ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਸਿੱਖਾਂ ਦੇ ਆਪਣੇ ਰੀਤੀ-ਰਿਵਾਜ਼ ਹਨ।ਸਿੱਖ ਹਮੇਸ਼ਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਚੱਲਦੇ ਹਨ।ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ ੨੫-ਬੀ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਕਿਉਂਕਿ ਇਹ ਧਾਰਾ ਸਿੱਖਾਂ ਨੂੰ ਆਪਣੇ ਬਹੁਤ ਸਾਰੇ ਹੱਕਾਂ ਤੋਂ ਵਾਂਝਾ ਰੱਖਣ ਵਾਲੀ ਹੈ।ਇਸ ਲਈ ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ੮੦ ਫੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ।ਅੱਜ ਵੀ ਜੇਕਰ ਦੇਸ਼ ਨੂੰ ਕਿਤੇ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਸਿੱਖ ਦੁਸ਼ਮਣ ਫੌਜ ਅੱਗੇ ਸੀਨਾ ਤਾਣ ਕੇ ਖੜਦੇ ਹਨ ਜੇਕਰ ਦੇਸ਼ ਵਿੱਚ ਕਿਤੇ ਕੁਦਰਤੀ ਆਫਤ ਆਵੇ ਤੇ ਉਸ ਨਾਲ ਨਜਿੱਠਣ ਲਈ ਸਭ ਤੋਂ ਅੱਗੇ ਸਿੱਖ ਹੁੰਦੇ ਹਨ।ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਾਰਾ ੨੫-ਬੀ ਨੂੰ ਤੁਰੰਤ ਖ਼ਤਮ ਕਰੇ।ਉਨ੍ਹਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ।ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਧਾਰਾ ੨੫-ਬੀ ਨੂੰ ਖ਼ਤਮ ਕਰਨ ਸਬੰਧੀ ਦਿੱਤੇ ਬਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਜੋ ਪੰਥਕ ਤੇ ਸਿੱਖ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ।
ਇਸੇ ਤਰ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਹਰੇਕ ਧਰਮ ਆਪਣੀ ਆਪਣੀ ਜਗਾ ਸਤਿਕਾਰਯੋਗ ਹੈ। ਆਪਣੇ ਧਰਮ ਵਿੱਚ ਪੱਰਪਕ ਰਹਿਣਾ ਹਰੇਕ ਭਾਰਤੀ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਉਨ੍ਹਾ ਕਿਹਾ ਕਿ ਮੁਗਲ ਰਾਜ ਸਮੇਂ ਵੀ ਜ਼ਬਰ ਦਸਤੀ ਧਰਮ ਪਰਿਵਰਤਨ ਕਰਨ ਦੀ ਲਹਿਰ ਚੱਲੀ ਸੀ।ਜਿਸ ਦਾ ਨੋਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਰੋਧ ਕਰਦਿਆਂ ਦਿੱਲੀ ਦੇ ਚਾਂਦਨੀ ਚੌਕ ‘ਚ ਜਾ ਕੇ ਆਪਣੇ ਸਿਧਕੀ ਸਿੱਖਾਂ ਸਮੇਤ ਅਦੁੱਤੀ ਸ਼ਹਾਦਤ ਦੇ ਕੇ ਜ਼ਬਰੀ ਧਰਮ ਪਰਿਵਰਤਨ ਲਹਿਰ ਨੂੰ ਠਲ੍ਹ ਪਾਈ ਸੀ।ਇਸ ਲਈ ਕਿਸੇ ਵੀ ਸੰਸਥਾ ਵੱਲੋਂ ਦੂਜੇ ਧਰਮ ਦੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਧਰਮ ਵਿੱਚ ਰਲਾਉਣਾ ਸਹੀ ਨਹੀਂ ਹੈ।ਉਨ੍ਹਾਂ ਕਿਹਾ ਕਿ ਆਪਣੀ ਮਰਜ਼ੀ ਨਾਲ ਹਰੇਕ ਨਾਗਰਿਕ ਇਧਰ-ਉਧਰ ਜਾ ਸਕਦਾ ਹੈ, ਪਰ ਕਿਸੇ ਦੀ ਗਰੀਬੀ ਜਾਂ ਲਾਚਾਰੀ ਦਾ ਫਾਇਦਾ ਉਠਾ ਕੇ ਇਕ ਧਰਮ ਤੋਂ ਦੂਸਰੇ ਧਰਮ ਵਿੱਚ ਸ਼ਾਮਲ ਕਰਾਉਣਾ ਬਿਲਕੁਲ ਗਲਤ ਤੇ ਬਹੁ-ਧਰਮੀ ਭਾਰਤ ਦੀ ਤੌਹੀਨ ਕਰਨ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਸਬੰਧੀ ਕੋਈ ਸਖ਼ਤ ਕਾਨੂੰਨ ਬਣੇ ਤਾਂ ਜੋ ਕਿਸੇ ਨਾਲ ਜਬਰ ਦਸਤੀ ਜਾਂ ਧੱਕੇਸ਼ਾਹੀ ਨਾ ਹੋ ਸਕੇ।
ਸਿੱਖ ਵੱਖਰੀ ਕੌਮ ਹੈ ਧਾਰਾ ੨੫-ਬੀ ਖ਼ਤਮ ਹੋਵੇ – ਜਥੇਦਾਰ ਅਵਤਾਰ ਸਿੰਘ
This entry was posted in ਪੰਜਾਬ.