ਇਸਲਾਮਾਬਾਦ- ਪਿਸ਼ਾਵਰ ਦੇ ਆਰਮੀ ਸਕੂ਼ਲ ‘ਚ ਤਾਲਿਬਾਨ ਅੱਤਵਾਦੀਆਂ ਵੱਲੋਂ ਮਸੂਮਾਂ ਦੀਆਂ ਜਿੰਦਗੀਆਂ ਨਾਲ ਕੀਤੇ ਗਏ ਘਿਨੌਣੇ ਕਾਂਡ ਤੋਂ ਬਾਅਦ ਪਾਕਿਸਤਾਨੀ ਸੈਨਾ ਮੁੱਖੀ ਜਨਰਲ ਰਾਹੀਲ ਸ਼ਰੀਫ਼ ਨੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਕਿਹਾ ਹੈ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ 3 ਹਜ਼ਾਰ ਤੋਂ ਵੱਧ ਅੱਤਵਾਦੀਆਂ ਨੂੰ 48 ਘੰਟੇ ਅੰਦਰ ਫਾਂਸੀ ਦੇ ਦਿੱਤੀ ਜਾਵੇ। ਆਰਮੀ ਚੀਫ਼ ਨ ਆਪਣੇ ਟਵੀਟ ਵਿੱਚ ਕਿਹਾ ਹੈ, ‘ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਮੇਰੇ ਵੱਲੋਂ ਸਾਰੇ ਅੱਤਵਾਦੀਆਂ ਨੂੰ ਫਾਂਸੀ ਦੇਣ ਲਈ ਕਿਹਾ ਗਿਆ ਹੈ। ਤਿੰਨ ਹਜ਼ਾਰ ਤੋਂ ਵੱਧ ਅੱਤਵਾਦੀਆਂ ਨੂੰ ਅਗਲੇ 48 ਘੰਟਿਆਂ ਵਿੱਚ ਫਾਂਸੀ ਦੇ ਦੇਣੀ ਚਾਹੀਦੀ ਹੈ।’
ਜਨਰਲ ਰਾਹੀਲ ਨੇ ਅੱਤਵਾਦੀਆਂ ਦੇ ਖਿਲਾਫ਼ ਸਖਤ ਰਵਈਆ ਅਪਨਾਉਂਦੇ ਹੋਏ ਟਵੀਟ ਤੇ ਕਿਹਾ, “ਬਹੁਤ ਹੋ ਚੁੱਕਾ। ਹੁਣ ਉਨ੍ਹਾਂ ਲੋਕਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ, ਜੋ ਟੈਰਿਸਟਾਂ ਦੇ ਹੱਕ ਵਿੱਚ ਬੋਲਦੇ ਹਨ।” ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਕੂਲ ਦੇ ਹੱਤਿਆ ਕਾਂਡ ਤੋਂ ਫੌਰਨ ਬਾਅਦ ਟੈਰਿਸਟਾਂ ਦੇ ਗੜ੍ਹ ਵਿੱਚ ਜਬਰਦਸਤ ਹਵਾਈ ਹਮਲੇ ਕੀਤੇ ਗਏ। ਤਕਰੀਬਨ ਇੱਕ ਘੰਟੇ ਵਿੱਚ 10 ਹਵਾਈ ਹਮਲੇ ਕੀਤੇ ਗਏ। ਉਨਾਂ ਨੇ ਆਪਣੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ, ‘ ਤਹਿਰੀਕ-ਏ ਤਾਲਿਬਾਨ ਦੇ ਲਈ ਸੰਦੇਸ਼। ਤੁਸਾਂ ਸਾਡੇ ਬੱਚਿਆਂ ਨੂੰ ਮਾਰਿਆ ਹੈ, ਹੁਣ ਤੁਸੀਂ ਇਸ ਦਾ ਖਮਿਆਜ਼ਾ ਭੁਗਤੋਂਗੇ। ਨੰਨੇ ਫਰਿਸ਼ਤਿਆਂ ਦੇ ਹਰ ਖੂਨ ਦੀ ਬੂੰਦ ਦੀ ਕੀਮਤ ਤੁਹਾਨੂੰ ਚਕਾਉਣੀ ਪਵੇਗੀ। ਇਹ ਮੇਰਾ ਵਾਅਦਾ ਹੈ।’
ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਵੀ ਆਪਣੇ ਟਵੀਟ ਵਿੱਚ ਲਿਖਿਆ ਹੈ, “ ਤਾਲਿਬਾਨ, ਪਾਕਿਸਤਾਨੀ ਆਰਮੀ ਤੁਹਾਡੇ ਤੱਕ ਪਹੁੰਚੇਗੀ ਅਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਉਹ ਤੁਹਾਡੀਆਂ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਨਹੀਂ ਬਣਾਵੇਗੀ। ਉਹ ਤੁਹਾਡੀ ਤਰ੍ਹਾਂ ਕਾਇਰ ਨਹੀਂ ਹਨ।” ਉਨ੍ਹਾਂ ਨੇ ਪਾਕਿਸਤਾਨ ਦੀ ਜਨਤਾ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸੈਨਾ ਨੂੰ ਸਮਰਥਣ ਦੇਣ।
ਪਾਕਿਸਤਾਨ ਵਿੱਚ 8000 ਦੇ ਕਰੀਬ ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਫਾਂਸੀ ਤੇ ਲਗੀ ਰੋਕ ਹਟਾਈ ਜਾਣ ਤੋਂ ਬਾਅਦ ਪਹਿਲੇ ਦੌਰ ਵਿੱਚ ਸਿਰਫ਼ 17 ਟੈਰਿਸਟਾਂ ਨੂੰ ਫਾਂਸੀ ਦਿੱਤੀ ਜਾਵੇਗੀ। ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਸਮੇਂ 2008 ਵਿੱਚ ਫਾਂਸੀ ਤੇ ਰੋਕ ਲਗਾਈ ਗਈ ਸੀ। ਪਰ ਪਿਸ਼ਾਵਰ ਦੇ ਸਕੂ਼ਲ ‘ਚ ਹੋਏ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਹੀ ਸ਼ਰੀਫ਼ ਸਰਕਾਰ ਨੇ ਇਹ ਰੋਕ ਹਟਾ ਦਿੱਤੀ ਹੈ।