ਆਓ ਗੱਲ ਕਰੀਏ ਪ੍ਰੋਫੈਸਰ ਪੰਡਤ ਰਾਓ ਧਾਰੇਨਵਰ ਦੀ
ਹਰ ਇਕ ਮਾਂ ਬਾਪ ਬੜੇ ਚਾਵਾਂ ਮਲ੍ਹਾਰਾਂ ਨਾਲ ਆਪੋ ਆਪਣੇ ਇਸ਼ਟ ਅਗੇ ਅਰਦਾਸਾਂ, ਦੁਆਵਾਂ, ਪ੍ਰਾਥਨਾਵਾਂ, ਜਾਂ ਇਲਤਜਾਵਾਂ ਕਰਕੇ ਚੰਗੇ ਬੱਚੇ ਹਾਸਿਲ ਕਰਨ ਲਈ ਜੋਦੜੀਆਂ ਕਰਦਾ ਹੈ ਤੇ ਉਨ੍ਹਾਂ ਲਈ ਹਰ ਕੁਰਬਾਨੀ ਕਰਨ ਲਈ ਤੱਤਪਰ ਰਹਿੰਦਾ ਹੈ । ਪਰ ਪ੍ਰਮਾਤਮਾ ਆਪਣੀਆਂ ਨਿਰਾਲੀਆਂ ਚੋਜਾਂ ਤੇ ਖੇਡਾਂ ਖੇਡਦਾ ਰਹਿੰਦਾ ਹੈ, ਜਿਸਦਾ “ਅੰਤ ਨ ਪਾਰਾਵਾਰਿਆ” ਵਾਲੀ ਗੱਲ ਹੋ ਨਿਬੜਦੀ ਹੈ । ਬਚਿਆਂ ਬਾਰੇ ਦੋ ਮੁਹਾਵਰੇ ਬੜੇ ਪ੍ਰਚਲਤ ਹਨ: ਇਕ “ਲਾਲ ਗੋਦੜੀਆਂ ਵਿਚ ਪਹਿਚਾਣੇ ਜਾਂਦੇ ਹਨ” ਅਤੇ ਦੂਜਾ “ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ” । ਇਸਦਾ ਮੱਤਲਬ ਇਹ ਹੋਇਆ ਕਿ ਚੰਗੇ ਬਚੇ, ਜਿਨ੍ਹਾਂ ਨੂੰ “ਲਾਲ” ਸ਼ਬਦ ਨਾਲ ਨਿਵਾਜਿਆ ਗਿਆ ਹੈ, ਉਨ੍ਹਾਂ ਦੀ ਸ਼ਨਾਖ਼ਤ ਅਥਵਾ ਪਹਿਚਾਣ ਮਾਂ ਜਾਂ ਬਾਪ ਦੀ ਗੋਦ ਵਿਚ ਹੀ ਹੋ ਜਾਂਦੀ ਹੈ ਪਰ ਇਸ ਤੋਂ ਉਲਟ ਜਿਨ੍ਹਾਂ ਬੱਚਿਆਂ ਦੀ ਤਸ਼ਬੀਹ ਸੂਲਾਂ ਨਾਲ ਕੀਤੀ ਗਈ ਹੈ, ਉਹ ਵੀ ਬੱਚਪਨ ਤੋਂ ਹੀ ਪਹਿਚਾਣੇ ਜਾਂਦੇ ਹਨ । ਸੂਲ, ਭਾਵ ਕੰਡਾ, ਭਾਵੇਂ ਉਹ ਕਿਕਰ ਨਾਲ ਲਗੀ ਹੋਵੇ ਜਾਂ ਗੁਲਾਬ ਨਾਲ, ਛੋਟੀ ਹੋਵੇ ਜਾਂ ਵੱਡੀ, ਉਹ ਟਾਹਣੀ ਵਿਚੋਂ ਨਿਕਲਦਿਆਂ ਸਾਰ ਹੀ ਤਿੱਖੀ ਚੁੰਝ ਅਖ਼ਤਿਆਰ ਕਰਕੇ ਚੁੱਭਣ ਨੂੰ ਤੇ ਸਾਡੀ ਉਂਗਲ ਵਿਚੋਂ ਜਾਂ ਸਰੀਰ ਦੇ ਕਿਸੇ ਹੋਰ ਅੰਗ ਵਿਚੋਂ ਲਹੂ ਕੱਢਣ ਨੂੰ ਤਿਆਰ-ਬਰ-ਤਿਆਰ ਰਹਿੰਦੀ ਹੈ ।
ਮੈਂ ਇਸ ਲੇਖ ਵਿਚ ਇਕ ਉਸ ਪ੍ਰਭਾਵਸ਼ਾਲੀ ਵਿਅਕਤੀ ਦੀ ਗੱਲ ਕਰਨ ਜਾ ਰਿਹਾ ਹਾਂ, ਜਿਸਦੇ ਬੱਚਪਨ ਬਾਰੇ ਤਾਂ ਮੈਨੂੰ ਕੋਈ ਇੱਲਮ ਨਹੀਂ, ਪਰ ਫੇਰ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਇਨਸਾਨ “ਲਾਲ ਗੋਦੜੀਆਂ ਵਿਚ ਪਹਿਚਾਣਿਆ ਜਾਣ ਵਾਲਾ” ਹੋਵੇਗਾ । ਮੇਰਾ ਇਸ਼ਾਰਾ ਪ੍ਰੋਫੈਸਰਰ ਪੰਡਤਰਾਓ ਧਾਰੇਨਵਰ ਵਲ ਹੈ, ਜੋ ਅੱਜ ਕਲ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਬਤੌਰ ਅਧਿਆਪਕ ਦੇ ਸੇਵਾ ਕਰ ਰਹੇ ਹਨ । ਉਨ੍ਹਾਂ ਦਾ ਜੀਵਨ ਇੰਨਾ ਪ੍ਰੇਰਨਾ ਵਾਲਾ ਹੈ ਕਿ ਮੈਂ ਖ਼ੁਦ ਪ੍ਰੇਰਤ ਹੋ ਕੇ ਉਨ੍ਹਾਂ ਬਾਰੇ ਲਿਖਣ ਲਈ ਮਜਬੂਰ ਹੋ ਗਿਆ ਹਾਂ । ਤਫ਼ਤੀਸ਼ ਕਰਨ ਉਤੇ ਪੱਤਾ ਲਗਾ ਕਿ ਉਹ ਪੰਜਾਬੀ ਨਹੀਂ ਹਨ, ਸਗੋਂ ਕਰਨਾਟਕਾ ਵਿਚ ਜੰਮੇ ਪਲੇ ਇਕ ਉਚ ਬ੍ਰਾਹਮਣ ਕੁਲ ਦੇ ਪਰਿਵਾਰ ਨਾਲ ਸਬੰਧ ਰਖਦੇ ਹਨ । ਉਨ੍ਹਾਂ ਨੇ ਕਰਨਾਟਕਾ ਦੇ ਬੀਜਾਪੁਰ ਦੇ ਸਲਤੋੇਗੀ ਇਲਾਕੇ ਵਿਚ ਸ੍ਰੀ ਚੰਦਰਸ਼ੇਖਰ ਦੇ ਘਰ ਜਨਮ ਲਿਆ । ਮੁੱਢਲੀ ਪੜ੍ਹਾਈ ਉਥੋਂ ਹਾਸਲ ਕਰਕੇ ਜੰਤਾ ਹਾਈ ਸਕੂਲ ਹੁਬਲੀ ਤੋਂ ਹਾਈ ਸਕੂਲ ਪਾਸ ਕੀਤੀ ਤੇ ਫੇਰ ਧਰਵਾੜ ਤੋਂ ਕਰਨਾਟਕ ਕਾਲਜ, ਕਰਨਾਟਕਾ ਤੋਂ ਬੈਚੂਲਰ ਡਿੱਗਰੀ ਹਾਸਲ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿਲੀ ਤੋਂ ਸੋਸ਼ਿਆਲੋਜੀ ਦੀ ਮਾਸਟਰਜ਼ ਤੇ ਫੇਰ ਐਮ.ਫਿਲ. ਕੀਤੀ । ਪ੍ਰੋਫੈਸਰ ਧਾਰੇਨਵਰ ਅੱਜ ਕਲ ਪੰਜਾਬ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਚੰਡੀਗੜ੍ਹ, ਸੈਕਟਰ 46 ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਨੌਕਰੀ ਕਰ ਰਹੇ ਹਨ । ਉਨ੍ਹਾਂ ਦੇ ਜੀਵਨ ਨਾਲ ਕੁਝ ਦਿਲਚਸਪ ਘਟਨਾਵਾਂ ਦਾ ਪਾਠਕਾਂ ਨਾਲ ਜ਼ਿਕਰ ਕਰਨਾ ਬੜਾ ਜ਼ਰੂਰੀ ਸਮਝਦਾ ਹਾਂ ।
ਪ੍ਰੋਫੈਸਰ ਪੰਡਤਰਾਓ ਧਾਰੇਨਵਰ, ਅਸਿਸਟੈਂਟ ਪ੍ਰੋਫੈਸਰ
ਜਦ ਤੋਂ ਪ੍ਰੋਫੈਸਰ ਧਾਰੇਨਵਾਰ ਚੰਡੀਗੜ੍ਹ ਵਿਚ ਆਏ ਹਨ, ਹੌਲੀ ਹੌਲੀ ਉਨ੍ਹਾਂ ਨੂੰ ਪੰਜਾਬੀ ਬੋਲੀ ਤੇ ਗੁਰਮੁੱਖੀ ਲਿਪੀ ਨਾਲ ਇੰਨਾ ਮੋਹ ਹੋ ਗਿਆ ਹੈ ਕਿ ਉਹ ਇਸ ਬੋਲੀ ਦੇ ਸ਼ੈਦਾਈ ਬਣ ਗਏ ਹਨ । ਉਨ੍ਹਾਂ ਨੇ ਪੰਜਾਬੀ ਸਿੱਖੀ, ਗੁਰਮੁੱਖੀ ਸਿੱਖੀ, ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ, ਜ਼ਫ਼ਰਨਾਮਾਹ ਬਾਣੀਆਂ ਦਾ ਅਧਿਐਨ ਕੀਤਾ ਤੇ ਉਨ੍ਹਾਂ ਦਾ ਕਾਨੜਾ ਬੋਲੀ ਵਿਚ ਤਰਜਮਾ ਕੀਤਾ ਤਾਂ ਕਿ ਕਰਨਾਟਕ ਪ੍ਰਾਂਤ ਦੇ ਵਾਸੀ ਵੀ ਇਨ੍ਹਾਂ ਵਡਮੁੱਲੀਆਂ ਤੇ ਰੂਹਾਨੀ ਬਾਣੀਆਂ ਤੋਂ ਲਾਭ ਉਠਾ ਸਕਣ । ਉਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਨੜਾ ਬੋਲੀ ਵਿਚ ਅਨੁਵਾਦ ਕਰਨ ਦਾ ਵੀ ਸੁਪਨਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਚੰਡੀਗੜ੍ਹ ਵਿਚ ਪਬਲਿਕ ਇਮਾਰਤਾਂ ਉਤੇ ਸਾਈਨ ਬੋਰਡ ਪੰਜਾਬੀ ਵਿਚ ਨਹੀਂ ਲਗੇ ਹੋਏ, ਸਗੋਂ ਅੰਗ੍ਰੇਜ਼ੀ, ਹਿੰਦੀ, ਉਰਦੂ ਆਦਿ ਬੋਲੀਆਂ ਵਿਚ ਹਨ । ਇਸ ਸਬੰਧ ਵਿਚ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਕੀਤੀ, ਪੰਜਾਬ ਸਰਕਾਰ ਦੇ ਸਕਤਰੇਤ ਦਫ਼ਤਰ ਦੇ ਉਚ ਅਧਿਕਾਰੀਆਂ ਨਾਲ ਗੱਲ ਕੀਤੀ । ਜ਼ਬਾਨੀ ਕਲਾਮੀ ਤਾਂ ਸਾਰਿਆਂ ਨੇ ਹਾਂ ਵਿਚ ਹੁੰਗਾਰਾ ਭਰਿਆ, ਪਰ ਅਮਲੀ ਤੌਰ ਉਤੇ ਕਿਸੇ ਨੇ ਵੀ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ । ਆਖ਼ਰ ਇਸ ਮਰਦ-ਏ-ਮੁਜਾਹਿਦ ਨੇ ਖ਼ੁਦ ਹੀ ਧਹੀਆ ਕੀਤਾ ਕਿ ਉਹ ਕਿਸੇ ਦੇ ਹੱਥਾਂ ਵੱਲ ਨਹੀਂ ਤਕੇਗਾ, ਸਗੋਂ ਆਪ ਹੀ ਪੰਜਾਬੀ ਬੋਲੀ ਦੀ ਲਗਦੀ ਵਾਹ ਸੇਵਾ ਕਰੇਗਾ । ਉਹ ਚੰਡੀਗੜ੍ਹ ਵਿਚ ਸਥਿਤ ਮੰਦਿਰਾਂ, ਮਸਜਿਦਾਂ, ਗਿਰਜਿਆਂ, ਜੈਨੀਆਂ ਜਾਂ ਹੋਰ ਧਾਰਮਿਕ ਤੇ ਪਬਲਿਕ ਅਦਾਰਿਆਂ ਵਿਚ ਗਿਆ ਤੇ ਜਾ ਕੇ ਉਨ੍ਹਾਂ ਨੂੰ ਦਲੀਲ ਨਾਲ ਇਸ ਗੱਲ ਨਾਲ ਕਾਇਲ ਕਰ ਲਿਆ ਕਿ ਉਹ ਆਪਣੇ ਸਾਈਨ ਬੋਰਡ ਗੁਰਮੁੱਖੀ ਲਿਪੀ ਵਿਚ ਲਿਖਵਾਉਣ । ਪ੍ਰੋ: ਪੰਡਤਰਾਓ ਦੇ ਉਦਮ ਸਦਕਾ ਹੁਣ ਤਕ ਤਕਰੀਬਨ 250 ਸਾਈਨ ਬੋਰਡ ਗੁਰਮੁੱਖੀ ਲਿਪੀ ਵਿਚ ਤਬਦੀਲ ਹੋ ਚੁਕੇ ਹਨ ਤੇ ਬਾਕੀਆਂ ਨੂੰ ਤਬਦੀਲ ਕਰਵਾਉਣ ਲਈ ਮੁਹਿੰਮ ਜਾਰੀ ਹੈ । ਜੋ ਕੰਮ ਕੋਈ ਪੰਜਾਬੀ ਸਾਹਿਤਕ ਸਭਾ, ਸੁਸਾਇਟੀ, ਕੋਈ ਗੁਰਦੁਆਰਾ, ਧਾਰਮਿਕ ਅਦਾਰਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨਾ ਕਰਵਾ ਸਕੀ, ਉਹ ਇਕ ਨਿਮਾਣਾ, ਪਰ ਮਹਾਨ ਸ਼ਖ਼ਸ ਕਰ ਗਿਆ, ਕਿਉਂਕਿ ਉਹ ਜ਼ਬਾਨੀ ਕਲਾਮੀ ਗੱਲ ਕਰਨ ਵਾਲਾ ਨਹੀਂ ਸੀ । ਉਸ ਪਾਸ ਲਗਨ ਸੀ, ਇਰਾਦਾ ਸੀ, ਈਮਾਨਦਾਰੀ ਸੀ ਤੇ ਪੰਜਾਬੀ ਨੂੰ ਪ੍ਰਫੁਲਤ ਹੁੰਦੇ ਵੇਖਣ ਦੀ ਤੜਪ ਸੀ । ਉਹ ਤਕਰੀਬਨ 70 ਹਜ਼ਾਰ ਰੁਪਏ ਮਹੀਨਾ ਤਨਖਾਹ ਲੈਂਦਾ ਹੈ, ਜਿਸ ਵਿਚੋਂ ਉਹ ਹਰ ਮਹੀਨੇ 30 ਹਜ਼ਾਰ ਰੁਪਈਆ ਗੁਰਮੁੱਖੀ ਲਿਪੀ ਵਿਚ ਸਾਈਨ ਬੋਰਡਾਂ ਉਤੇ ਖਰਚ ਕਰਨ ੳਤੇ ਲਾ ਰਿਹਾ ਹੈ । ਉਸਦੇ ਕਈ ਮਿੱਤਰਾਂ ਨੇ ਕਿਹਾ, “ਧਾਰੇਨਵਰ ਜੀ, ਜੇ ਤੁਸੀਂ ਇੰਨਾ ਖਰਚ ਕਰਦੇ ਰਹੇ ਤਾਂ ਇੱਕ ਦਿਨ ਤੁਸੀਂ ਗਰੀਬ ਹੋ ਜਾਵੋਗੇ”। ਜੁਆਬ ਵਿਚ ਪ੍ਰੋ: ਧਾਰੇਨਵਰ ਨੇ ਕਿਹਾ, “ਪਹਿਲੀ ਗੱਲ ਤਾਂ ਇਹ ਕਿ ਇਸ ਨਾਲ ਮੈਂ ਗਰੀਬ ਨਹੀਂ ਹੋ ਚਲਿਆ, ਜੇ ਹੋ ਵੀ ਗਿਆ, ਤਾਂ ਕੋਈ ਗੱਲ ਨਹੀਂ, ਮੈਂ ਪੰਜਾਬ ਵਿਚ ਰਹਿ ਰਿਹਾ ਹਾਂ, ਇਸ ਲਈ ਮੈਂ ਪੰਜਾਬੀ ਬੋਲੀ ਨੂੰ ਕਿਸੇ ਕੀਮਤ ਉਤੇ ਵੀ ਗਰੀਬ ਨਹੀਂ ਹੋਣ ਦਿਆਂਗਾ”।
ਪ੍ਰੋਫੈਸਰ ਧਾਰੇਨਵਰ ਨੇ ਪਿਛਲੇ ਹਫ਼ਤੇ ਇਕ ਹੋਰ ਹੈਰਾਨਕੁੰਨ ਕਾਰਜ ਨੂੰ ਸਿਰੇ ਚਾੜ੍ਹਿਆ । ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਪੁਰਬ ਉਤੇ ਉਸਨੇ ਆਪਣੇ ਸਾਈਕਲ ਉਤੇ ਬਾਬਾ ਜੀ ਦੀ ਇਕ ਵੱਡੀ ਸਾਰੀ ਫੋਟੋ ਟੰਗ ਕੇ ਅਜੀਤ ਗੜ੍ਹ ਤੇ ਚੰਡੀਗੜ੍ਹ ਵਿਚ ਸਾਈਕਲ ਯਾਤਰਾ ਕੀਤੀ ਤੇ ਹਰ ਚੌਂਕ ਤੇ ਬਾਜ਼ਾਰ ਖਲੋ ਕੇ ਬਾਬਾ ਜੀ ਦੇ ਜੀਵਨ ਦੀ ਮਹਾਨਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਉਸਨੇ ਇਕ ਨਿਜੀ ਇੰਟਰਵੀਊ ਵਿਚ ਮੈਨੂੰ ਦੱਸਿਆ ਕਿ ਉਸਦੀ ਕਲਮ ਤੇ ਸਾਈਕਲ ਉਨਾ ਚਿਰ ਸਾਹ ਨਹੀਂ ਲੈਣਗੇ, ਜਿੰਨੀ ਦੇਰ ਤਕ ਉਹ ਬਾਬਾ ਦੀਪ ਸਿੰਘ ਜੀ ਦੀ ਮਹਾਨਤਾ ਬਾਰੇ ਲੋਕਾਂ ਨੂੰ ਜਾਣੂ ਨਹੀਂ ਕਰਾ ਲੈਂਦੇ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਿਛੋਂ ਉਹ ਸਾਈਕਲ ਉਤੇ ਬਾਬਾ ਜੀ ਦੀ ਫੋਟੋ ਲਾ ਕੇ ਭਾਰਤ ਦੇ ਦੱਖਣੀ ਪ੍ਰਾਂਤਾਂ ਦੀ ਧਰਤੀ ਉਤੇ ਵੀ ਸਾਈਕਲ ਯਾਤਰਾ ਕਰਨਗੇ ।
ਪੰਡਤਰਾਓ ਧਾਰੇਨਵਰ ਕੋਲ ਖੜੇ ਲੋਕਾਂ ਨੂੰ ਬਾਬਾ ਦੀਪ ਸਿੰਘ ਜੀ ਮਹਾਨਤਾ ਬਾਰੇ ਦੱਸਦੇ ਹੋਏ
ਪ੍ਰੋਫੈਸਰ ਪੰਡਤ ਧਾਰੇਨਵਰ ਬਾਬਾ ਦੀਪ ਸਿੰਘ ਜੀ ਫੋਟੋ ਸਮੇਤ ਸਾਈਕਲ ਉਤੇ ਸਵਾਰ
ਪ੍ਰੋ: ਪੰਡਤਰਾਓ ਦੀ ਜ਼ਿੰਦਗੀ ਬੇਹਦ ਦਿਲਚਸਪ ਹੈ । ਹਰ ਇਕ ਦਿਨ ਉਨ੍ਹਾਂ ਦਾ ਨਵੀਂ ਸਵੇਰ ਨਾਲ ਸ਼ੁਰੂ ਹੁੰਦਾ ਹੈ । ਉਨ੍ਹਾਂ ਦੇ ਮਿੱਥੇ ਹੋਏ ਪ੍ਰਾਜੈਕਟਾਂ ਵਿਚ ਇਕ ਇਹ ਵੀ ਹੈ ਕਿ ਗ਼ੈਰ-ਪੰਜਾਬੀਆਂ ਨੂੰ ਗੁਰਮੁੱਖੀ ਤੇ ਪੰਜਾਬੀ ਪੜ੍ਹਾਉਣੀ । ਉਹ ਸਵੱਛ ਤੇ ਸ਼ਹਿਦ ਤੋਂ ਮਿੱਠੀ ਜਾਣੀ ਜਾਂਦੀ ਪੰਜਾਬੀ ਦੇ ਆਸ਼ਕ ਹਨ । ਇਥੇ ਇਕ ਹੋਰ ਘਟਨਾ ਬੜੀ ਦਿਲਚਸਪ ਸਾਂਝੀ ਕਰਨ ਵਾਲੀ ਹੈ । ਬਠਿੰਡੇ ਵਿਚ ਇਕ ਸਾਹਿਤਕ ਸਮਾਗਮ ਵਿਚ ਪ੍ਰੋਫੈਸਰ ਪੰਡਤਰਾਓ ਨੂੰ ਸਨਮਾਨ ਦਿਤਾ ਜਾਣਾ ਸੀ ਤੇ ਉਹ ਉਥੇ ਸਮੇਂ ਸਿਰ ਪਹੁੰਚ ਵੀ ਗਏ । ਇਤਫ਼ਾਕ ਦੀ ਗੱਲ ਕਿ ਸਟੇਜ ਉਤੇ ਮਖਣ ਬਰਾੜਨਾਮ ਦਾ ਇਕ ਗੀਤਕਾਰ ਬੈਠਾ ਸੀ, ਜਿਸਦਾ ਇਕ ਗੀਤ ਪੰਜਾਬ ਵਿਚ ਰੱਜ ਕੇ ਪ੍ਰਚਲਤ ਹੋਇਆ । ਗੀਤ ਦੇ ਬੋਲ ਹਨ: “ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ”। ਜਦੋਂ ਪੰਡਤਰਾਓ ਨੇ ਸਟੇਜ ਉਤੇ ਇਸ ਭੱਦਰ ਪੁਰਸ਼ ਨੂੰ ਬੈਠਿਆਂ ਵੇਖਿਆ ਤਾਂ ਮਨ ਹੀ ਮਨ ਵਿਚ ਧਾਰ ਲਿਆ ਕਿ ਉਹ ਇਹ ਸਨਮਾਨ ਨਹੀਂ ਲੈਣਗੇ ਤੇ ਉਨ੍ਹਾਂ ਨੇ ਉਸ ਸਨਮਾਨ ਨੂੰ ਠੁਕਰਾ ਦਿਤਾ । ਬਸਾਂ ਵਿਚ ਸਫ਼ਰ ਕਰਦਿਆਂ ਉਹ ਬਸਾਂ ਦੇ ਡਰਾਈਵਰਾਂ ਨੂੰ ਬੜੀ ਹਲੀਮੀ ਨਾਲ ਬੇਨਤੀ ਕਰਦੇ ਹਨ ਕਿ ਉਹ ਬਸਾਂ ਵਿਚ ਪੰਜਾਬੀ ਦੇ ਅਸ਼ਲੀਲ ਗੀਤ ਨਾ ਵਜਾਇਆ ਕਰਨ । ਵਿਆਹਾਂ ਸ਼ਾਂਦੀਆਂ ਦੇ ਸਮਾਗਮਾਂ ਵਿਚ ਵੀ ਧੇਤਿਆਂ ਤੇ ਪੁਤੇਤਿਆਂ ਨੂੰ ਵੀ ਨਿੰਮ੍ਰਤਾ ਸਹਿਤ ਇਹੋ ਬੇਨਤੀ ਕਰਦੇ ਹਨ ਕਿ ਵਾਹਯਾਤ ਕਿਸਮ ਦੇ ਗਾਣੇ ਨਾ ਲਗਾਏ ਜਾਣ । ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਇਕ ਹੋਰ ਮਿਸਾਲ ਇਹ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਨੇੜੇ ਕੰਡਾਲਾ ਵਿਖੇ ਕਾਨੜਾ ਪੰਜਾਬੀ ਸਾਹਿਤ ਸਭਾ ਸ਼ੁਰੂ ਕੀਤੀ ਹੈ । ਨਾਮ ਨੂੰ ਤਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ । ਆਏ ਦਿਨ ਬਾਦਲ ਸਰਕਾਰ ਦੇ ਦਿਖਾਵੇ ਮਾਤਰ ਬਿਆਨ ਵੀ ਆ ਜਾਂਦੇ ਹਨ ਕਿ ਅਸੀਂ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਵਾਂਵਾਂਗੇ । ਪਰ ਕਿਹੜੇ ਮੂੰਹ ਨਾਲ? ਹਨੇਰ ਸਾਈਂ ਦਾ ਪੰਜਾਬ ਸਰਕਾਰ ਤਾਂ ਚੰਡੀਗੜ੍ਹ ਵਿਚ ਅੱਜ ਤਕ ਪੰਜਾਬੀ ਮਾਧਿਅਮ ਵਾਲਾ ਇਕ ਵੀ ਸਕੂਲ ਖੋਲ੍ਹ ਨਹੀਂ ਸਕੀ, ਚੰਡੀਗੜ੍ਹ ਲੈ ਕੇ ਉਨ੍ਹਾਂ ਨੇ ਕਿਹੜੀਆਂ ਪੂਰੀਆਂ ਪਾ ਲੈਣੀਆਂ ਹਨ? ਪਰ ਆਫ਼ਰੀਨ, ਕਰਮਾਂ ਵਾਲੀ ਮਾਂ ਦੇ ਇਸ ਲਾਲ ਦਾ, ਜੋ ਪੰਜਾਬੀ ਨਾਂ ਹੋ ਕੇ ਵੀ ਚੰਡੀਗੜ੍ਹ ਵਿਚ ਪੰਜਾਬੀ ਮੀਡੀਅਮ ਵਾਲਾ ਇਕ ਸਕੂਲ਼ ਖੋਲ੍ਹਣ ਲਈ ਪੂਰੀ ਵਾਹ ਲਾ ਰਿਹਾ ਹੈ ।
ਪ੍ਰੋਫੈਸਰ ਪੰਡਤਰਾਓ ਧਾਰੇਨਵਰ ਹੁਣ ਤਕ ਪੰਜਾਬੀ ਬੋਲੀ ਤੇ ਗੁਰਮੁੱਖੀ ਲਿਪੀ ਵਿਚ 8 ਪੁਸਤਕਾਂ ਲਿਖ ਚੁੱਕੇ ਹਨ ਤੇ ਕਰਨਾਟਕ ਦੇ ਕੁਝ ਰੂਹਾਨੀ ਸੰਤ ਕਵੀਆਂ ਦੀਆਂ ਬਾਣੀਆਂ ਦਾ ਪੰਜਾਬੀ ਵਿਚ ਉਲੱਥਾ ਵੀ ਕਰ ਚੁੱਕੇ ਹਨ । ਦੱਸਣ ਨੂੰ ਤਾਂ ਹਾਲੇ ਵੀ ਬਹੁਤ ਕੁੱਝ ਹੈ, ਪਰ ਬਾਕੀ ਕਿਤੇ ਫੇਰ ਸਹੀ ।