਕ ਸੰਦੇਸ਼ ਦਿੰਦਾ ਸੀ। ਹੁਣ ਭਾਰਤੀ ਜਨਤਾ ਪਾਰਟੀ ਦੀਆਂ ਨਵੀਂਆਂ ਨੀਤੀਆਂ ਅਨੁਸਾਰ ਉਸਨੇ ਦਿਹਾਤੀ ਇਲਾਕਿਆਂ ਵਿਚ ਵੀ ਇਹ ਸ਼ਾਖਾਵਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਉਹ ਅਕਾਲੀ ਦਲ ਦੇ ਆਧਾਰ ਨੂੰ ਖੋਰਾ ਲਗਾ ਕੇ ਆਪਣੇ ਨਾਲ ਜੋੜ ਸਕਣ। ਪੰਜਾਬ ਵਿਚ ਆਰ.ਐਸ.ਐਸ.ਦੀਆਂ 630 ਸ਼ਾਖਾਵਾਂ ਕੰਮ ਕਰ ਰਹੀਆਂ ਹਨ,ਹੁਣ 200 ਹੋਰ ਸ਼ਾਖਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ,ਇਸ ਮੰਤਵ ਲਈ ਪੰਜਾਬ ਨੂੰ 7 ਹਿੱਸਿਆਂ,ਪਟਿਆਲਾ,ਅੰਮ੍ਰਿਤਸਰ,ਬਠਿੰਡਾ,ਲੁਧਿਆਣਾ,ਫੀਰੋਜਪੁਰ,ਜ¦ਧਰ ਅਤੇ ਪਠਾਨਕੋਟ ਵਿਚ ਵੰਡਕੇ ਇਸਦੇ ਪ੍ਰਭਾਰੀ ਬਣਾ ਦਿੱਤੇ ਗਏ ਹਨ। ਇਹ ਸਾਰਾ ਕੰਮ ਯੋਜਨਾਬੱਧਢੰਗ ਨਾਲ ਕੀਤਾ ਜਾ ਰਿਹਾ ਹੈ,ਇਸ ਲਈ ਸੰਘ ਦੇ ਮੁੱਖੀ ਮੋਹਨ ਭਗਵਤ ਪੰਜਾਬ ਵਿਚ 4 ਫੇਰੀਆਂ ਮਾਰ ਗਏ ਹਨ। ਇੱਕ ਫੇਰੀ ਦੌਰਾਨ ਉਨ੍ਹਾਂ ਨੇ ਇੱਤਰਾਜ਼ਯੋਗ ਟਿਪਣੀ ਵੀ ਕੀਤੀ ਸੀ,ਜੋ ਚਰਚਾ ਦਾ ਵਿਸ਼ਾ ਬਣੀ ਰਹੀ ਸੀ। ਵਰਤਮਾਨ ਪ੍ਹਧਾਨ ਮੰਤਰੀ ਪੰਜਾਬ ਦੇ ਬੀ.ਜੇ.ਪੀ.ਦੇ ਇਨਚਾਰਜ ਵੀ ਰਹੇ ਹਨ,ਉਨ੍ਹਾਂ ਦੇ ਵੀ ਨੇਤਾਵਾਂ ਨਾਲ ਚੰਗੇ ਸੰਬੰਧ ਹਨ। ਇਸ ਤੋਂ ਇਲਾਵਾ ਪੰਜਾਬੀਆਂ ਨਾਲ ਬਾਵਾਸਤਾ ਰਹਿਣ ਲਈ ਬੀ.ਜੇ.ਪੀ.ਆਪਣੇ ਸਵੈਇੱਛਤ ਵਿੰਗਾਂ ਜਿਵੇਂ ਭਾਰਤੀ ਵਿਕਾਸ ਪਰੀਸ਼ਦ,ਸੇਵਾ ਭਾਰਤੀ,ਮਜ਼ਦੂਰ ਸੰਘ ਅਤੇ ਅਖਿਲ ਭਾਰਤੀਆ ਵਿਦਿਆਰਥੀ ਪਰੀਸ਼ਦ ਰਾਹੀਂ ਵੀ ਸਮਾਗਮ ਕਰਕੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਦੇ ਰਹੇ ਹਨ। ਇਹ ਸ਼ਾਖਾਵਾਂ ਲਗਾਉਣ ਨਾਲ ਕਿਹਾ ਜਾਂਦਾ ਹੈ ਕਿ ਪਿੰਡਾਂ ਵਿਚ ਫਿਰਕੂ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬੀ.ਜੇ.ਪੀ.ਨੇ ਸਿੱਖ ਸਮੁਦਾਇ ਦੇ ਲੋਕਾਂ ਨੂੰ ਵੀ ਆਪਣੀ ਪਾਰਟੀ ਵਿਚ ਸ਼ਾਮਲ ਕਰਕੇ ਅਹਿਮ ਸਥਾਨ ਦੇਣੇ ਸ਼ੁਰੂ ਕਰ ਦਿੱਤੇ ਹਨ। ਪਰਮਦੀਪ ਸਿੰਘ ਗਿੱਲ ਸਾਬਕਾ ਡੀ.ਜੀ.ਪੀ.ਪੰਜਾਬ ਜੋ ਕਿ ਅਕਾਲੀ ਦਲ ਦੇ ਟਿਕਟ ਤੇ ਮੋਗਾ ਤੋਂ ਵਿਧਾਨ ਸਭਾ ਦੀ ਚੋਣ ਲੜਿਆ ਸੀ,ਉਸਨੂੰ ਬੀ.ਜੇ.ਪੀ.ਨੇ ਆਪਣੇ ਵਿਚ ਸ਼ਾਮਲ ਕਰਕੇ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰਮਦੀਪ ਸਿੰਘ ਗਿੱਲ ਨੂੰ ਜੰਮੂ ਕਸ਼ਮੀਰ ਦੀ ਚੋਣ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਬਣਾ ਦਿੱਤਾ ਗਿਆ ਹੈ। ਹੁਣ ਸੁਣਨ ਵਿਚ ਆ ਰਿਹਾ ਹੈ ਕਿ ਕੁਝ ਅਕਾਲੀ ਦਲ ਦੇ ਸੀਨੀਅਰ ਲੀਡਰ ਵੀ ਬੀ.ਜੇ.ਪੀ.ਦਾ ਪੱਲਾ ਫੜਨ ਲਈ ਤਰਲੋ ਮੱਛੀ ਹੋ ਰਹੇ ਹਨ।
ਪੰਜਾਬ ਸਰਕਾਰ ਦਾ ਖੁਫੀਆ ਵਿਭਾਗ ਸ਼ੱਕੀ ਨੇਤਾਵਾਂ ਤੇ ਕਰੜੀ ਨਿਗਾਹ ਰੱਖ ਰਿਹਾ ਹੈ। ਪੰਜਾਬ ਵਿਚ ਬੀ.ਜੇ.ਪੀ. ਨੇ ਮੈਂਬਰਸ਼ਿਪ ਬਣਾਉਣ ਦੀ ਮੁਹਿੰਮ ਜਲੰਧਰ ਤੋਂ ਸ਼ੁਰੂ ਕੀਤੀ ਹੈ,ਜਿਸ ਵਿਚ ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਹਨ,ਪਹਿਲੀ ਸੱਟੇ ਉਨ੍ਹਾਂ ਅਕਾਲੀ ਪੱਖੀ ਸਿੱਖ ਜਿਨ੍ਹਾਂ ਵਿਚ ਓਂਕਾਰ ਸਿੰਘ ਪਾਹਵਾ ਸਨਅਤਕਾਰ,ਜਗਮੋਹਨ ਸਿੰਘ ਨਾਮਧਾਰੀ,ਜਰਨੈਲ ਸਿੰਘ ਬਾਜਵਾ ਪ੍ਰਾਪਰਟੀ ਡਿਵੈਲਪਰ,ਗੁਰਦੀਪ ਸਿੰਘ ਸਾਬਕਾ ਆਈ.ਐਫ਼.ਐਸ.,ਰੋਜ਼ੀ ਭੱਠਲ ਅਤੇ ਸ਼ਹੀਦ ਸੁਖਦੇਵ ਦੇ ਪਰਵਾਰ ਦੇ ਮੈਂਬਰ ਬੀ.ਜੇ.ਪੀ.ਵਿਚ ਸ਼ਾਮਲ ਕੀਤੇ ਹਨ। ਭਾਰਤੀ ਜਨਤਾ ਪਾਰਟੀ ਦਾ ਸਿੱਖ ਸੰਗਤ ਵਿੰਗ ਵੀ ਦੁਬਾਰਾ ਸੰਗਠਤ ਕੀਤਾ ਜਾ ਰਿਹਾ ਹੈ। ਇਹ ਵਿੰਗ ਇਸਦੇ ਮੁੱਖੀ ਰੁਲਦਾ ਸਿੰਘ ਦੇ ਕਤਲ ਤੋਂ ਬਾਅਦ ਠੱਪ ਹੀ ਪਿਆ ਸੀ। ਪਾਰਟੀਆਂ ਨੂੰ ਮੈਂਬਰਸ਼ਿਪ ਰਾਹੀਂ ਸੰਗਠਤ ਕਰਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਪਾਰਟੀਆਂ ਵਿਚ ਫਿਰਕੂ ਲੀਹਾਂ ਤੇ ਸ਼ਾਮਲ ਕਰਕੇ ਸੰਗਠਤ ਕਰਨਾ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਖ਼ਤਰਾ ਹੈ। ਹੁਣ ਬੀ.ਜੇ.ਪੀ.ਨੇ ਨਿਸ਼ਾਨਾ ਬਣਾ ਕੇ ਪਿੰਡਾਂ ਵਿਚ ਅਕਾਲੀ ਦਲ ਦੇ ਅਣਡਿਠ ਕੀਤੇ ਹੋਏ ਨੇਤਾਵਾਂ ਨੂੰ ਆਪਣੀ ਪਾਰਟੀ ਦੇ ਮੈਂਬਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਕੁਦਰਤੀ ਹੈ ਕਿ ਟਕਰਾਓ ਦੀ ਸਥਿਤੀ ਪੈਦਾ ਹੋਵੇਗੀ ਅਤੇ ਦੋਹਾਂ ਫਿਰਕਿਆਂ ਦੇ ਲੋਕਾਂ ਵਿਚ ਤਣਾਓ ਬਣੇਗਾ। ਹੁਣ ਦੋਹਾਂ ਪਾਰਟੀਆਂ ਵਿਚ ਇੱਕ ਦੂਜੇ ਦੇ ਵਿਰੁਧ ਬਿਆਨ ਦੇਣ ਦੀ ਲਹਿਰ ਚੱਲੀ ਹੋਈ ਹੈ। ਬੀ.ਜੇ.ਪੀ.ਬਹੁਤ ਹੀ ਉਤਸ਼ਾਹਤ ਹੈ। ਅਕਾਲੀ ਦਲ ਬਚਾਓ ਦੇ ਮੂਡ ਵਿਚ ਹੈ। ਨਵਜੋਤ ਸਿੰਘ ਸਿੱਧੂ ਹਰ ਰੋਜ ਨਵੇਂ ਬਿਆਨ ਦੇ ਕੇ ਅਕਾਲੀ ਦਲ ਨੂੰ ਕਸੂਤੀ ਹਾਲਾਤ ਵਿਚ ਫਸਾ ਰਿਹਾ ਹੈ। ਪੰਜਾਬ ਦਾ ਵਾਤਾਵਰਨ ਇਨ੍ਹਾਂ ਜ਼ਹਿਰੀਲੇ ਬਿਆਨਾਂ ਨਾਲ ਵਿਸਫੋਟਕ ਬਣ ਰਿਹਾ ਹੈ। ਜੇਕਰ ਬੀ.ਜੇ.ਪੀ ਚਾਹੁੰਦੀ ਹੋਵੇ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਚੁਪ ਕਰਾ ਸਕਦੀ ਹੈ। ਅਸਲ ਵਿਚ ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਢਾਲ ਬਣਾ ਕੇ ਵਰਤ ਰਹੇ ਹਨ ਜਿਸ ਨਾਲ ਦੋਹਾਂ ਪਾਰਟੀ ਦੀ ਖੋਟੀ ਨੀਯਤ ਦਾ ਪ੍ਰਗਟਾਵਾ ਹੋ ਰਿਹਾ ਹੈ। ਪੰਜਾਬ ਦੀ ਇਹ ਸ਼ਾਂਤੀ ਦੋਹਾਂ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਥਾਪਤ ਹੋਈ ਸੀ। ਹੁਣ ਇਹੋ ਦੋਵੇਂ ਪਾਰਟੀਆਂ ਫਿਰਕੂ ਲੀਹਾਂ ਤੇ ਚਲ ਰਹੀਆਂ ਹਨ,ਜੋ ਪੰਜਾਬ ਦੀ ਸ਼ਾਂਤੀ ਲਈ ਖ਼ਤਰੇ ਦੀ ਘੰਟੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ।