ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ਹੀਦ ਭਾਈ ਮੋਤੀ ਰਾਮ ਜੀ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਜਿਨ੍ਹਾਂ ਤੋਂ ਪੜਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਦਾ ਕੀਤੀ। ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਦੇ ਜਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਕੀਤੇ ਗਏ ਫ਼ੈਸਲੇ ਅਨੁਸਾਰ ਇਹ ਤਸਵੀਰਾਂ ਅੱਜ ਇਥੇ ਸੁਸ਼ੋਭਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰੋਂ-ਦੂਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਤੇ ਉਨ੍ਹਾਂ ਦੀ ਤਮੰਨਾ ਹੁੰਦੀ ਹੈ ਕਿ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ। ਜਿਸ ਵਿੱਚ ਗੁਰੂ ਕਾਲ ਤੋਂ ਲੈ ਕੇ ਅਜ਼ਾਦੀ ਘੁਲਾਟੀਏ, ਸਿੱਖ ਮਿਸਲਾਂ ਦਾ ਸਮਾਂ ਅਤੇ ਪੁਰਾਤਨ ਇਤਿਹਾਸ ਨੂੰ ਦਰਸਾਉਂਦਾ ਬਹੁਮੁੱਲਾ ਸਰਮਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਮਹਾਨ ਸਖ਼ਸ਼ੀਅਤਾਂ ਦੀਆਂ ਤਸਵੀਰਾਂ ਲਗਦੀਆਂ ਹਨ ਜਿਨ੍ਹਾਂ ਕੌਮ ਲਈ ਆਪਣੇ ਖੂਨ ਦੀ ਆਹੂਤੀ ਦੇ ਕੇ ਇਤਿਹਾਸ ਨੂੰ ਸਿਰਜਿਆ ਹੋਵੇ ਜਾਂ ਕਿਸੇ ਸਾਹਿਤਕਾਰ ਨੇ ਆਪਣੀ ਬਹੁਮੁੱਲੀ ਰਚਨਾ ਦੁਆਰਾ ਕੌਮ ਨੂੰ ਉਜਾਗਰ ਕੀਤਾ ਹੋਵੇ ਜਾਂ ਕਿਸੇ ਸਖ਼ਸ਼ੀਅਤ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਸੁਧਾਰ ਅਤੇ ਪੰਥ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਕੌਮ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ।
ਸਿੰਘ ਸਾਹਿਬ ਨੇ ਕਿਹਾ ਕਿ ਸ਼ਹੀਦ ਭਾਈ ਮੋਤੀ ਰਾਮ ਜੀ ਮਹਿਰਾ ਨੇ ਸੂਬਾ ਸਰਹਿੰਦ ਵਜ਼ੀਰ ਖਾਂ ਵੱਲੋਂ ਠੰਡੇ ਬੁਰਜ ਵਿੱਚ ਕੈਦ ਕੀਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਤਿੰਨ ਦਿਨ ਗਰਮ ਦੁੱਧ ਛਕਾਇਆ ਸੀ ਜਿਸ ਦੇ ਦੌਸ਼ ਵਿਚ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਵਿਸ਼ੇਸ਼ ਬਣੇ ਕੋਹਲੂ ਵਿਚ ਪੀੜ੍ਹ ਕੇ ਸ਼ਹੀਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਤੋਂ ਉਪਰੰਤ ਉਹਨਾਂ ਦੀਆਂ ਮਿਤਕ ਦੇਹਾਂ ਦੇ ਅੰਤਿਮ ਸਸਕਾਰ ਕਰਨ ਹਿੱਤ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਵਲੋਂ ਰੱਖੀ ਸ਼ਰਤ ਮੁਤਾਬਕ ਸਰਕਾਰੀ ਅਮਲੇ ਦੀ ਨਿਗਰਾਨੀ ਵਿੱਚ ਦੀਵਾਨ ਟੋਡਰ ਮੱਲ ਧਰਤੀ ਤੇ ਖੜ੍ਹੀਆਂ ਕਰਕੇ ਸੋਨੇ ਦੀਆਂ ਮੋਹਰਾਂ ਵਿਛਾਅ ਕੇ ਜ਼ਮੀਨ ਦੀ ਖਰੀਦ ਕਰਨ ਵਾਲਾ ਗੁਰੂ ਘਰ ਦਾ ਪ੍ਰੇਮੀ ਹੋਇਆ ਹੈ ਜਿਸ ਦੀ ਮਿਸਾਲ ਅੱਜ ਵੀ ਦੁਨੀਆ ਤੇ ਕਾਇਮ ਹੈ ਜਿਸ ਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਇਹ ਜ਼ਮੀਨ ਮਹਿੰਗੇ ਮੁੱਲ ਵਿਚ ਖ੍ਰੀਦ ਕੀਤੀ ਸੀ ਜਿਸ ਦਾ ਮੁੱਲ ਅੱਜ ਵੀ ਦੁਨੀਆ ਭਰ ਵਿਚ ਸਭ ਤੋਂ ਜਿਆਦਾ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਤੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਬਿਜੈ ਸਿੰਘ, ਸ. ਸਕੱਤਰ ਸਿੰਘ ਤੇ ਸ. ਹਰਮਿੰਦਰ ਸਿੰਘ ਮੂਧਲ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਇਕਬਾਲ ਸਿੰਘ ਤੇ ਸ. ਸਤਨਾਮ ਸਿੰਘ ਐਡੀਸ਼ਨਲ ਮੈਨੇਜਰ, ਸ. ਲਖਬੀਰ ਸਿੰਘ ਮੀਤ ਮੈਨੇਜਰ, ਸ. ਗੁਰਵਿੰਦਰ ਪਾਲ ਸਿੰਘ ਤੇ ਸ. ਸੁਖਵਿੰਦਰ ਸਿੰਘ ਚਿੱਤਰਕਾਰ, ਸ. ਮਨਮੋਹਨ ਸਿੰਘ ਭਾਗੋਵਾਲੀਆ, ਸ. ਸੋਹਣ ਸਿੰਘ, ਸ. ਬਲਬੀਰ ਸਿੰਘ ਪਾੜ੍ਹਾ, ਸ. ਨਰਿੰਦਰ ਸਿੰਘ, ਸ. ਤਰਲੋਕ ਸਿੰਘ, ਸ. ਸਤਪਾਲ ਸਿੰਘ ਮੂਲੇ, ਸ. ਨਿਰੰਜਨ ਸਿੰਘ ਫਿਰੋਜਪੁਰ, ਸ. ਪਰਮਜੀਤ ਸਿੰਘ ਜਲੰਧਰ, ਸ. ਕੁਲਦੀਪ ਸਿੰਘ ਛੇਹਰਾਟਾ, ਸ. ਗੁਰਦਿਆਲ ਸਿੰਘ ਰਸੀਆ, ਸ. ਕੁੰਦਨ ਸਿੰਘ, ਸ. ਕਸ਼ਮੀਰ ਸਿੰਘ, ਸ. ਸੁਪਰੀਤ ਸਿੰਘ, ਸ. ਪਰਗਟ ਸਿੰਘ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ਼ ਤੋਂ ਇਲਾਵਾ ਸਿੱਖ ਸੰਗਤਾਂ ਮੌਜੂਦ ਸਨ।