ਮਨੁੱਖੀ ਖੁਰਾਕ ਦੀ ਗੱਲ ਕਰਦਿਆਂ ਹੀ ਬਗੈਰ ਦਿਮਾਗ਼ ਤੇ ਜ਼ੋਰ ਪਾਇਆਂ ਹਰ ਕੋਈ ਆਪਮੁਹਾਰੇ ਹੀ ਕਹਿ ਉਠਦਾ ਹੈ ਕਿ-“ਬਈ ਖੁਰਾਕਾਂ ਤੇ ਪੁਰਾਣੀਆਂ ਹੀ ਵਧੀਆ ਹੁੰਦੀਆਂ ਸਨ”। ਭਾਵੇਂ ਕਹਿਣ ਵਾਲੇ ਨੇ ਕਦੇ ਪੁਰਾਣੀ ਖੁਰਾਕ ਦੇ ਦਰਸ਼ਨ-ਮੇਲੇ ਵੀ ਨਾਂ ਕੀਤੇ ਹੋਣ। ਪਰ ਕਹਿਣ ਲੱਗਿਆਂ ਪੂਰਾ ਮੁੰਹ ਭਰ ਕੇ ਕਹਿ ਦਿੰਦੇ ਹਨ ਕਿ “ਬਈ ਕੀ ਬਾਤਾਂ ਸਨ ਪੁਰਾਣੀਆਂ ਖੁਰਾਕਾਂ ਦੀਆਂ। ਦੇਸੀ ਘਿੳ ਦੇ ਵਿੱਚ ਸ਼ੱਕਰ, ਮੱਕਈ ਦੀ ਰੋਟੀ ਤੇ ਦੇਸੀ ਘਿਉ ਦੇ ਵਿੱਚ ਤਾਰੀਆਂ ਮਾਰਦਾ ਸਰੋਂ ਦਾ ਸਾਗ। ਸੱਜਰ ਮੱਝ ਦਾ ਕਾੜ੍ਹਨੀ ਵਿੱਚ ਕੜ੍ਹਿਆ ਗਿੱਠ ਲੰਮਾ ਦੁੱਧ ਦਾ ਕੜੇ ਵਾਲਾ ਗਲਾਸ ,ਦਹੀਂ ਦਾ ਛੰਨਾ, ਚਾਟੀ ਦੀ ਲੱਸੀ, ਗੁੜ ਦੀ ਭੇਲੀ, ਦੇਸੀ ਘਿਉ ਦਾ ਹਲਵਾ, ਮੇਵਿਆਂ ਵਾਲ਼ੀ ਘਰ ਦੇ ਦੁੱਧ ਦੀ ਖੀਰ”। ਕਈ ਤੇ ਇਸ ਤੋਂ ਵੀ ਅੱਗੇ ਦੀ ਗੱਲ ਦੱਸਦੇ ਹਨ ਕਿ “ਸਾਡੀ ਦਾਦੀ ਦੱਸਦੀ ਹੁੰਦੀ ਸੀ ਬਈ ਸਾਡਾ ਪੜਦਾਦਾ ਅੱਧ-ਸੇਰ ਘਿਉ ਝੀਤ ਲਾਕੇ ਇੱਕੋ ਸਾਹੇ ਪੀ ਜਾਂਦਾ ਸੀ। ਅੱਠ-ਦਸ ਰੋਟੀਆਂ ਤੇ ਡੋਲੂ ਲੱਸੀ ਦਾ ਵੀ ਸੂਤ ਜਾਂਦਾ ਸੀ। ਪੂਰੀ ਗੁੜ ਦੀ ਭੇਲੀ ਪੈਲ਼ੀਆਂ ਵੱਲ ਜਾਂਦਾ-ਜਾਂਦਾ ਹੀ ਨਬੇੜ ਦਿੰਦਾ ਸੀ”।ਨਾਲ ਇੱਕ ਗੱਲ ਹੋਰ ਜੋੜ ਦਿੰਦੇ ਹਨ ਕਿ-“ਬਈ ਸਵ੍ਰਗ ਭੋਗਦੇ ਸੀ ਸਾਡੇ ਬਜ਼ੁਰਗ ਸਵ੍ਰਗ”। ਵੈਸੇ ਥੋੜਾ ਜਿਹਾ ਗੌਰ ਕਰੀਏ ਤਾਂ ਇਸ ਵਿਚ ਝੂਠ ਜਾਂ ਗਪੌੜ ਵਾਲੀ ਵੀ ਕੋਈ ਗੱਲ ਨਹੀਂ ਹੈ। ਮੈਂ ਵੀ ਆਪਣੇ ਬਜ਼ੁਰਗਾਂ ਤੋਂ ਇਹ ਸੱਭ ਕੁਝ ਸੁਣਿਆਂ ਹੈ। ਮੇਰੇ ਆਪਣੇ ਪਿੰਡ ਵਿਚ ਐਸੇ ਬਜ਼ੁਰਗ ਸਨ ਜੋ ਆਪਣੀ ਜਵਾਨੀ ਵੇਲੇ ਅੱਧੀ ਪਰਾਤ ਦੇਸੀ ਘਿਉ ਦੇ ਹਲਵੇ ਦੀ ਖਾ ਜਾਂਦੇ ਸਨ ਜਾਂ ਤਿੰਨ-ਚਾਰ ਕਿੱਲੋ ਦੁੱਧ ਪੀ ਲੈਂਦੇ ਸਨ। ਸੱਚ ਪੁੱਛੋ ਤਾਂ ਮੇਰੇ ਦਿਲ ਵਿੱਚ ਵੀ ਕਈ ਵਾਰ ਇਹ ਕਸਕ ਜਿਹੀ ਉੱਠਦੀ ਸੀ ਕਿ ਯਾਰ ਅਸੀਂ ਦੇਸੀ ਘਿਉ, ਦੁੱਧ-
ਦਹੀਂ ਖਾਣ-ਪੀਣ ਵਾਲੇ, ਗੰਨੇ ਚੂਪਣ ਵਾਲੇ, ਗੁੜ ਖਾਣ ਵਾਲੇ, ਘਿਉ ਚੋਪੜੇ ਪਰੌਂਠੇ ’ਤੇ ਮੱਖਣੀਆਂ ਖਾਣ ਵਾਲੇ ਪੰਜਾਬੀ ਲੋਕ ਅੱਜ ਕਿਹੋ ਜਿਹੇ ਖਾਣ-ਪੀਣ ਤੇ ਲੱਗ ਗਏ ਆਂ। ਪਰ ਫਿਰ ਇੱਕ ਦਿਨ ਅਚਨਚੇਤ ਹੀ ਗਿਆਨ ਦੀ ਐਸੀ ਪ੍ਰਾਪਤੀ ਹੋਈ ਜਿਸ ਨੇ ਮੇਰੀਆਂ ਸਾਰੀਆਂ ਚਿੰਤਾਵਾਂ ਹੀ ਦੂਰ ਕਰ ਦਿੱਤੀਆਂ। ਪੁਰਾਣੀਆਂ ਜਾਂ ਸ਼ੁੱਧ ਖ਼ੁਰਾਕਾਂ ਤੋਂ ਵਾਂਝੇ ਰਹਿਣ ਦਾ ਝੋਰਾ ਵੀ ਮਿਟਦਾ ਜਿਹਾ ਜਾਪਣ ਲੱਗਾ।
ਹੁਣ ਤੁਸੀਂ ਪੁੱਛੋਗੇ ਕਿ ਇਹੋ ਜਿਹਾ ਕਿਹੜਾ ਗਿਆਨ ਹੋ ਗਿਆ ਜਿਸ ਨਾਲ ਪੁਰਾਣੀਆਂ ਖੁਰਾਕਾਂ ਦਾ ਮੋਹ ਤੇ ਭੰਗ ਹੋਇਆ ਹੀ ਨਾਲ ਦੇ ਨਾਲ ਮਨ ਦੀ ਕਸਕ ਵੀ ਦੂਰ ਹੋ ਗਈ। ਇਸ ਗਿਆਨ ਨੂੰ ਹੋਰ ਨਾਂ ਲੁਕਾਉਂਦਿਆਂ ਤੁਹਾਡੇ ਨਾਲ ਸਾਂਝਾ ਕਰ ਹੀ ਲੈਂਦਾ ਹਾਂ। ਅਸਲ ਵਿੱਚ ਮੈਨੂੰ ਨਵੀਆਂ ਖੁਰਾਕਾਂ ਵਿੱਚੋਂ ਧਰਮੀਂ ਬਣਨ ਦਾ ਇੱਕ ਬੜਾ ਹੀ ਸ਼ਾਨਦਾਰ ਤੇ ਸੌਖਾ ਨੁਸਖਾ ਪ੍ਰਾਪਤ ਹੋਇਆ ਹੈ। ਹੁਣ ਤੁਸੀਂ ਇੱਕ ਨਵਾਂ ਸਵਾਲ ਪੁੱਛੋਗੇ ਕਿ “ਭਲਾ ਖੁਰਾਕ ਦਾ ਧਰਮ ਕਮਾਉਣ ਨਾਲ ਕੀ ਵਾਸਤਾ”? ਇਸ ਸਵਾਲ ਦਾ ਜਵਾਬ ਵੀ ਮਿਲੂ ਪਰ ਥੋੜਾ ਸਬਰ ਰੱਖ ਕੇ। ਪਹਿਲਾਂ ਨਵੀਆਂ ਤੇ ਪੁਰਾਣੀਆਂ ਖੁਰਾਕਾਂ ਦੇ ਫਰਕ ਨੂੰ ਸਮਝ ਲਈਏ। ਨਵੀਆਂ ਖੁਰਾਕਾਂ ਤੋਂ ਆਮ ਤੌਰ ਤੇ ਸਮਾਜ ਦਾ ਭਾਵ ਹੁੰਦਾ ਹੈ ਦੇਸੀ ਘਿਉ ਦੀ ਥਾਂ ਤੇ ਬਨਾਸਪਤੀ ਘਿਉ ਜਾਂ ਰਿਫਾਇੰਡ ਤੇਲ, ਦੁਧ ਦੀ ਥਾਂ ਤੇ ਚਾਹ, ਲੱਸੀ ਦੀ ਥਾਂ ਤੇ ਪੈਪਸੀ ਜਾਂ ਕੋਕਾ-ਕੋਲਾ, ਗੁੜ ਦੀ ਥਾਂ ਤੇ ਸੱਲਫਰ ਵਾਲੀ ਖੰਡ, ਮੱਕਈ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਥਾਂ ਤੇ ਬਰਗਰ ’ਤੇ ਪੀਜ਼ੇ, ਮੇਵਿਆਂ ਵਾਲੀ ਖੀਰ ਦੀ ਥਾਂ ਤੇ ਬਜਾਰੀ ਰੱਸ-ਮਲਾਈਆਂ, ਦੇਸੀ ਘਿਉ ਜਾਂ ਮੱਖਣੀ ਚੋਪੜੇ ਪਰੌਂਠਿਆਂ ਦੀ ਥਾਂ ਤੇ ਮੈਦੇ ਦੇ ਬਟਰ-ਨਾਨ ਜਾਂ ਭਠੂਰੇ ਆਦਿ।ਮੈਨੂੰ ਪੂਰਾ ਯਕੀਨ ਹੈ ਕਿ ਸਾਡੀਆਂ ਪੁਰਾਣੀਆਂ ਖੁਰਾਕਾਂ ਦੇ ਬਦਲ ਦੇ ਤੌਰ ਤੇ ਲਿਖੀਆਂ ਨਵੀਆਂ ਖੁਰਾਕਾਂ ਨੇ ਹੁਣ ਤੱਕ ਤੁਹਾਡਾ ਮੱਥਾ ਤੇ ਮੂੰਹ ਦਾ ਸਵਾਦ ਦੋਵੇਂ ਹੀ ਖਰਾਬ ਕਰ ਦਿੱਤੇ ਹੋਣਗੇ। ਚਲੋ ਹੁਣ ਆਪਣੇ ਮੁੱਖ ਮੁੱਦੇ ਗਿਆਨ ਦੀ ਪ੍ਰਾਪਤੀ ਬਾਰੇ ਗੱਲ ਕਰੀਏ।
ਸਿੱਧੀ ਜਹੀ ਗੱਲ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਸ਼ੁੱਧ ਅਤੇ ਦੇਸੀ ਖ਼ੁਰਾਕਾਂ ਦੇ ਆਸਰੇ ਅੱਜ-ਕੱਲ ਦੀਆਂ ਨਵੀਆਂ ਬਿਮਾਰੀਆਂ ਜਿਵੇਂ ਕਿ ਬੱਲਡ ਪ੍ਰੈਸ਼ਰ, ਸ਼ੂਗਰ, ਬ੍ਰੇਨ-ਹੈਮਰੇਜ(ਦਮਾਗ ਦੀ ਨੱਸ ਪਾਟਣਾ )ਆਦਿ ਦੇ ਅੜਿੱਕੇ ਨਹੀਂ ਸਨ ਚੱੜ੍ਹਦੇ। ਕੋਈ ਇੱਕ-ਅੱਧਾ ਮ੍ਹਾਤੱੜ ਸਾਥੀ ਹੀ ਇਨ੍ਹਾਂ ਦੇ ਕਾਬੂ ਆ ਕੇ ਥਾਂਇ ਫੁੜਕਦਾ ਸੀ, ਬਾਕੀਆਂ ਦੀਆਂ ਪੁਰਾਣੀਆਂ ਖੁਰਾਕਾਂ ਦੀ ਤਾਕਤ ਦੇ ਅੱਗੇ ਤੇ ਧਰਮ-ਰਾਜ ਦੇ ਦੂਤ ਵੀ ਹੰਭ ਜਾਂਦੇ ਸਨ ਕਈ-ਕਈ ਦਿਨ ਖੁਹ ਤੇ ਵਗਦੇ ਡੰਗਰ ਵਾਂਗ ਇੱਕੋ ਬੁੱਢੇ ਦੇ ਮੰਜੇ ਦੇ ਆਲੇ-ਦੁਆਲੇ ਘੁਕਦੇ ਫਿਰਦੇ ਸਨ। ਬਜ਼ੁਰਗਾਂ ਦੇ ਗੋਡੇ ਜੂੜ ਕੇ ਤੇ ਚੂਲ਼ੇ ਭੰਨ ਕੇ ਰਿੜਕਾ-ਰਿੜਕਾ ਕੇ ਮੰਜੇ ਤੇ ਪਾਉਣ ਤੋਂ ਬਾਦ ਵੀ ਦੋ-ਤਿੰਨ ਸਾਲਾਂ ਤੱਕ ਜਮਦੂਤਾਂ ਦਾ ਸਾਹ ਸੂਤਿਆ ਰਹਿੰਦਾ ਸੀ। ਪੂਰੀ ਵਾਹ ਲਾਉਣ ਤੋਂ ਬਾਅਦ ਵੀ ਬਾਬਿਆਂ ਦੀਆਂ ਉਦੋਂ ਹੀ ਅੱਖਾਂ ਬੰਦ ਹੁੰਦੀਆਂ ਸਨ ਜਦੋਂ ਧਰਮਰਾਜ ਨੂੰ ਦੁਬਾਰਾ ਬੇਨਤੀ ਪੱਤਰ ਭੇਜ ਕੇ ਵਾਧੂ ਅਖਤਿਆਰ ਪ੍ਰਾਪਤ ਕਰਕੇ ਅੱਠ-ਦਸ ਦਿਨਾਂ ਤੱਕ ਢਿੱਡ ਵਿੱਚਲੀਆਂ ਆਂਦਰਾਂ ਨੂੰ ਮਰੋੜੀ ਦੇ ਕੇ ਰੋਟੀ-ਪਾਣੀ ਦੀ ਸਪਲਾਈ ਲਾਈਨ ਹੀ ਕੱਟ ਦਿੱਤੀ ਜਾਂਦੀ ਸੀ।
ਪਰ ਅਸਲ ਸਿਆਪਾ ਤਾਂ ਜਮਦੂਤਾਂ ਦੇ ਫਾਰਗ ਹੋਣ ਤੋਂ ਬਾਦ ਹੀ ਸ਼ੁਰੂ ਹੁੰਦਾ ਸੀ। ਬਾਬੇ ਦੀ ਰੂਹ ਅਜੇ ਕੋਠਾ ਵੀ ਨਹੀਂ ਸੀ ਟੱਪਦੀ ਕਿ ਘਰਦਿਆਂ ਨੂੰ ਲੋਕਾਂ ਦੀਆਂ ਵੰਨ-ਸੁਵੰਨੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ। ਕੋਈ ਕਹਿੰਦਾ ਸੀ-“ਬਈ ਬਾਹਲਾ ਹੀ ਦੁੱਖ ਕੱਟਿਆ ਬਜ਼ੁਰਗ ਨੇ”। ਦੂਜੀ ਅਵਾਜ਼ ਆਉਂਦੀ ਹੈ -“ਆਹੋ ਭਾਈ ਚੰਗੀਆਂ-ਮੰਦੀਆਂ ਇਥੇ ਹੀ ਭੋਗਣੀਆਂ ਪੈਂਦੀਆਂ ਨੇ”। ਤੀਸਰਾ ਕਹਿੰਦਾ-“ਆਹੋ ਭਰਾਵਾ ਸਵ੍ਰਗ-ਨਰਕ ਕਿਹਨੇਂ ਵੇਖਿਆ,ਆਪਣਾ ਬੀਜਿਆ ਆਪੇ ਇੱਥੇ ਈ ਵੱਢਣਾ ਪੈਂਦਾ ਆ”। ਇਹੋ ਜਿਹੀਆਂ ਗੱਲਾਂ ਸੁਣ ਕੇ ਘਰ ਦੇ ਵਿਚਾਰੇ ਤਾਂ ਬਾਬੇ ਦੇ ਕੀਤੇ ਕਰਮਾਂ ਦੇ ਲੇਖੇ-ਜੋਖੇ ਵਿਚ ਅਜੇ ਮਸਾਂ ਪੈਣ ਹੀ ਲਗਦੇ ਸਨ ਕਿ ਏਨੇ ਨੂੰ ਸ਼ਰੀਕੇ ’ਚੋਂ ਇੱਕ ਹੋਰ ਬੁੱਧੀਮੱਤਾ ਭਰਪੂਰ ਵਿਚਾਰ ਸੁਣਨ ਨੂੰ ਮਿਲਦਾ ਸੀ-“ਭਾਈ ਲਾਗਲੇ ਪਿੰਡ ਵੀ ਪਿੱਛਲੇ ਦਿਨੀਂ ਇੱਕ ਬਜ਼ੁਰਗ ਪੂਰਾ ਹੋਇਆ ਸੀ, ਪਰ ਧਰਮ ਆਲ਼ੀ ਗੱਲ ਆ ਬਈ ਜਵਾਨ ਨੇ ਕਿਤੇ ਔਖਾ ਸਾਹ ਵੀ ਲਿਆ ਹੋਵੇ, ਥੜ੍ਹੇ ਤੇ ਗੱਲਾਂ ਕਰਦੇ-ਕਰਦੇ ਦੀ ਜੋਤ ਰੱਬ ਨਾਲ ਇੱਕ-ਮਿੱਕ ਹੋਗੀ। ਕਰਮਾਂ ਦੀਆਂ ਗੱਲਾਂ ਨੇ, ਵਿਰਲੇ ਧਰਮੀਂ ਬੰਦੇ ਨੂੰ ਈ ਇਹੋ ਜਿਆ ਅੰਤ ਨਸੀਬ ਹੁੰਦਾ ਆ”। ਲਗਦੇ ਹੱਥੀਂ ਹੌਲੀ ਜਿਹੀ ਸਾਰੇ ਵਰਤਾਰੇ ਦਾ ਕੋਈ ਇੱਕੋ ਸਾਹੇ ਨਿਚੋੜ ਵੀ ਕੱਢ ਦਿੰਦਾ ਸੀ-“ਆ ਹੁਣ ਆਪਣੇ ਆਲ਼ੇ ਨੂੰ ਵੇਖ ਲਉ, ਕਿਵੇਂ ਗੋਡੇ ਰਗੜ-ਰਗੜ ਕੇ ਗਿਆ, ਇਹ ਵੀ ਕਰਮਾਂ ਦੀਆਂ ਈ ਗੱਲਾਂ ਨੇ, ਸੱਭ ਇਥੇ ਈ ਭੁਗਤਣੀਆਂ ਆਉਂਦੀਆਂ ਨੇ, ਭਰਾਵੋ ਜੀਂਦੇ-ਜੀ ਤੇ ਸਾਰੇ ਈ ਧਰਮੀ ਬਣੇ ਫਿਰਦੇ ਨੇ ਪਰ ਧਰਮ ਕਮਾਏ ਦਾ ਤੇ ਅੰਤ ਵੇਲੇ ਈ ਪਤਾ ਲੱਗਦਾ”। ਇਹ ਤੇ ਇਹੋ ਜਿਹੇ ਹੀ ਹੋਰ ਵੀ ਬਹੁਤ ਸਾਰੇ ਗਿਆਨ ਅਤੇ ਸ਼ਰੀਕੇ ਕਾਰਨ ਅੰਗਿਆਰਿਆਂ ਭਰਪੂਰ ਵਿਚਾਰ ਸੁਣਨ ਨੂੰ ਮਿਲਦੇ ਸਨ।
ਹੁਣ ਤੱਕ ਤੇ ਧਰਮ ਕਮਾਉਣ ਦਾ ਮੇਰੇ ਵਾਲਾ ਗਿਆਨ ਤੁਹਾਨੂੰ ਵੀ ਪ੍ਰਾਪਤ ਹੋ ਹੀ ਗਿਆ ਹੋਣਾ ਆਂ। ਜੇ ਨਹੀਂ ਤਾਂ ਵਿਸਥਾਰ ਨਾਲ ਸਮਝਾ ਦਿੰਦਾ ਹਾਂ। ਸਿੱਧੀ ਜਿਹੀ ਗੱਲ ਆ ਕਿ ਸਾਡੇ ਪੁਰਾਣੇ ਬਜ਼ੁਰਗ ਪੁਰਾਣੀਆਂ ਤੇ ਸ਼ੁੱਧ ਖੁਰਾਕਾਂ ਦੇ ਨਾਲ ਸ਼ਰੀਰਕ ਮੇਹਨਤਾਂ ਦੇ ਸੁਮੇਲ ਸਦਕਾ ਤਨੋਂ-ਮਨੋਂ ਤੰਦਰੁਸਤ ਤੇ ਖੁਸ਼ ਰਹਿੰਦੇ ਸਨ। ਇਹ ਤੰਦਰੁਸਤੀ ਤੇ ਖੁਸ਼ੀਆਂ ਹੀ ਹਨ ਜੋ ਦਿਲ ਅਤੇ ਦਿਮਾਗ ਦੇ ਰੋਗਾਂ ਨੂੰ ਦੂਰ ਰੱਖਦੀਆਂ ਹਨ। ਪਰ ਹੁਣ ਮੇਰੇ ਵਰਗੇ ਸ਼ਹਿਰੀ ਬੰਦਿਆਂ ਨੂੰ ਕਿੱਥੇ ਹਜ਼ਮ ਹੁੰਦੀਆਂ ਨੇ ਇਹੋ ਜਿਹੀਆਂ ਖੁਰਾਕਾਂ, ਨਾਲੇ ਹਜ਼ਮ ਤੇ ਤਾਂ ਹੋਣ ਜੇ ਮਿਲਣ। ਪਰ ਆਪਾਂ ਵੀ ਪੂਰੇ ਸ਼ਹਿਰੀਆਂ, ਲੱਤ ਉੱਚੀ ਰੱਖਣ ਦੇ ਆਦੀ। ਕਿਉਂ ਜਾਹਿਰ ਕਰੀਏ ਬਈ ਸ਼ੁੱਧ ਖੁਰਾਕਾਂ ਸਾਡੇ ਵੱਸੋਂ ਬਾਹਰੀਆਂ ਨੇ। ਇਸ ਕਰਕੇ ਗੱਲ ਨੂੰ ਪੁੱਠਾ ਗੇੜਾ ਦੇ ਕੇ ਰੌਲਾ ਪਾ ਦਿਉ ਕਿ ਆਪਾਂ ਕੀ ਕਰਨੀਆਂ ਨੇ ਇਹੋ ਜਿਹੀਆਂ ਖ਼ੁਰਾਕਾਂ। ਕੀ ਲੋੜ ਆ ਸਾਨੂੰ ਜਮਦੂਤਾਂ ਨਾਲ ਪੰਗਾ ਲੈਣ ਦੀ? ਨਾਲੇ ਤੇ ਇਥੇ ਮੰਜੇ ਤੇ ਰਿੜਕਦੇ ਰਹੀਏ, ਤੇ ਨਾਲੇ ਖਬਰਿਆ ਗੁੱਸੇ ਨਾਲ ਭਰੇ-ਪੀਤੇ ਜਮਦੂਤ ਸਾਰੇ ਰਾਹ ਹੁੱਜਾਂ ਮਾਰਦੇ ਜਾਣ ਜਾਂ ਉੱਤੇ ਜਾ ਕੇ ਵੀ ਕਿੜ੍ਹ ਕੱਢਣ ਖਾਤਿਰ ਸਾਡੀ ਪੁਲਿਸ ਵਾਂਗ ਕਈ ਦਿਨਾਂ ਤੱਕ ਧਰਮਰਾਜ ਅੱਗੇ ਪੇਸ਼ ਹੀ ਨਾਂ ਕਰਨ ਤੇ ਉਤਲੀ ਹਵਾਲਾਤ ਵਿਚ ਪੁੱਠਾ ਟੰਗ ਛੱਡਣ। ਸਵ੍ਰਗ-ਨਰਕ ਦਾ ਫੈਸਲਾ ਤੇ ਉਦੋਂ ਹੀ ਹੋਉ ਨਾਂ ਜਦੋਂ ਧਰਮ-ਰਾਜ ਦੀ ਕਚਿਹਰੀ ਵਿਚ ਪੇਸ਼ ਕਰਨਗੇ। ਇਸ ਕਰਕੇ ਸਿਆਣੇ ਬਣ ਕੇ ਨਾਲੇ ਤੇ ਆਪਣੀ ਕਾਣ ਢੱਕੋ ਤੇ ਨਾਲੇ ਉੱਤੋਂ ਦੀ ਵਗ ਕੇ ਇਹ ਆਖੋ ਕਿ- “ਭਾਈ ਇਹੋ ਜਿਹੀਆਂ ਖੁਰਾਕਾਂ ਦਾ ਕੀ ਖਾਣਾ ਜਿੰਨ੍ਹਾਂ ਕਰਕੇ ਮਰਨ ਪਿੱਛੋਂ ਅਧਰਮੀ ਕਹਾਉਣਾ ਪਵੇ”। ਬੇਸ਼ਰਮਾਂ ਵਾਂਗ ਮਾਣ ਨਾਲ ਧੌਣ ਉੱਚੀ ਕਰਕੇ ਆਖੋ ਕਿ-“ਆਪਾਂ ਤੇ ਭਾਜੀ ਨਵੀਆਂ ਖੁਰਾਕਾਂ ਖਾਣ ਦੇ ਸ਼ੁਕੀਨ ਆਂ। ਹਾਰਟ ਅਟੈਕ ਜਾਂ ਬ੍ਰੇਨ ਹੈਮਰੇਜ ਦੇ ਝਟਕੇ ਨਾਲ ਮਿੰਟੋ-ਮਿੰਟੀ ਧਰਮਰਾਜ ਦੇ ਮੋਡਿਆਂ ਤੇ ਜਾ ਸਵਾਰ ਹੋਵਾਂਗੇ। ਹੱਡ ਰਗੜਨੋਂ ਬਚਾਂਗੇ ਤੇ ਸਭ ਤੋਂ ਵੱਡੀ ਗੱਲ ਪਿੱਛੇ ਸ਼ਰੀਕੇ-ਭਾਈਚਾਰੇ ਵਿਚ ਧਰਮੀ ਵੀ ਕਹਾਵਾਂਗੇ”। ਬਈ ਆਖਿਰ ਲੋਕ ਤੇ ਇਹੋ ਹੀ ਕਹਿਣਗੇ ਨਾਂ ਕਿ “ਬੰਦਾ ਬਾਹਲਾ ਧਰਮੀ ਸੀ, ਤਾਂ ਹੀ ਤੇ ਰੱਬ ਨੇ ਝੱਟ-ਪੱਟ ਵਾਜ ਮਾਰ ਲਈ, ਕੋਈ ਚੂੰ-ਚਾਂ ਵੀ ਨਹੀਂ ਕਰਨ ਦਿੱਤੀ”। ਹੁਣ ਦੱਸੋ ਹੈ ਜੇ ਕੋਈ ਇਸ ਤੋਂ ਸੌਖਾ ਤਰੀਕਾ ਆਪਣਾ ਝੋਰਾ ਮਿੱਟਾਉਣ ਦਾ ਤੇ ਨਾਲ ਦੇ ਨਾਲ ਧਰਮੀ ਕਹਾਉਣ ਦਾ, ਨਾਲੇ ਪੁੰਨ ਤੇ ਨਾਲੇ ਫਲ਼ੀਆਂ।