ਮਮਤਾਂ ਦੀਆਂ ਰਿਸ਼ਮਾਂ ਦੇ ਚਾਨਣ ਦੀ ਬੁੱਕਲ ਵਿਚ ਅੰਤਾਂ ਦਾ ਨਿੱਘ,
ਨਿੱਘ ਜੋ ਹਾੜ ਦੇ ਸੇਕ ਦੀ ਸਿਖਰੇ ਰੂਹ ਠਾਰ ਜਾਵੇ।
ਠੰਡ ਤੇ ਉਹ ਵੀ ਨਿੱਘੀ ਬੁੱਕਲ ਵਿਚੋਂ?
ਪਤਾ ਨਹੀਂ ਪਰ ਮਨ ਠਰਦਾ ਜ਼ਰੂਰ ਸੀ।
ਬੁੱਕਲ ਹੈ,ਪਰ ਇਕ ਦਿਨ ਨਹੀਂ ਰਹਿਣੀ,
ਸੋਚ ਕੇ ਮਨ ਡਰਦਾ ਵੀ ਜ਼ਰੂਰ ਸੀ।
ਡਰਦਾ ਵੀ ਕਿਉਂ ਨਾਂ ?
ਜ਼ਿੰਦਗੀ ਦੀਆਂ ਜੜ੍ਹਾਂ ਤੋਂ ਕਿਵੇਂ ਵੱਖ ਹੋਵਾਂਗੇ,
ਨਿੱਤ ਨਵੀਆਂ ਅਸੀਸਾਂ ਕਿਥੋਂ ਲੋੜਾਂਗੇ।
ਸੋਚ ਕੇ ਆਪਾ ਖੁਰਦਾ ਵੀ ਜ਼ਰੂਰ ਸੀ।
ਖੁਰਦਾ ਵੀ ਕਿਉਂ ਨਾਂ ?
ਜਿਹਨੇ ਢਿੱਡੋਂ ਜਾਏ, ਦੁੱਧੀਂ ਰਜਾਏ,
ਕਦੇ ਰਹਿਬਰ ਤੇ ਕਦੇ ਪਰਛਾਵਾਂ ਬਣ,
ਜ਼ਿੰਦਗੀ ਦੇ ਨਾਗ ਵਲ ਖੋਲਣ ਲਾਏ।
ਉਹ ਪਾਰਸਮਣੀ ਜਿਸ ਮਿੱਟੀਉਂ ਕੰਚਨ ਕੀਤਾ ,
ਇੱਕ ਦਿਨ ਮਿੱਟੀ ਹੋ ਜਾਏਗੀ।
ਸੋਚ ਕੇ ਉਦਾਸੀ ਦਾ ਇਕ ਸਿਵਾ ਸੋਚਾਂ ਵਿਚ ਬਲਦਾ ਜ਼ਰੂਰ ਸੀ।
ਬਲਦਾ ਵੀ ਕਿਉਂ ਨਾਂ ?
ਜੋ ਧੁੱਪੇ ਛਾਂਵਾ ਕਰਦੀ ਸੀ, ਤੱਤੀਆਂ ਹਵਾਵਾਂ ਜਰਦੀ ਸੀ।
ਮੈਨੂੰ ਤੱਤੀ ਵਾਅ ਨਾਂ ਲੱਗੇ, ਹਰ ਵੇਲੇ ਅਰਦਾਸਾਂ ਕਰਦੀ ਸੀ।
ਉਹਨੂੰ ਇਕ ਦਿਨ ਅੰਗਿਆਰਿਆਂ ਤੇ ਸੰਵਾ ਆਵਾਂਗੇ,
ਅਨਜਾਣੇ-ਬਿਖੜੇ ਪੈਂਡੇ ਪਾ ਆਵਾਂਗੇ
ਸੋਚ ਕੇ ਮਨ ਸੱਚ ਤੋਂ ਹਰਦਾ ਵੀ ਜ਼ਰੂਰ ਸੀ ।
ਹਰਦਾ ਵੀ ਕਿਉਂ ਨਾਂ ?
ਸਾਡੀਆਂ ਪੀੜਾਂ ਵਿਚ ਰੋਂਦੀ, ਹਾਸਿਆਂ ਵਿਚ ਹੱਸਦੀ ਸੀ।
ਆਪ ਸੁੱਖਾਂ ਤੋਂ ਦੂਰ, ਸਾਡੀਆਂ ਸੁੱਖਾਂ ਮੰਗਦੀ ਸੀ,
ਜ਼ਿੰਦਗੀ ਦੇ ਅੰਤਲੇ ਪੈਂਡੇ ਪੂਰਦੀ, ਨਵੀਆਂ ਉਮੀਦਾਂ ਦੇ ਸਿਰਨਾਵੇਂ ਦੱਸਦੀ ਸੀ।
ਉਹਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰਾਂਗਾ ,
ਸੋਚ ਕੇ ਬੇਬਸੀ ਦਾ ਇਕ ਇਹਸਾਸ ਟੁੰਬਦਾ ਜ਼ਰੂਰ ਸੀ ।
ਪਰ ਹੁਣ ਜਦੋਂ ਉਹ ਨਹੀਂ ਹੈ, ਸਬਰ ਆ ਗਿਆ ਹੈ।
ਆਉਂਦਾ ਵੀ ਕਿਉਂ ਨਾਂ ?
ਮਾਂ ਰੱਬ ਦਾ ਹੀ ਤਾਂ ਰੂਪ ਸੀ, ਰੂਪ ਹੀ ਕਿਉਂ ਰੱਬ ਹੀ ਸੀ।
ਰੱਬ ਦੀਆਂ ਰਹਿਮਤਾਂ ਦਾ ਦੇਣ ਕਿਨ੍ਹੇਂ ਦਿੱਤਾ ਹੈ ਜੋ ਮੈਂ ਦੇ ਸਕਦਾ ।
ਰੱਬ ਸੀ ਇਸੇ ਲਈ ਤਾਂ ਅੱਜ ਵੀ ਮੇਰੇ ਅੰਦਰ ਵਸਦੀ ਹੈ।
ਉਵੇਂ ਹੀ ਰਾਹ ਵਿਖਾਉਂਦੀ ਹੈ ਜਿਵੇਂ ਪਹਿਲਾਂ ਵਿਖਾਉਂਦੀ ਸੀ ॥