ਫ਼ਤਹਿਗੜ੍ਹ ਸਾਹਿਬ -“ਬੀਜੇਪੀ ਅਤੇ ਆਰ.ਐਸ.ਐਸ. ਦੇ ਗੁਲਾਮ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਰਾਹੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪੁਲਿਸ ਸੁਰੱਖਿਆ ਵਾਪਸ ਲੈਕੇ ਉਹਨਾਂ ਦੀ ਸਖਸ਼ੀਅਤ ਨੂੰ ਅਤਿ ਸ਼ਰਮਨਾਕ ਢੰਗਾਂ ਰਾਹੀ ਜ਼ਲੀਲ ਕਰਨ ਦੀ ਬਜਰ ਗੁਸਤਾਖੀ ਵੀ ਕੀਤੀ ਹੈ ਅਤੇ ਸਿਆਸੀ ਪ੍ਰਭਾਵ ਪਾ ਕੇ ਜਥੇਦਾਰ ਨੰਦਗੜ੍ਹ ਸਾਹਿਬ ਵੱਲੋ ਸਿੱਖ ਕੌਮ ਦੇ ਨਾਨਕਸਾਹੀ ਕੈਲੰਡਰ ਦੇ ਹੱਕ ਵਿਚ ਅਤੇ ਡੇਰਾਵਾਦ ਦੇ ਵਿਰੁੱਧ ਲਏ ਗਏ ਦ੍ਰਿੜਤਾ ਭਰੇ ਸਟੈਂਡ ਤੋ ਥਿੜਕਾਉਣ ਦੀ ਅਸਫ਼ਲ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ । ਪਰ ਸ. ਬਾਦਲ ਤੇ ਸ. ਮੱਕੜ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁੱਚਲਕੇ 2003 ਵਾਲੇ ਮੂਲ ਨਾਨਕਸਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਡੇਰੇਦਾਰਾਂ ਦੀ ਸਰਪ੍ਰਸਤੀ ਕਰਨ ਵਾਲੇ ਅਮਲਾਂ ਨੂੰ ਸਿੱਖ ਕੌਮ ਸਹਿਣ ਕਰੇਗੀ ।ਜੇਕਰ ਆਰ.ਐਸ.ਐਸ. ਦੀ ਸਾਜਿ਼ਸ ਨੂੰ ਪੂਰਨ ਕਰਨ ਹਿੱਤ ਇਹਨਾਂ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਸਤਿਕਾਰਯੋਗ ਰੁਤਬੇ ਦਾ ਕੋਈ ਅਪਮਾਨ ਕਰਨ ਦੀ ਕੋਸਿ਼ਸ਼ ਕੀਤੀ ਤਦ ਵੀ ਕੌਮ ਇਹਨਾਂ ਦੇ ਅਜਿਹੇ ਸਿੱਖ ਵਿਰੋਧੀ ਫੈਸਲਿਆ ਨੂੰ ਪ੍ਰਵਾਨ ਨਹੀਂ ਕਰੇਗੀ । ਕੌਮ ਦੇ ਜਥੇਦਾਰ ਸਾਹਿਬਾਨ ਨੂੰ ਅਜਿਹੀਆਂ ਸਰਕਾਰੀ ਸੁਰੱਖਿਆ ਦੀ ਇਸ ਲਈ ਲੋੜ ਵੀ ਨਹੀਂ ਕਿਉਂਕਿ ਗਿਆਨੀ ਬਲਵੰਤ ਸਿੰਘ ਵਰਗੀ ਸਖਸੀਅਤ ਦੀ ਕੌਮ ਸੁਰੱਖਿਆ ਕਰਨ ਦੀ ਜਿੰਮੇਵਾਰੀ ਖੁਦ ਨਿਭਾਏਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਵਤਾਰ ਸਿੰਘ ਮੱਕੜ ਅਤੇ ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਵੱਲੋ ਅਤੇ ਬਾਦਲ-ਬੀਜੇਪੀ ਹਕੂਮਤ ਵੱਲੋ ਸੁਰੱਖਿਆ ਵਾਪਸ ਲੈਕੇ ਉਹਨਾਂ ਉਤੇ ਦਬਾਅ ਪਾਉਣ ਦੇ ਘਿਣੋਨੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕੇਵਲ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹੀ ਨਹੀਂ, ਬਲਕਿ ਸਿੱਖ ਕੌਮ ਦਾ 85-90% ਹਿੱਸਾ ਨਾਨਕਸਾਹੀ ਕੈਲੰਡਰ ਦੇ ਪੱਖ ਵਿਚ ਅਤੇ ਪੰਜਾਬ ਵਿਚ ਮੁਤੱਸਵੀ ਬੀਜੇਪੀ, ਆਰ.ਐਸ.ਐਸ, ਕਾਂਗਰਸ ਜਮਾਤ ਦੀ ਸਰਪ੍ਰਸਤੀ ਅਧੀਨ ਸਿਰਸੇ ਤੇ ਨੂਰਮਹਿਲੀਆਂ ਵਰਗੇ ਡੇਰੇਦਾਰਾਂ ਦਾ ਖਾਤਮਾਂ ਕਰਨ ਲਈ ਕੌਮ ਤਤਪਰ ਹੋਈ ਬੈਠੀ ਹੈ । ਹੁਣ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਵਰਗੇ ਆਰ.ਐਸ.ਐਸ. ਦੀਆਂ ਗੁਪਤ ਸਿੱਖ ਵਿਰੋਧੀ ਸਾਜਿ਼ਸਾਂ ਦਾ ਹਿੱਸਾ ਬਣਨ ਵਾਲੇ ਸਿਆਸੀ ਜਾਂ ਧਾਰਮਿਕ ਆਗੂ ਅਜਿਹੇ ਅਮਲਾਂ ਨੂੰ ਪੂਰਨ ਕਰਨ ਵਿਚ ਕਾਮਯਾਬ ਨਹੀਂ ਹੋ ਸਕਣਗੇ । ਉਹਨਾਂ ਕਿਹਾ ਕਿ ਗਿਆਨੀ ਨੰਦਗੜ੍ਹ ਜੀ ਸਮੇਂ-ਸਮੇਂ ਤੇ ਕੌਮੀ ਮੁੱਦਿਆ ਉਤੇ ਗੁਰੂ ਆਸੇ ਅਨੁਸਾਰ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾਂ ਉਤੇ ਦ੍ਰਿੜਤਾ ਨਾਲ ਸਟੈਂਡ ਲੈਦੇ ਆ ਰਹੇ ਹਨ । ਇਸੇ ਲਈ ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲੀਆਂ ਨੂੰ ਅਜਿਹੇ ਧਾਰਮਿਕ ਜਾਂ ਸਿਆਸੀ ਆਗੂ ਬਰਦਾਸਤ ਨਹੀਂ ਹੁੰਦੇ । ਜਥੇਦਾਰ ਨੰਦਗੜ੍ਹ ਸਾਹਿਬ ਵੱਲੋ ਲਏ ਜਾ ਰਹੇ ਕੌਮ ਪੱਖੀ ਸਟੈਂਡਾਂ ਦੀ ਬਦੌਲਤ ਦੂਸਰੇ ਜਥੇਦਾਰ ਸਾਹਿਬਾਨ ਦੀ ਨਿਸਬਤ ਸਿੱਖ ਕੌਮ ਇਹਨਾਂ ਨੂੰ ਪਿਆਰ ਵੀ ਕਰਦੀ ਹੈ ਅਤੇ ਸਤਿਕਾਰ ਵੀ ਕਰਦੀ ਹੈ ।
ਜੇਕਰ ਸ. ਬਾਦਲ ਤੇ ਸ. ਮੱਕੜ ਨੇ ਅਪਮਾਨਜ਼ਨਕ ਤਰੀਕੇ ਗੁਰ ਮਰਿਯਾਦਾਵਾਂ ਦਾ ਘਾਣ ਕਰਕੇ, ਜ਼ਬਰੀ ਦਮਦਮਾ ਸਾਹਿਬ ਦੇ ਤਖ਼ਤ ਦੀ ਜਥੇਦਾਰੀ ਦੇ ਰੁਤਬੇ ਤੋ ਪਾਸੇ ਕਰਨ ਦੀ ਗੁਸਤਾਖੀ ਕੀਤੀ ਤਾਂ ਬਾਦਲਾਂ ਅਤੇ ਮੱਕੜ ਨੂੰ ਉਸਦੇ ਮਾਰੂ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ਹੁਣ ਬੰਦ ਲਿਫਾਫਿਆ ਰਾਹੀ ਜਥੇਦਾਰ ਸਾਹਿਬਾਨ ਦੀਆਂ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਅਤੇ ਬਰਖਾਸਤੀਆਂ ਦੇ ਕੌਮ ਵਿਰੋਧੀ ਅਮਲਾਂ ਨੂੰ ਕਦਾਚਿਤ ਬਰਦਾਸਤ ਨਹੀਂ ਕਰੇਗੀ । ਜੇਕਰ ਇਹਨਾਂ ਸਿਆਸਤਦਾਨਾਂ ਤੇ ਸ. ਮੱਕੜ ਵਰਗਿਆ ਨੇ ਕੋਈ ਅਜਿਹਾ ਅਮਲ ਕੀਤਾ ਤਾਂ ਸਿੱਖ ਕੌਮ ਇਹਨਾਂ ਵੱਲੋ ਕੀਤੇ ਜਾਣ ਵਾਲੇ ਕੌਮ ਵਿਰੋਧੀ ਫੈਸਲੇ ਨੂੰ ਨਜ਼ਰ ਅੰਦਾਜ ਕਰਕੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋ ਨਿਰੰਤਰ ਪ੍ਰਵਾਨ ਕਰਦੀ ਰਹੇਗੀ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਸਿੱਖ ਕੌਮ ਦੇ ਸਤਿਕਾਰਯੋਗ ਤਖ਼ਤ ਸਾਹਿਬਾਨ ਅਤੇ ਉਹਨਾਂ ਉਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਨਾਲ ਸਾਡੇ ਜਾਂ ਸਿੱਖ ਕੌਮ ਦੇ ਖਿਆਲਾਤੀ ਵਖਰੇਵੇ ਤਾਂ ਹੋ ਸਕਦੇ ਹਨ, ਪਰ ਅਸੀਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਉਹਨਾਂ ਨੂੰ ਬਰਖਾਸਤ ਕਰਨ ਜਾਂ ਆਪਣੇ ਸਵਾਰਥੀ ਹਿੱਤਾ ਲਈ ਨਿਯੁਕਤੀਆਂ ਕਰਨ ਦੇ ਅਮਲਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜਦੋ ਸ. ਪ੍ਰਕਾਸ਼ ਸਿੰਘ ਬਾਦਲ ਪਹਿਲੇ 4 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਸੈਟਰ ਦੇ ਵਜੀਰ ਵੀ ਰਹਿ ਚੁੱਕੇ ਹਨ, ਉਸ ਸਮੇਂ ਤਾਂ ਇਹਨਾਂ ਨੂੰ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਾਇਮ ਕਰਨ, ਸਿੱਖ ਕੌਮ ਨੂੰ ਹਿੰਦੂ ਗਰਦਾਨਣ ਵਾਲੀ ਵਿਧਾਨ ਦੀ ਧਾਰਾ 25 ਨੂੰ ਖ਼ਤਮ ਕਰਨ, 1984 ਦੇ ਸਿੱਖ ਕਤਲੇਆਮ ਤੇ ਨਸ਼ਲਕੁਸੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਿੱਖ ਕੌਮ ਨੂੰ ਕਾਨੂੰਨੀ ਤੌਰ ਤੇ ਇਕ ਕੌਮ ਵੱਜੋ ਮਾਨਤਾ ਦਿਵਾਉਣ ਅਤੇ ਪੰਜਾਬ ਵਿਚ ਡੇਰੇਦਾਰਾਂ ਰਾਹੀ ਸਿੱਖ ਕੌਮ ਤੇ ਅਤੇ ਸਿੱਖ ਧਰਮ ਤੇ ਹੋ ਰਹੇ ਹਮਲਿਆ ਨੂੰ ਬੰਦ ਕਰਵਾਉਣ ਲਈ ਕੋਈ ਅਮਲੀ ਕਾਰਵਾਈ ਨਹੀਂ ਕੀਤੀ । ਹੁਣ ਜਦੋ ਸਿੱਖ ਕੌਮ ਦਾ ਵੱਡਾ ਹਿੱਸਾ, ਇਹਨਾਂ ਦੀਆਂ ਕੌਮ ਵਿਰੋਧੀ ਕਾਰਵਾਈਆਂ ਦੀ ਬਦੌਲਤ ਇਹਨਾਂ ਵਿਰੁੱਧ ਸਮੁੱਚੇ ਸੰਸਾਰ ਵਿਚ ਉੱਠ ਖੜ੍ਹਾ ਹੋਇਆ ਹੈ ਅਤੇ ਇਹਨਾਂ ਦੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਭਾਈਵਾਲ ਬਣਾਈ ਗਈ ਬੀਜੇਪੀ ਜਮਾਤ ਵੱਲੋ ਹਰ ਮੁੱਦੇ ਉਤੇ ਇਹਨਾਂ ਨੂੰ ਅੱਖਾਂ ਦਿਖਾਉਣੀਆਂ ਸੁਰੂ ਕਰ ਦਿੱਤੀਆਂ ਹਨ, ਤਾਂ ਹੁਣ ਇਹਨਾਂ ਨੂੰ ਸਿੱਖ ਕੌਮ ਦੇ ਗੰਭੀਰ ਮੁੱਦੇ ਵੀ ਯਾਦ ਆ ਗਏ ਹਨ । ਜੋ ਕਿ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਅਜਿਹਾ ਕਰ ਰਹੇ ਹਨ । ਲੇਕਿਨ ਸਿੱਖ ਕੌਮ ਹੁਣ ਇਹਨਾਂ ਵੱਲੋ ਦਿਖਾਏ ਜਾ ਰਹੇ ਸ਼ਬਜਬਾਗ ਜਾਂ ਕੌਮ ਪ੍ਰਤੀ ਦਿਖਾਏ ਜਾ ਰਹੇ ਬਣਾਉਣੀ ਪਿਆਰ ਨੂੰ ਸਮਝ ਚੁੱਕੀ ਹੈ ਅਤੇ ਇਹਨਾਂ ਉਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗੀ ਅਤੇ ਇਹਨਾਂ ਨਾਲ ਵੋਟ-ਸ਼ਕਤੀ ਰਾਹੀ ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ । ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆ ਜਾਣਗੇ । ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਦ੍ਰਿੜਤਾ ਭਰੀ ਸੋਚ ਅਤੇ ਲਏ ਗਏ ਸਟੈਂਡ ਦੇ ਨਾਲ ਖੜ੍ਹਨ ਅਤੇ ਬੀਜੇਪੀ ਤੇ ਆਰ.ਐਸ.ਐਸ. ਦੇ ਗੁਲਾਮ ਬਣ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ ਅਤੇ ਬਾਦਲ ਦਲੀਆਂ ਨੂੰ ਵੋਟ ਸ਼ਕਤੀ ਰਾਹੀ ਸਬਕ ਸਿਖਾਉਣ ਦੀ ਜਿਥੇ ਅਪੀਲ ਕੀਤੀ, ਉਥੇ ਇਹਨਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਉਤੇ ਨਿਰੰਤਰ ਬਾਜ ਨਜ਼ਰ ਰੱਖਣ ਲਈ ਸੁਚੇਤ ਵੀ ਕੀਤਾ ।