ਨਵੀਂ ਦਿੱਲੀ- ਜਮੂੰ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਸੀਮਾ ਸੁਰੱਖਿਆ ਬਲਾਂ ਨੂੰ ਗ੍ਰਹਿ ਵਿਭਾਗ ਵੱਲੋਂ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਅਸ਼ਾਂਤੀ ਫੈਲਾਉਣ ਦੇ ਯਤਨਾਂ ਨੂੰ ਅਸਫਲ ਬਣਾਉਣ ਲਈ ਅਜਿਹੇ ਸਖਤ ਕਦਮ ਉਠਾਏ ਜਾ ਰਹੇ ਹਨ।
ਭਾਰਤ-ਪਾਕਿ ਸੀਮਾ ਤੇ ਜਮੂੰ-ਕਸ਼ਮੀਰ ਦੇ ਅਰਨੀਆਂ ਸੈਕਟਰ ਵਿੱਚ 28 ਨਵੰਬਰ ਨੂੰ ਹੋਈ ਮੁਠਭੇੜ ਵਿੱਚ ਤਿੰਨ ਸੈਨਿਕ ਕਰਮਚਾਰੀਆਂ ਸਮੇਤ 12 ਲੋਕ ਮਾਰੇ ਗਏ ਸਨ, ਜਦੋਂ ਕਿ ਸ਼ੁਕਰਵਾਰ ਨੂੰ 11 ਸੁਰੱਖਿਆ ਕਰਮਚਾਰੀਆਂ ਸਮੇਤ 21 ਲੋਕਾਂ ਦੀ ਜਾਨ ਚਲੀ ਗਈ। ਅਜਿਹੇ ਹਾਲਾਤ ਨੂੰ ਵੇਖਦੇ ਹੋਏ ਹੀ ਬੀਐਸਐਫ ਨੂੰ ਚੁਕੰਨਾ ਕੀਤਾ ਗਿਆ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਪਿੱਛਲੇ ਸਾਲ ਪਾਕਿਸਤਾਨ ਨਾਲ ਲਗਦੀ ਸੀਮਾਂ ਤੇ 354 ਵਾਰ ਘੁਸਪੈਠ ਹੋਈ ਸੀ ਅਤੇ ਇਸ ਦੌਰਾਨ 56 ਅੱਤਵਾਦੀ ਮਾਰੇ ਗਏ ਸਨ ਅਤੇ 145 ਗ੍ਰਿਫ਼ਤਾਰ ਕੀਤੇ ਗਏ ਸਨ।ਇਸ ਸਾਲ 25 ਨਵੰਬਰ ਤੱਕ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸੀਮਾ ਤੇ 545 ਵਾਰ ਸੰਘਰਸ਼ ਵਿਰਾਮ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਵਿੱਚੋਂ 395 ਅੰਤਰਰਾਸ਼ਟਰੀ ਸੀਮਾ ਤੇ ਅਤੇ 150 ਕੰਟਰੋਲ ਰੇਖਾ ਤੇ ਹੋਈਆਂ ਹਨ। ਪਿੱਛਲੇ ਸਾਲ ਕੰਟਰੋਲ ਰੇਖਾ ਤੇ ਸੰਘਰਸ਼ ਵਿਰਾਮ ਦੀਆਂ 199 ਅਤੇ ਅੰਤਰਰਾਸ਼ਟਰੀ ਸੀਮਾ ਤੇ 148 ਅਜਿਹੀਆਂ ਘਟਨਾਵਾਂ ਹੋਈਆਂ ਸਨ।