ਨਵੀਂ ਦਿੱਲੀ : ਦਿੱਲੀ ਦੇ ਉਪਰਾਜਪਾਲ ਸ੍ਰੀ ਨਜੀਬ ਜੰਗ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਪੰਥਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਪੰਜਾਬੀ ਐਨੀਮੇਸ਼ਨ ਫ਼ਿਲਮ “ਚਾਰ ਸਾਹਿਬਜ਼ਾਦੇ” ਨੂੰ ਦਿੱਲੀ ‘ਚ ਕਰਮੁਕਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਸਥਾਨਿਕ ਏਜੰਸੀਆਂ ਨਾਲ ਗੁਰੂਧਾਮਾਂ ਅਤੇ ਵਿਦਿਅਕ ਅਦਾਰਿਆਂ ਦੀ ਜ਼ਮੀਨਾਂ ਬਾਰੇ ਚੱਲ ਰਹੇ ਵਿਵਾਦਾਂ ਨੂੰ ਹਲ ਕਰਵਾਉਣ ਲਈ ਉਪਰਾਜਪਾਲ ਨੂੰ ਸਹਿਯੋਗ ਕਰਨ ਦੀ ਵੀ ਬੇਨਤੀ ਕੀਤੀ।
ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਕਰਾਰ ਕਮੇਟੀ ਦੇ ਅੰਤਿ੍ੰਗ ਬੋਰਡ ਵੱਲੋਂ ਐਨ.ਡੀ.ਐਮ.ਸੀ. ਨਾਲ ਰੱਦ ਕਰਨ ਦੀ ਜਾਣਕਾਰੀ ਉਪਰਾਜਪਾਲ ਨੂੰ ਦਿੰਦੇ ਹੋਏ ਜੀ.ਕੇ. ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਵਾਦ ਨੂੰ ਹੱਲ ਕਰਨ ਦੀ ਅਪੀਲ ਕੀਤੀ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਡੀ.ਡੀ.ਏ. ਅਤੇ ਦਿੱਲੀ ਨਗਰ ਨਿਗਮ ਨਾਲ ਚਲ ਰਹੇ ਵਿਵਾਦਾਂ ਨੂੰ ਹੱਲ ਕਰਨ ਵਾਸਤੇ ਉਪਰਾਜਪਾਲ ਵੱਲੋਂ ਇਕ ਕਮੇਟੀ ਬਨਾਉਣ ਦੀ ਵੀ ਜੀ.ਕੇ. ਨੂੰ ਜਾਣਕਾਰੀ ਇਸ ਮੌਕੇ ਦਿੱਤੀ ਗਈ।
ਉਕਤ ਕਮੇਟੀ ਸਥਾਨਕ ਐਜੰਸੀਆਂ ਤੇ ਦਿੱਲੀ ਕਮੇਟੀ ਵਿਚਕਾਰ ਚਲ ਰਹੇ ਵਿਵਾਦਾਂ ਨੂੰ ਕਾਨੂੰਨੀ ਦਾਇਰੇ ‘ਚ ਵਿਦਿਆਰਥੀਆਂ ਦੇ ਭਵਿੱਖ ਅਤੇ ਸੰਗਤਾਂ ਦੀਆਂ ਸੁਵਿਧਾਵਾਂ ਨੂੰ ਧਿਆਨ ‘ਚ ਰੱਖ ਕੇ ਫੈਸਲੇ ਕਰਵਾਉਣ ਲਈ ਕਾਰਜ ਕਰੇਗੀ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ,ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ. ਅਤੇ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਵੀ ਇਸ ਵਫ਼ਦ ‘ਚ ਸ਼ਾਮਿਲ ਸਨ।
ਦਿੱਲੀ ਕਮੇਟੀ ਵਫ਼ਦ ਨੇ ਉਪਰਾਜਪਾਲ ਨਾਲ ਕੀਤੀ ਮੁਲਾਕਾਤ
This entry was posted in ਭਾਰਤ.