ਨਵੀਂ ਦਿੱਲੀ : ਇਥੋਂ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਨੂੰ ਧਿਆਨ ‘ਚ ਰੱਖਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਨ ਲਈ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੂੰ ਕਾਰਸੇਵਾ ਸ਼ੁਰੂ ਕਰਨ ਲਈ ਬੇਨਤੀ ਪੱਤਰ ਸੌਂਪਿਆ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੇ ਤੀਸਰੇ ਹਫਤੇ ਦੌਰਾਨ ਕਿਸੇ ਵੀ ਦਿਹਾੜੇ ਇਨ੍ਹਾਂ ਕਾਰਜਾਂ ਦੀ ਆਰੰਭਤਾ ਬਾਬਾ ਜੀ ਵੱਲੋਂ ਅਰਦਾਸ ਉਪਰੰਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਦੀਵਾਨ ਹਾਲ ‘ਚ ਗੁਰਮਤਿ ਸਮਾਗਮ ਆਦਿਕ ਕਰਨ ਵਾਸਤੇ ਥਾਂ ਥੋੜੀ ਹੋਣ ਦਾ ਹਵਾਲਾ ਦਿੰਦੇ ਹੋਏ ਭੋਗਲ ਨੇ ਜਾਣਕਾਰੀ ਦਿੱਤੀ ਕਿ ਹਾਲ ਦੇ ਨਾਲ ਲਗਦੇ ਕੜਾਹ ਪ੍ਰਸ਼ਾਦ ਕਾਉਂਟਰ, ਰਸੀਦਘਰ, ਜੋੜਾਘਰ ਅਤੇ ਗੁਰਦੁਆਰਾ ਇੰਚਰਾਜ ਦੇ ਦਫਤਰ ਨੂੰ ਵੀ ਇਸ ਵਿਸਤਾਰ ਦੌਰਾਨ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂਕਿ ਹਾਲ ਦੀ ਉਸਾਰੀ ਪੂਰੀ ਹੋਣ ਉਪਰੰਤ ਬਿਨਾ ਕਿਸੇ ਖੱਜਲ-ਖੁਆਰੀ ਦੇ ਸੰਗਤਾਂ ਗੁਰੂ ਦਰਬਾਰ ਦਰਸ਼ਨ ਦਿਦਾਰੇ ਕਰ ਸਕਣ। ਖਾਲੀ ਪਏ ਆਲੇ ਦੁਆਲੇ ਨੂੰ ਵੀ ਵਧੀਆ ਤਰੀਕੇ ਨਾਲ ਹਰਾ-ਭਰਾ ਕਰਦੇ ਹੋਏ ਉਸ ਸਥਾਨ ਤੇ ਸ਼ਾਮ ਵੇਲ੍ਹੇ ਲਾਈਟ ਐਂਡ ਸਾਉਂਡ ਸ਼ੋ ਕਰਨ ਦੀ ਵੀ ਕਮੇਟੀ ਵੱਲੋਂ ਬਾਬਾ ਜੀ ਨੂੰ ਤਜਵੀਜ਼ ਦਿੱਤੀ ਗਈ ਹੈ। ਇਸ ਮੌਕੇ ਕਮੇਟੀ ਦੇ ਮੁੱਖ ਇੰਜੀਨੀਅਰ ਪਰਮਪਾਲ ਸਿੰਘ ਆਦਿਕ ਮੌਜੂਦ ਸਨ।
ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਅਤੇ ਥਾਂ ਦੇ ਨਵੀਨੀਕਰਨ ਲਈ ਬਾਬਾ ਬਚਨ ਸਿੰਘ ਵੱਲੋਂ ਆਰੰਭੀ ਜਾਵੇਗੀ ਕਾਰਸੇਵਾ
This entry was posted in ਭਾਰਤ.