ਨਵੀਂ ਦਿੱਲੀ :- ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਅਤੇ ਆਲੇ ਦੁਆਲੇ ਦੇ ਸੁੰਦਰੀਕਰਨ ਦੇ ਕਾਰਜਾਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਪਾਸੋ ਅਰਦਾਸ ਉਪਰੰਤ ਕੀਤੀ ਗਈ। ਬਾਬਾ ਬਚਨ ਸਿੰਘ ਵੱਲੋਂ ਦੀਵਾਨ ਹਾਲ ਨੂੰ ਵੱਡਾ ਕਰਨ, ਪਰਿਕ੍ਰਮਾ ਦੇ ਵਿਸਤਾਰ ਅਤੇ ਨਾਲ ਲਗਦੇ ਆਲੇ ਦੁਆਲੇ ਨੂੰ ਹਰਾ-ਭਰਾ ਕਰਨ ਲਈ ਆਰੰਭੀ ਗਈ ਕਾਰਸੇਵਾ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਸ ਜਤਾਈ ਕਿ ਇਸ ਕਾਰਸੇਵਾ ਦੇ ਸੰਪੁਰਣ ਹੋਣ ਉਪਰੰਤ ਗੁਰੂ ਸਾਹਿਬਾਨ ਨਾਲ ਸਬੰਧਿਤ ਕਈ ਦਿਹਾੜੇ ਅਤੇ ਸੰਗਤਾਂ ਵੱਲੋਂ ਆਪਣੇ ਪਰਿਵਾਰਿਕ ਜੀਆਂ ਦੀ ਯਾਦ ‘ਚ ਆਯੋਜਿਤ ਕੀਤੀ ਜਾਂਦੀ ਅੰਤਿਮ ਅਰਦਾਸ ਵੀ ਦੀਵਾਨ ਹਾਲ ‘ਚ ਹੀ ਹੋ ਸਕਣਗੀਆਂ। ਜਿਸ ਕਰਕੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਦਾ ਹੋਰ ਯੋਗ ਸਮਾਗਮਾਂ ਲਈ ਇਸਤੇਮਾਲ ਵੀ ਹੋ ਸਕਿਆ ਕਰੇਗਾ। ਅਰਦਾਸ ਉਪਰੰਤ ਦਿੱਲੀ ਕਮੇਟੀ ਵੱਲੋਂ ਗਿਆਨੀ ਜਗਤਾਰ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ।
ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਆਸ-ਪਾਸ ਖਾਲੀ ਥਾਂ ਹੋਣ ਦੇ ਬਾਵਜੂਦ ਪਿਛੱਲੀਆਂ ਕਮੇਟੀਆਂ ਵੱਲੋਂ ਇਸ ਵੱਲ ਕੋਈ ਤਵੱਜੋ ਨਾ ਦੇਣ ਤੇ ਵੀ ਹੈਰਾਨੀ ਪ੍ਰਗਟਾਈ। ਇਸ ਮੌਕੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਵੱਲੋਂ ਨਵੇਂ ਨਿਰਮਾਣ ਕਾਰਜਾਂ ਨਾਲ ਸੰਬਧਿਤ ਨਕਸ਼ਿਆਂ ਰਾਹੀਂ ਨਵੀਂ ਉਸਾਰੀ ਬਾਰੇ ਗਿਆਨੀ ਜਗਤਾਰ ਸਿੰਘ ਨੂੰ ਜਾਣੂੰ ਕਰਵਾਇਆ ਗਿਆ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ, ਰਵੈਲ ਸਿੰਘ, ਦਰਸ਼ਨ ਸਿੰਘ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਰਜਕਾਰੀ ਚੇਅਰਮੈਨ ਵਿਕ੍ਰਮ ਸਿੰਘ ਇਸ ਮੌਕੇ ਮੌਜੂਦ ਸਨ।