ਨਵੀਂ ਦਿੱਲੀ :- ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਭਾਗ ਨਾੜੀ ਮੰਦਿਰ ਵਿਖੇ ਬੀਤੇ ਦਿਨੀ ਬਿਜਲੀ ਦੇ ਸ਼ਾਟ ਸਰਕਿਟ ਹੋਣ ਕਰਕੇ ਖੰਡਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਾਰ ਸਰੂਪਾਂ ਨੂੰ ਦਿੱਲੀ ਕਮੇਟੀ ਨੂੰ ਅਗਨ ਭੇਂਟ ਲਈ ਸਪੁਰਦ ਕੀਤਾ ਗਿਆ ਹੈ। ਕਰਾਚੀ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਭਾ ਦੇ ਚੇਅਰਮੈਨ ਮਹੇਸ਼ ਸਿੰਘ ਦੀ ਅਗੁਵਾਈ ਹੇਠ ਆਏ ਵਫਦ ਨੇ ਇਨ੍ਹਾਂ ਸਰੂਪਾਂ ਨੂੰ ਇਤਿਹਾਸਿਕ ਗੁਰਦੁਆਰਾ ਮਜਨੂੰ ਟਿਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪਿਆ।
ਜੀ.ਕੇ. ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਤੇ ਯਾਤਰਾ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਉਕਤ ਸਰੂਪਾਂ ਨੂੰ ਆਪ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਪੁੱਜੀ ਗੱਡੀ ਤੋਂ ਅਗਨ ਭੇਂਟ ਤੋਂ ਪਹਿਲਾਂ ਇਕਤਰ ਕੀਤੇ ਜਾਂਦੇ ਬ੍ਰਿਦ ਸਰੂਪਾਂ ਦੇੁ ਨਾਲ ਹੀ ਸੁੱਖਾਸਨਾ ਤੇ ਵਿਰਾਜਮਾਨ ਕਰਵਾਇਆ। ਅਰਦਾਸ ਉਪਰੰਤ ਇਨ੍ਹਾਂ ਬ੍ਰਿਦ ਸਰੂਪਾਂ ਨੂੰ ਲਿਆਉਣ ਵਾਲੇ ਮਹੇਸ਼ ਸਿੰਘ, ਰਾਜਾ ਸਿੰਘ, ਦਿਆਲ ਸਿੰਘ, ਪ੍ਰਕਾਸ਼ ਸਿੰਘ ਅਤੇ ਵਿਜੈ ਸਿੰਘ ਨੂੰ ਕਮੇਟੀ ਪਾਸੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਜਮੂਨਾ ਕੰਡੇ ਸਥਿਤ ਗੁਰਦੁਆਰਾ ਮਜਨੂੰ ਟਿਲਾ ਸਾਹਿਬ ਵਿਖੇ ਦਿੱਲੀ ਕਮੇਟੀ ਵੱਲੋਂ ਬਣਾਏ ਗਏ ਅੰਗੀਠਾ ਸਾਹਿਬ ‘ਚ ਮਹੀਨੇ ‘ਚ ਇਕ ਵਾਰ ਧਾਰਮਿਕ ਸਾਮਗ੍ਰੀ ਦੇ ਨਾਲ ਹੀ ਬ੍ਰਿਧ ਅਤੇ ਖੰਡਿਤ ਸਰੂਪਾਂ ਨੂੰ ਵੀ ਅਗਨ ਭੇਂਟ ਕੀਤਾ ਜਾਂਦਾ ਹੈ।