ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਅਖਬਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਖਾਤਰ ਛਾਪੀਆਂ ਖਬਰਾਂ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੀ.ਬੀ.ਆਈ ਦੇ ਸ਼ਿਕੰਜੇ ਵਿੱਚ ਹਨ ਬਾਰੇ ਸੰਗਤਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਤੇ ਇਹ ਖਬਰਾਂ ਅਸਲ ਹਕੀਕਤ ਤੋਂ ਕੋਹਾ ਦੂਰ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਹੈ ਤੇ ਹਰੇਕ ਕੰਮ ਪਾਰਦਰਸ਼ੀ ਢੰਗ ਤੇ ਸ਼੍ਰੋਮਣੀ ਕਮੇਟੀ ਦੇ ਵਿਧੀ ਵਿਧਾਨ ਅਨੁਸਾਰ ਹੀ ਕਰਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਮੁਲਾਜ਼ਮਾਂ ਦੀ ਸਹੂਲਤ ਲਈ ਕਰਵਾਏ ਜਾਂਦੇ ਮੈਡੀਕਲ ਬੀਮੇ ਸਮੇਂ ਜੋ ਕਮਿਸ਼ਨ ਦਾ ਮਾਮਲਾ ਹੈ ਉਸ ਵਿੱਚ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਦੀ ਕੋਈ ਵੀ ਭੂਮਿਕਾ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਅਖਬਾਰਾਂ ‘ਚ ਇਸ਼ਤਿਹਾਰ ਦੇ ਕੇ ਬੀਮਾ ਕੰਪਨੀਆਂ ਕੋਲੋਂ ਰੇਟ ਮੰਗੇ ਜਾਂਦੇ ਹਨ ਤੇ ਜਿਹੜੀ ਕੰਪਨੀ ਦਾ ਰੇਟ ਘੱਟ ਹੋਵੇ ਉਸ ਨੂੰ ਹੀ ਬੀਮਾ ਕਰਨ ਲਈ ਨੀਯਤ ਕੀਤਾ ਜਾਂਦਾ ਹੈ।ਅਸਲ ਵਿੱਚ ਇਹ ਦੋ ਬੀਮਾ ਕੰਪਨੀਆਂ ਦੀ ਸ਼੍ਰੋਮਣੀ ਕਮੇਟੀ ਪਾਸੋਂ ਬੀਮਾ ਲੈਣ ਬਾਰੇ ਆਪਸੀ ਲੜਾਈ ਹੈ ਜੇਕਰ ਇਸ ਵਿਚ ਕੋਈ ਕਮੀ ਪੇਸ਼ੀ ਹੋਵੇਗੀ ਤਾਂ ਉਹ ਬੀਮਾ ਕੰਪਨੀ ਦੇ ਨੁਮਾਇੰਦਿਆ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਮੈਡੀ ਕਲੇਮ ਬਾਰੇ ਦੇਸ਼ ਦੀ ਸਰਵਉੱਚ ਏਜੰਸੀ ਸੀ.ਬੀ ਆਈ. ਘੋਖ ਪੜਤਾਲ ਕਰ ਰਹੀ ਹੈ ਤੇ ਸੀ.ਬੀ.ਆਈ. ਦੀ ਪੜਤਾਲ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਰ ਕੇ ਸਾਹਮਣੇ ਆਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੀ.ਬੀ.ਆਈ. ਨਾਲ ਇਸ ਮਾਮਲੇ ‘ਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਅੱਗੋਂ ਵੀ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸੀ.ਬੀ.ਆਈ. ਨੇ ਸ਼੍ਰੋਮਣੀ ਕਮੇਟੀ ਪਾਸੋਂ ਮੈਡੀਕਲੇਮ ਦੇਣ ਬਾਰੇ ਹੋਈ ਸਮੁੱਚੀ ਕਾਰਵਾਈ ਦਾ ਰਿਕਾਰਡ ਮੰਗਿਆ ਹੈ ਤੇ ਜਿਹੜੇ-ਜਿਹੜੇ ਅਧਿਕਾਰੀਆਂ ਦੇ ਇਸ ਕਾਰਵਾਈ ਉਪਰ ਦਸਤਖ਼ਤ ਸਨ ਉਨ੍ਹਾਂ ਪਾਸੋਂ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਅਜੇ ਤੀਕ ਸੀ.ਬੀ.ਆਈ. ਵੱਲੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਖਿਲਾਫ ਕੇਸ ਦਰਜ ਕਰਨ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ‘ਚ ਕੋਈ ਘਬਰਾਹਟ ਜਾਂ ਮਾਯੂਸੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਨੂੰ ਬਦਨਾਮ ਕਰਨ ਖਾਤਰ ਕੁਝ ਲੋਕ ਮਨਘੜ੍ਹਤ ਖਬਰਾਂ ਛਾਪ ਰਹੇ ਹਨ ਜਿਸ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਵੱਲੋਂ ਜੇਕਰ ਕਿਸੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਖਿਲਾਫ ਦਫ਼ਤਰੀ ਕਾਰਵਾਈ ਜ਼ਰੂਰ ਹੋਵੇਗੀ।
ਸ਼੍ਰੋਮਣੀ ਕਮੇਟੀ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ: ਜਥੇਦਾਰ ਅਵਤਾਰ ਸਿੰਘ
This entry was posted in ਪੰਜਾਬ.