ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਦੇ ਧਾਰਾ 25 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਇਸ ਧਾਰਾ ਨੂੰ ਖਤਮ ਕਰਾਉਣ ਦਾ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਧਾਰਾ 25 ਨੂੰ ਲੈ ਕੇ ਅਕਾਲੀ ਦਲ ਲੰਮੇ ਸਮੇਂ ਤੋ ਮੋਰਚੇ ਵੀ ਲਗਾਉਂਦਾ ਆ ਰਿਹਾ ਹੈ ਅਤੇ ਮਾਸਟਰ ਤਾਰਾ ਸਿੰਘ, ਸੰਤ ਚੰਨਣ ਸਿੰਘ , ਸੰਤ ਫਤਹਿ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਪਰਧਾਨਗੀ ਕਾਲ ਸਮੇਂ ਤੋ ਹੀ ਸਿੱਖ ਮੋਰਚੇ ਲਗਾ ਕੇ ਇਸ ਧਾਰਾ ਨੂੰ ਖਤਮ ਕਰਨ ਦੀ ਮੰਗ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਧਾਰਾ ਨੂੰ ਖਤਮ ਕਰਾਉਣ ਲਈ ਦੁਨੀਆਂ ਭਰ ਦੇ ਸਿੱਖ ਇੱਕਮੁੱਠ ਹਨ ਤੇ ਵਿਸ਼ਵ ਪੱਧਰ ਤੇ ਸਿੱਖ ਕਾਨਫਰੰਸਾਂ ਕਰਕੇ ਇਸ ਧਾਰਾ ਨੂੰ ਖਤਮ ਕਰਨ ਦੀ ਲੰਮੇ ਸਮੇਂ ਤੋ ਮੰਗ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਜੋ ਕਿ ਇਸ ਵੇਲੇ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਇਸ ਧਾਰਾ ਨੂੰ ਸੰਵਿਧਾਨ ਵਿੱਚ ਤਰਮੀਮ ਕਰਵਾ ਕੇ ਖਤਮ ਕਰਾਉਣ। ਉਹਨਾਂ ਕਿਹਾ ਕਿ ਇਹ ਤਾਂ ਕੰਧ ਤੇ ਲਿਖੇ ਸੱਚ ਵਾਂਗ ਹੈ ਕਿ ਸਿੱਖ ਇੱਕ ਵੱਖਰੀ ਕੌਮ ਤੇ ਵੱਖਰਾ ਧਰਮ ਹੈ ਜਿਸ ਨੂੰ ਕਿਸੇ ਵੀ ਹੋਰ ਧਰਮ ਨਾਲ ਜੋੜਿਆ ਨਹੀਂ ਜਾ ਸਕਦਾ ਅਤੇ ਦੋ ਪਾਤਸ਼ਾਹੀਆਂ ਸ੍ਰੀ ਗੁਰੂ ਅਰਜਨਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਵੀ ਸਿੱਖੀ ਰਵਾਇਤਾਂ ਤੇ ਪਰੰਪਰਾ ਨੂੰ ਹੀ ਮੁੱਖ ਕਰਕੇ ਹੋਈਆਂ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਤਾਂ ਉਹਨਾਂ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਹਨਾਂ ਦੀ ਖਾਤਰ ਉਹਨਾਂ ਨੇ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੀ ਤੇ ਨੌਵੇ ਪਾਤਸ਼ਾਹ ‘ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ’ ਅਖਵਾਏ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਵੱਖਰੀ ਰਹੇਗੀ ਅਤੇ ਇਸ ਨੂੰ ਕਿਸੇ ਵੀ ਹੋਰ ਧਰਮ ਵਿੱਚ ਰਲਗੱੜ ਨਹੀ ਕੀਤਾ ਜਾ ਸਕਦਾ।