ਨਵੀਂ ਦਿੱਲੀ :- ਬੀਤੇ ਦਿਨੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਆਰਮੀ ਪਬਲਿਕ ਸਕੂਲ ‘ਚ ਦਹਿਸ਼ਤਗਰਦਾ ਵੱਲੋਂ ਮਾਰੇ ਗਏ 132 ਨਿਰਦੋਸ਼ ਬੱਚਿਆਂ ਦੀ ਯਾਦ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਮਨੁੱਖੀ ਕੜੀ ਅੱਜ ਹਜਾਰਾਂ ਸਕੂਲੀ ਬੱਚਿਆਂ ਵੱਲੋਂ ਦਿੱਲੀ ਦੇ ਕਨਾਟ ਪਲੇਸ ਇਲਾਕੇ ਦੇ ਸੈਂਟਰਲ ਪਾਰਕ ਦੇ ਬਾਹਰ ਬਣਾਈ ਗਈ। ਇਸ ਮੌਕੇ ਬੱਚੇ ਇੰਗਲੀਸ਼ ਅਤੇ ਹਿੰਦੀ ਦੇ ਵੱਖ-ਵੱਖ ਸੰਦੇਸ਼ ਲਿਖੀਆਂ ਤਖਤੀਆਂ ਵੀ ਹੱਥ ‘ਚ ਫੜੇ ਹੋਏ ਸਨ। ਜਿਨ੍ਹਾਂ ਤੇ ਮੁੱਖ ਤੌਰ ਤੇ ਕੁਝ ਸਵਾਲ ਵੀ ਸਨ ਮਸਲਨ, ਕਿਹੜਾ ਧਰਮ ਇਸ ਬਰਬਰਤਾ ਨਾਲ ਮਾਰਕਾਟ ਦੀ ਇਜਾਜ਼ਤ ਦਿੰਦਾ ਹੈ? ਨਿਰਦੋਸ਼ ਬੱਚਿਆਂ ਨੂੰ ਮਾਰਨਾ ਮਨੁੱਖਤਾ ਦਾ ਕਤਲ, ਰਾਕਸ਼ਸ ਦੀ ਕੋਈ ਪਛਾਣ ਤੇ ਧਰਮ ਨਹੀਂ ਹੁੰਦਾ, ਸਾਰੇ ਮਨੁੱਖਤਾ ਲਈ ਕਾਲਾ ਦਿੰਨ ਅਤੇ ਛੋਟੇ ਤਾਬੂਤ ਪਰ ਭਾਰੀ ਬਥੇਰੇ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੱਚਿਆਂ ਵੱਲੋਂ ਏਕਤਾ ਦੇ ਪ੍ਰਤੀਕ ਦੇ ਤੌਰ ਤੇ ਬਣਾਈ ਗਈ ਮਨੁੱਖੀ ਕੜੀ ‘ਚ ਸ਼ਾਮਿਲ ਹੁੰਦੇ ਹੋਏ ਪੇਸ਼ਾਵਰ ‘ਚ ਹੋਏ ਹਮਲੇ ਨੂੰ ਕਾਇਰਾਨਾ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਨਿਰਦੋਸ਼ ਬੱਚਿਆਂ ਦੀ ਜਾਨ ਲੈਣ ਦੀ ਸਿੱਖਿਆ ਨਹੀਂ ਦਿੰਦਾ। ਦਹਿਸ਼ਤ ਗਰਦਾ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਉਨ੍ਹਾਂ ਨੇ ਸਮਾਜ ‘ਚ ਡਰ ਪੈਦਾ ਕਰਨ ਦਾ ਵੀ ਜ਼ਰੀਆ ਦੱਸਿਆ। ਸ਼ਾਂਤੀ ਅਤੇ ਏਕਤਾ ਦੇ ਪ੍ਰਤੀਕ ਵਜੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਵੱਲੋਂ ਮਾਰੇ ਗਏ ਬੱਚਿਆਂ ਨਾਲ ਦਿਲੋ ਖਲੋਣ ਵਾਸਤੇ ਬਨਾਈ ਗਈ ਮਨੁੱਖੀ ਕੜੀ ਦੀ ਵੀ ਬੀਬਾ ਬਾਦਲ ਨੇ ਸ਼ਲਾਘਾ ਕੀਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੌਰਾਨ ਮਾਰੇ ਗਏ ਬੱਚਿਆਂ ਪ੍ਰਤਿ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਦਹਿਸ਼ਤਗਰਦਾ ਦੇ ਇਸ ਕਾਰਜ ਨੂੰ ਧਰਮ ਅਤੇ ਮਨੁੱਖਤਾ ਵਿਰੋਧੀ ਵੀ ਦੱਸਿਆ। ਗੁਰੂ ਸਾਹਿਬ ਵੱਲੋਂ ਸਮੁੱਚੇ ਸੰਸਾਰ ‘ਚ ਏਕਤਾ ਅਤੇ ਇਤਿਫਾਕ ਕਾਯਮ ਕਰਨ ਦੇ ਦਿੱਤੇ ਗਏ ਫਲਸਫੇ ਨੂੰ ਵੀ ਇਸ ਮੌਕੇ ਉਨ੍ਹਾਂ ਨੇ ਯਾਦ ਕੀਤਾ। ਜੀ.ਕੇ. ਨੇ ਕਿਹਾ ਕਿ ਬੱਚਿਆਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ ਕਿਉਂਕੀ ਬੱਚੇ ਦੇ ਮਾਂਪਿਓ ਉਸ ਦੇ ਜਨਮ ਤੋਂ ਵੱਡਾ ਹੋਣ ਤੱਕ ਜੋ ਪਰੇਸ਼ਾਨੀਆਂ ਅਤੇ ਤਿਆਗ ਆਪਣੇ ਬੱਚਿਆਂ ਲਈ ਆਪਣੇ ਪਿੰਡੇ ਤੇ ਹੰਡਾਉਂਦੇ ਨੇ ਇਸਲਈ ਉਨ੍ਹਾਂ ਦੇ ਵਾਸਤੇ ਇਹ ਬੜੀ ਵੱਡੀ ਦੁੱਖ ਦੀ ਘੜੀ ਹੈ।