ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੀ ਰਾਜਧਾਨੀ ਓਸਲੋ ਦੇ ਟਾਊਨ ਹਾਲ ਵਿੱਖੇ ਅੱਜ ਬਹੁਤ ਹੀ ਸ਼ਾਨਦਾਰ ਸਮਾਰੋਹ ਦੌਰਾਨ ਸਾਂਤੀ ਨੋਬਲ ਪੁਰਸਕਾਰ ਭਾਰਤ ਤੋਂ ਬਾਲ ਅਧਿਕਾਰਾਂ ਦੀ ਰਾਖੀ ਕਰਦੇ ਕੈਲਾਸ਼ ਸਤਿਆਰਥੀ ਜੀ ਅਤੇ ਲੜਕੀਆਂ ਅਤੇ ਅੌਰਤਾਂ ਦੇ ਅਧਿਕਾਰਾਂ ਦੀ ਆਵਾਜ ਬੁਲੰਦ ਕਰਦੀ ਪਾਕਿਸਤਾਨ ਮੂਲ ਦੀ ਮਲਾਲਾ ਯੂਸਫਈ ਨੂੰ ਦਿੱਤਾ ਗਿਆ। ਇਸ ਦੌਰਾਨ ਮੈਕਸੀਕਨ ਮੂਲ ਦੇ ਇੱਕ ਨੌਜਵਾਨ ਨੇ ਅਚਾਨਕ ਦਰਸ਼ਕਾਂ ‘ਚੋਂ ਉੱਠ ਆਪਣੇ ਦੇਸ਼ ਦਾ ਝੰਡਾ ਲਹਿਰਾਂਦੇ ਹੋਏ ਮਲਾਲਾ ਦੇ ਕੋਲ ਆ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਜਲਦ ਹੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਆਪਣੇ ਕਬਜੇ ‘ਚ ਲੈ ਲਿਆ।ਸਮਾਰੋਹ ਤੋਂ ਪਹਿਲਾਂ ਅਤੇ ਬਾਅਦ ਚ ਦੋਨੋ ਨੋਬਲ ਪੁਰਸਕਾਰ ਵਿਜੇਤਾਵਾਂ ਨੇ ਕਈ ਸਮਾਰੋਹਾਂ ਚ ਭਾਗ ਲਿਆ। ਸ਼ਾਮ ਨੂੰ ਇਹਨਾਂ ਸਾਂਤੀ ਨੋਬਲ ਪੁਰਸਕਾਰ ਜੇਤੂਆਂ ਨੇ ਓਸਲੋ ਦੇ ਗਰੈਂਡ ਹੋਟਲ ਦੀ ਬਾਲਕੋਨੀ ‘ਚ ਆ ਕੇ ਹਜ਼ਾਰਾਂ ਲੋਕੀਂ ਜੋ ਸ਼ਾਂਤੀ ਮਸ਼ਾਲਾ ਲੈ ਕੇ ਹੋਟਲ ਦੇ ਬਾਹਰ ਕੜਕਦੀ ਠੰਡ ਚ ਇਹਨਾਂ ਦਾ ਇੰਤਜਾਰ ਕਰ ਰਹੇ ਸਨ ਨੂੰ ਸੰਬੋਧਨ ਕੀਤਾ। ਨਾਰਵੇ ਵਿੱਚ ਵੱਸੇ ਭਾਰਤੀਆਂ ਨੇ ਵੀ ਹੋਟਲ ਦੇ ਬਾਹਰ ਇਸ ਖੁਸ਼ੀ ਚ ਭੰਗੜੇ ਪਾਏ। ਸ੍ਰੀ ਕੈਲਾਸ਼ ਸਤਿਆਰਥੀ ਜੀ ਨੇ ਇਹਨਾਂ ਭਾਰਤੀਆਂ ਵੱਲੋਂ ਜਾਹਿਰ ਕੀਤੀ ਗਈ ਖੁਸ਼ੀ ਨੂੰ ਵੇਖਦੇ ਹੋਏ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੀ ਖਾਹਿਸ਼ ਪ੍ਗਟ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਦੂਰੋਂ ਹੀ ਹੱਥ ਹਿਲਾ ਖੁਸ਼ੀ ਪ੍ਰਗਟ ਕਰਨ ਲਈ ਕਿਹਾ ਪਰ ਕੈਲਾਸ਼ ਸਤਿਆਰਥੀ ਦੇ ਪਰਿਵਾਰ ਜਿਹਨਾਂ ‘ਚ ਉਹਨਾਂ ਦੀ ਪਤਨੀ ਬੇਟੀ ਦਾਮਾਦ ਆਦਿ ਵੀ ਨੌਰਵੇ ਆਏ ਹੋਏ ਹਨ ਭਾਰਤੀਆਂ ਵੱਲੋਂ ਮਨਾਈ ਜਾ ਰਹੀ ਇਸ ਖੁਸ਼ੀ ‘ਚ ਸ਼ਾਮਿਲ ਹੋਏ ਅਤੇ ਖੁੱਲ ਕੇ ਭੰਗੜਾ ਪਾਇਆ। ਭਾਰਤ ਤੋਂ ਹੀ ਪ੍ਰਸਿੱਧ ਵਕੀਲ ਸ੍ਰ. ਐਚ. ਐਸ. ਫੂਲਕਾ ਵੀ ਨਾਰਵੇ ਪਹੁੰਚੇ ਹੋਏ ਸਨ। ਸਾਂਤੀ ਨੋਬਲ ਪੁਰਸਕਾਰ ਵਿਜੇਤਾਵਾਂ ਦੇ ਸਤਿਕਾਰ ਚ ਨਾਰਵੇ ਦੀ ਮੌਜੂਦਾ ਸਰਕਾਰ ਵੱਲੋਂ ਗਰੈਂਡ ਹੋਟਲ ‘ਚ ਹੀ ਰਾਤ ਦੇ ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਨਾਰਵੇ ਦਾ ਸ਼ਾਹੀ ਪਰਿਵਾਰ,ਪਾਰਲੀਮੈਟ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਿਰ ਹੋਏ।ਭਾਰਤ ਤੋਂ ਪ੍ਰਮੁੱਖ ਮੀਡੀਆ ਵੀ ਕਵਰਿਜ਼ ਲਈ ਓਸਲੋ ਵਿੱਚ ਡੇਰੇ ਲਈ ਬੈਠਾ ਰਿਹਾ ।
ਸ਼ਾਨਦਾਰ ਸਮਾਰੋਹ ਦੌਰਾਨ ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫਈ ਓਸਲੋ ਵਿੱਖੇ ਸਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ
This entry was posted in ਅੰਤਰਰਾਸ਼ਟਰੀ.