ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਪੁੱਛਿਆ ਕਿ ਪੀ.ਪੀ.ਸੀ.ਬੀ ਦੁਆਰਾ ਕੀਤੀਆਂ ਗਈਆਂ ਰੇਡਾਂ ਜਿਸ ਵਿੱਚ ਇੱਕ ਕਾਰਪੋਰੇਟ ਹਾਊਸ ਦੁਆਰਾ ਵੱਡੇ ਪੱਧਰ ਤੇ ਬੁੱਢੇ ਨਾਲੇ ਵਿੱਚ ਜਹਿਰੀਲੇ ਤੱਤ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਵਿੱਚ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ। ਆਮ ਆਦਮੀ ਪਾਰਟੀ ਕਨਵੀਨਰ ਅਹਿਬਬ ਸਿੰਘ ਗਰੇਵਾਲ ਨੇ ਕਿਹਾ ਕਿ ਹਰ ਥੋੜੇ ਸਮੇਂ ਬਾਅਦ ਜਦੋਂ ਜਨਤਾ ਵੱਲੋਂ ਬੁੱਢੇ ਨਾਲੇ ਵਿੱਚ ਵਧ ਰਹੇ ਪ੍ਰਦੂਸ਼ਣ ਦਾ ਮਾਮਲਾ ਚੁੱਕਿਆ ਜਾਂਦਾ ਹੈ, ਉਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੁਝ ਰੇਡਾਂ ਕਰਦਾ ਹੈ ਅਤੇ ਲੋਕਾਂ ਨੂੰ ਖੁਸ਼ ਕਰਨ ਲਈ ਕੁਝ ਸਟੇਟਮੈਂਟਾਂ ਦੇ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਹਾਲਾਤ ਪਹਿਲਾਂ ਵਰਗੇ ਹੀ ਹੋ ਜਾਂਦੇ ਹਨ ਕਿਉਂ ਕਿ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕਈ ਕਥਿਤ ਐਕਸ਼ਨ ਪਲਾਨਾਂ ਤੇ ਕਰੋੜਾਂ ਰੁਪਏ ਖਰਚਿਆ ਗਿਆ ਹੈ ਜਿਸ ਦਾ ਬੁੱਢੇ ਨਾਲੇ ਤੇ ਕੋਈ ਵੀ ਅਸਰ ਨਹੀਂ ਨਜ਼ਰ ਆ ਰਿਹਾ।ਇਸ ਵਾਰ ਆਮ ਆਦਮੀ ਪਾਰਟੀ ਲੀਡਰ ਸ੍ਰੀ ਐੱਚ.ਐੱਸ. ਫੂਲਕਾ ਨੇ ਮਾਹਰਾਂ ਦੀ ਮੱਦਦ ਨਾਲ ਬੁੱਢੇ ਨਾਲੇ ਨੂੰ ਸਾਫ ਕਰਨ ਦਾ ਇੱਕ ਬਹੁਤ ਹੀ ਸਸਤਾ ਤੇ ਵਧੀਆ ਪਲਾਨ ਪੇਸ਼ ਕੀਤਾ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਅਤੇ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਫਿਰ ਤੋਂ ਖਾਨਾ ਪੂਰਤੀ ਕਰ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਜੇ ਜਲਦ ਤੋਂ ਜਲਦ ਬੁੱਢੇ ਨਾਲੇ ਨੂੰ ਸਾਫ ਕਰਨ ਲਈ ਕੋਈ ਠੋਸ ਕਦਮ ਪਹਿਲ ਦੇ ਆਧਾਰ ਤੇ ਨਹੀ ਚੁੱਕੇ ਗਏ ਤਾਂ ਪਹਿਲਾਂ ਤੋਂ ਹੀ ਵਿਗੜੇ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ ਅਤੇ ਇਹ ਨਾ ਹੀ ਸਿਰਫ ਲੁਧਿਆਣੇ ਦੇ ਲੋਕਾਂ ਲਈ ਸਗੋਂ ਪੰਜਾਬ ਅਤੇ ਗੁਆਂਢੀ ਰਾਜਾਂ ਲਈ ਵੀ ਜਾਨਲੇਵਾ ਸਿੱਧ ਹੋਵੇਗਾ।