ਅਾਰ.ਐਸ.ਐਸ.ਦੇ ਇਕ ਵਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਨੇਤਾ ਅਸ਼ੋਕ ਸਿੰਘਲ ਨੇ ਨਵੀਂ ਦਿੱਲੀ ਵਿਖੇ ਹਿੰਦੂ ਕਾਂਗਰਸ ਦੇ ਉਦਘਾਟਨੀ ਸਮਾਗਮ ਵਿਚ ਕਿਹਾ ਹੈ ਕਿ ਦਿੱਲੀ ਵਿਚ 800 ਸਾਲਾਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਿੰਦੂ ਸਵੈਅਭਿਮਾਨ ਹੱਥ ਸੱਤਾ ਆਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪ੍ਰਿਥਵੀ ਰਾਜ ਚੌਹਾਨ ਤੋਂ ਬਾਅਦ ਪਹਿਲੀ ਵਾਰ ਹਿੰਦੂਆਂ ਹੱਥ ਹਕੂਮਤ ਆਈ ਹੈ।ਇਸ ਸਮਾਗਮ ਨੂੰ ਆਰ.ਐਸ.ਅਸ. ਮੁੱਖੀ ਮੋਹਨ ਭਾਗਵਤ ਨੇ ਅਪਣੇ ਸੰਬੋਧਨ ਵਿਚ ਕਿਹਾ ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ ਹੈ। ਉਨ੍ਹਾ ਕਿਹਾ ਹਿੰਦੂਤਵ ਨਾਲ ਨਵਾਂ ਰਸਤਾ ਮਿਲੇਗਾ। ਹਿੰਦੂਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੂ ਦਾ ਅਰਥ ਅਨੇਕਤਾ ਵਿਚ ਏਕਤਾ ਹੈ। ਦੁਨੀਆਂ ਨੂੰ ਸਿਖਾਉਣ ਦਾ ਸਹੀ ਸਮਾਂ ਹੈ ਕਿਉਂਕਿ ਦੋ ਹਜ਼ਾਰ ਸਾਲ ਤੋਂ ਸਹੀ ਰਸਤਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿਚ ਗਿਆਨ ਦੇਣ ਲਈ ਹਿੰਦੂਆਂ ਨੂੰ ਭੇਜਿਆ ਗਿਆ ਹੈ।
ਸ੍ਰੀ ਸਿੰਘਲ ਦੀ ਇਹ ਗੱਲ ਤਾਂ ਸਹੀ ਹੈ ਕਿ 800 ਸਾਲ ਪਜਿਲਾਂ ਦੇਸ਼ ਵਿਚ ਹਿੰਦੂਆਂ ਦਾ ਰਾਜ ਹੁੰਦਾ ਸੀ। ਦੋ ਰਾਜਿਆਂ ਪ੍ਰਿਥਵੀ ਰਾਜ ਚੌਹਾਨ ਤੇ ਜੈ ਚੰਦ ਦੀ ਆਪਸੀ ਲੜਾਈ ਕਾਰਨ ਹਿੰਦੋਸਤਾਨ 800 ਸਾਲ ਗ਼ੁਲਾਮ ਰਿਹਾ। ਰਾਜਾ ਜੈ ਚੰਦ ਨੇ ਪਿਥਵੀ ਰਾਜ ਚੌਹਾਨ ਤੋਂ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਮੁਸਲਮਾਨਾਂ ਨੂੰ ਹਿੰਦੋਸਤਾਨ ਉਤੇ ਹਮਲਾ ਕਰਨ ਦਾ ਸੱਦਾ ਦਿੱਤਾ ਤੇ ਸਹਿਯੋਗ ਦਿਤਾ।
ਮੰਨੂੰ ਤੇ ਮਹਾਂਭਾਰਤ ਦੇ ਜ਼ਮਾਨੇ ਪਿਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ। ਹਿੰਦੂ ਕੌਮ ਦੀ ਏਕਤਾ ਨਾਂ ਰਹੀ, ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ।ਛੂਆ ਛਾਤ ਤੇ ਜ਼ਾਤ ਪਾਤ ਦੇ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫਿਰਕਾ ਨਾਂ ਕੇਵਲ ਇਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿਚੜੀ ਵੱਖ ਵੱਖ ਪਕਾਉਣ ਲੱਗਿਆ, ਸਗੋਂ ਇਕ ਦੂਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ ਉਜਾੜਣ ਲਗ ਪਏ। ਕਮਜ਼ੋਰ ਤੇ ਗ਼ਰੀਬ ਹਮੇਸ਼ਾਂ ਜ਼ਬਰ-ਜੰਗ ਤੇ ਤਾਕਤ ਦੇ ਮਾਲਕ ਦਾ ਗੋਲਾ ਹੀ ਹੁੰਦਾ ਹੈ।ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੁਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ ਨਿਕਲਿਆ ਜਿਸ ਦੀ ਅਜੇਹੀ ਹਾਲਤ ਵਿਚ ਆਸ ਹੁੰਦੀ ਹੈ।ਇਸਲਾਮੀ ਤਲਵਾਰ ਨੇ ਆਖਰ ਹਿੰਦੂਆਂ ਨੂੰ ਗ਼ੁਲਾਮ ਬਣਾ ਲਿਆ।ਉਨ੍ਹਾ ਦੀ ਬਚੀ ਖੁਚੀ ਤਾਕਤ ਖੇਰੂੰ ਖੇਰੂੰ ਕਰ ਦਿਤੀ।ਜਿੰਨਾ ਵੀ ਹੋ ਸਕਿਆ, ਮੁਸਲਮਾਨਾਂ ਨੇ ਉਨ੍ਹਾਂ ਨੂੰ ਜ਼ਲੀਲ ਤੇ ਖੁਆਰ ਕੀਤਾ।ਉਨ੍ਹਾ ਦੀ ਸ਼ਰਮ ਤੇ ਹਯਾ ਨੂੰ ਬਰਬਾਦ ਕੀਤਾ। ਇਜ਼ਤ ਦੌਲਤ ਲੁੱਟੀ ਤੇ ਆਪਣੇ ਕਬਜ਼ੇ ਵਿਚ ਕੀਤੀ।ਮੂਰਤੀਆਂ ਤੋੜ ਕੇ ਤੇ ਮੰਦਰ ਢਾਹ ਕੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਾਈਆਂ। ਗ਼ੁਲਾਮੀ ਦਾ ਪਟਾ ਉਨ੍ਹਾਂ ਦੇ ਗਲੇ ਵਿਚ ਐਸਾ ਪਾਇਆ, ਜਿਸ ਨੂੰ ਉਹ ਫਿਰ ਕਦੇ ਵੀ ਆਪਣੇ ਗਲੇ ਵਿਚੋਂ ਲਾਹ ਨਾ ਸਕੇ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਰਿਹਾ। ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਸਵਾ ਮਣ ਜਨੇਊ ਲਾਹ ਕੇ ਨਾਸ਼ਤਾ ਕਰਿਆ ਕਰਦਾ ਸੀ।ਇਸ ਜ਼ਬਰੀ ਧਰਮ ਪ੍ਰਵਰਤਨ ਨੂੰ ਰੋਕਣ ਲਈ ਕਸ਼ਮੀਰੀ ਪੰਡਤਾਂ ਦੀ ਫਰਿਆਦ ਉਤੇ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿਤੀ।
ਮੁਗ਼ਲਾਂ ਦੇ ਰਾਜ ਦਾ ਪੱਤਨ ਹੋਇਆ ਤਾਂ ਅੰਗਰੇਜ਼ਾਂ ਨੇ ਗ਼ੁਲਾਮੀ ਦਾ ਸੰਗਲ ਪਾ ਲਿਆ। ਹਿੰਦੋਸਤਾਨ ਵਿਚ ਪੰਜਾਬ ਸਭ ਤੋਂ ਪਿਛੋਂ ਅੰਗਰੇਜ਼ੀ ਸਾਮਰਾਜ ਦੇ ਸ਼ਿਕੰਜੇ ਵਿਚ ਆਇਆ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ, ਵਿਸ਼ੇਸ਼ ਕਰ ਸਿੱਖਾਂ ਨੇ ਦਿਤੀਆਂ।
ਹੁਣ ਆਜ਼ਾਦ ਭਾਰਤ ਇਕ ਧਰਮ ਨਿਰਪੇਖ ਤੇ ਜਮਹੂਰੀਅਤ ਵਾਲਾ ਦੇਸ਼ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਦੇ ਅਧਿਕਾਰ ਬਰਾਬਰ ਹਨ, ਹਰ ਧਰਮ ਨੂੰ ਆਪਣੇ ਅਕੀਦੇ ਅਨੁਸਾਰ ਪਾਠ ਪੂਜਾ ਕਰਨ ਦੀ ਖੁਲ੍ਹ ਹੈ। ਹਿੰਦੂਆਂ ਤੋਂ ਬਿਨਾਂ ਲਗਭਗ 18 ਕਰੋੜ ਮੁਸਲਮਾਨ, 2.60 ਕਰੋੜ ਇਸਾਈ, ਦੋ ਕਰੋੜ ਸਿੱਖ, ਬੋਧੀ ਇਕ ਕਰੋੜ, ਅਤੇ ਜੈਨੀ,ਪਾਰਸੀ ਲੋਕ ਵੀ ਇੱਥੇ ਰਹਿੰਦੇ ਹਨ।
ਮਈ 2014 ਤੋਂ ਭਾਜਪਾ ਨੇਤਾ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏ. ਦੀ ਸਰਕਾਰ ਹੈ, ਜਿਸ ਨੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨ ਦੀ ਸੌਂਹ ਚੁਕੀ ਹੈ।ਇਸ ਸਰਕਾਰ ਲਈ ਦੇਸ਼ ਦੇ ਸਾਰੇ ਲੋਕ ਬਰਾਬਰ ਹਨ ਅਤੇ ਉਨ੍ਹਾਂ ਦੇ ਜਾਨ ਮਾਲ ਤੇ ਅਧਿਕਾਰਾਂ ਦੀ ਰੱਖਿਆ ਕਰਨਾ ਇਸ ਸਰਕਾਰ ਦਾ ਫ਼ਰਜ਼ ਹੈ।
ਅਸਲ ਵਿਚ ਆਰ.ਐਸ.ਐਸ. ਹੀ ਇਸ ਸਰਕਾਰ ਨੂੰ ਚਲਾ ਰਿਹਾ ਹੈ ਤੇ ਹਿੰਦੂਤੱਵ ਦਾ ਏਜੰਡਾ ਲਾਗੂ ਕਰ ਕੇ ਸਾਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਸ ਮੰਤਵ ਲਈ ਉਸ ਨੇ ਕੰਮ ਕਰਨਾ ਵੀ ਆਰੰਭ ਕਰ ਦਿਤਾ ਹੈ। ਸ੍ਰੀ ਭਾਗਵਤ ਨੇ ਇਕ ਸਮਾਗਮ ਵਿਚ ਕਿਹਾ ਸੀ ਕਿ ਹਿੰਦੋਸਤਾਨ ਦੇ ਸਾਰੇ ਵਾਸੀ ਹਿੰਦੂ ਹਨ। ਆਗਰਾ ਵਿਚ ਦਸੰਬਰ ਮਹੀਨੇ 57 ਮੁਸਲਾਮਾਨ ਪਰਿਵਾਰਾਂ ਨੂੰ ਲਾਲਚ ਦੇ ਕੇ ਹਿੰਦੂ ਬਣਾਇਆ ਗਿਆ ਹੈ,ਜਿਸ ਬਾਰੇ ਦੋ ਦਿਨ ਪਾਰਲੀਮੈਂਟ ਵਿਚ ਰੌਲਾ ਰੱਪਾ ਪੈਂਦਾ ਰਿਹਾ।ਪਾਰਲੀਮੈਂਟ ਵਿਚ ਆਗਰੇ ਵਾਲੀ ਕਾਰਵਾਈ ਦਾ ਬਚਾਓ ਕਰਦਿਆਂ ਭਾਜਪਾ ਲੀਡਰਾਂ ਨੇ ਕਿਹਾ ਦੇਸ਼ ਦੇ ਸਾਰੇ ਮੁਸਲਮਾਨ ਤੇ ਇਸਾਈ ਕਿਸੇ ਸਮੇਂ ਹਿੰਦੂ ਸਨ,ਹੁਣ ਉਨ੍ਹਾ ਦੀ “ਘਰ ਵਾਪਸੀ” ਹੋ ਰਹੀ ਹੈ।ਮੀਡੀਆ ਵਿਚ ਹੁਣ ਖ਼ਬਰ ਆਈ ਹੈ ਕਿ ਅਕਤੂਬਰ ਮਹੀਨੇ ਬਸਤਰ (ਛਤੀਸ਼ਗੜ੍ਹ) ਵਿਚ 70 ਇਸਾਈ ਪਰਿਵਾਰਾਂ ਨੂੰ ਹਿੰਦੂ ਬਣਾਇਆ ਗਿਆ, ਜਿਸ ਵਿਚ ਸਥਾਨਕ ਭਾਜਪਾ ਐਮ.ਪੀ. ਸ਼ਾਮਿਲ ਹੋਇਆ,ਜੋ ਇਸ ਨੂੰ “ਘਰ ਵਾਪਸੀ” ਆਖ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਾਰੇ ਸਿੱਖ ਵੀ ਹਿੰਦੂ ਹੁੰਦੇ ਸਨ, ਕਲ ਨੂੰ ਉਨ੍ਹਾਂ ਨੂੰ ਵੀ ਹਿੰਦੂ ਧਰਮ ਅਪਣਾਉਣ ਲਈ ਕਿਹਾ ਜਾ ਸਕਦਾ ਹੈ, ਭਾਵੇਂ ਸੰਘ ਪਰਿਵਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਮਝ ਕੇ “ਕੇਸਧਾਰੀ ਹਿੰਦੂ” ਆਖ ਰਿਹਾ ਹੈ।
ਹੁਣ 16 ਤੋਂ 25 ਦਸੰਬਰ ਤਕ ਗੋਰਖਪੁਰ ਤੇ ਕਾਨ੍ਹਪੁਰ ਵਿਖੇ ਕਈ ਹਜ਼ਾਰ ਮੁਸਲਮਾਨਾਂ ਤੇ ਇਸਾਈਆਂ ਨੂੰ ਹਿੰਦੂ ਬਣਾਉਣ ਦਾ ਪ੍ਰੋਗਰਾਮ ਹੈ।ਇਸ ਮੰਤਵ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ, ਭਾਜਪਾ ਲੀਡਰਾਂ ਦਾ ਕਹਿਣਾ ਹੈ ਕਿ ਕਿਸੇ ਮੁਸਲਮਾਨ ਨੂੰ ਹਿੰਦੂ ਧਰਮ ਵਿਚ ਲਿਆੳੇੁਣ ਲਈ ਪੰਜ ਲੱਖ ਰੁਪਏ ਤੇ ਇਸਾਈ ਨੂੰ ਦੋ ਲੱਖ ਰੁਪਏ ਖਰਚ ਕੀਤੇ ਜਾਣਗੇ।ਇਹ ਤਾਂ ਸ਼ੁਰੂਆਤ ਹੈ।ਕਈ ਭਾਜਪਾ ਲੀਡਰਾਂ ਦੇ ਬਿਆਨ ਇਸ ਲੁਕਵੇਂ ਏਜੰਡੇ ਨੂੰ ਪ੍ਰਗਟ ਕਰ ਰਹੇ ਹਨ।ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਦਿਲੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਣ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ “ਰਾਮਜ਼ਾਦਿਆਂ” ਤੇ “ਹਰਾਮਜ਼ਾਦਿਆਂ” ਚੋਂ ਇਕ ਨੂੰ ਚੁਣੋ।ਉਸ ਵਲੋਂ ਮੁਆਫੀ ਮੰਗਣ ਦੇ ਬਾਵਜੂਦ ਇਸ ਉਤੇ ਵੀ ਪਾਰਲੀਮੈਂਟ ਵਿਚ ਕਈ ਦਿਨ ਰੌਲਾ ਪੈਂਦਾ ਰਿਹਾ।ਪ੍ਰਧਾਨ ਮੰਤਰੀ ਨੂੰ ਦੋਨਾਂ ਸਦਨਾਂ ਵਿਚ ਦਖ਼ਲ ਦੇਣਾ ਪਿਆ।ਇਕ ਹੋਰ ਭਾਜਪਾ ਐਮ.ਪੀ. ਸਾਕਸ਼ੀ ਮਹਾਰਾਜ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ “ਦੇਸ਼ ਭਗਤ” ਕਰਾਰ ਦੇ ਰਿਹਾ ਹੈ।ਯੂ.ਪੀ. ਦੇ ਗਵਰਨਰ ਰਾਮ ਨਾਇਕ ਨੇ ਕਿਹਾ ਹੈ ਕਿ ਅਯੁਧਿਆ ਵਿਖੇ ਜਲਦੀ ਤੋਂ ਜਲਦੀ ਰਾਮ ਮੰਦਰ ਬਣਨਾ ਚਾਹੀਦਾ ਹੈ। ਸਾਕਸ਼ੀ ਮਹਾਰਾਜ ਨੇ ਇਸ ਦੀ ਪ੍ਰੋੜਤਾ ਕਰਦਿਆਂ ਕਿਹਾ ਹੈ ਦੁਨੀਆਂ ਦੀ ਕੋਈ ਤਾਕਤ ਰਾਮ ਮੰਦਰ ਦੀ ਉਸਾਰੀ ਨਹੀਂ ਰੋਕ ਸਕਦੀ। ਇਸ ਮਸਲਾ ਸੁਪਰੀਮ ਕੋਰਟ ਵਿਚ ਹੈ,ਅਜੇਹੇ ਬਿਆਨ ਮਾਨਯੋਗ ਅਦਾਲਤ ਦੀ ਮਾਨਹਾਨੀ ਹੈ।ਉਧਰ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਕਹਿ ਰਹ ਹਨ ਕਿ ਗੀਤਾ ਨੂੰ ਭਾਰਤ ਦੇ ਸੰਵਿਧਾਨ ਤੋਂ ਉਪਰ ਰੱਖਿਆ ਜਾਏ ਤੇ ਇਸ ਨੂੰ ‘ਰਾਸ਼ਟਰੀ ਗ੍ਰੰਥ’ ਘੋਸ਼ਿਤ ਕੀਤਾ ਜਾਏ।
ਪਿਛਲੇ ਸਾਲ ਯੂ.ਪੀ. ਵਿਚ ਇਕ ਹਿੰਦੂ ਲੜਕੀ ਵਲੋਂ ਮੁਸਲਮਾਨ ਲੜਕੇ ਨਾਲ ਸ਼ਾਦੀ ਕਰਨ ਨੂੰ ਭਾਜਪਾ ਨੇ “ਲਵ ਜਿਹਾਦ” ਦਾ ਨਾਂਅ ਦੇ ਕੇ ਬੜਾ ਸ਼ੋਰ ਸ਼ਰਾਬਾ ਪਾਇਆ ਸੀ।ਹੁਣ ਮੁਸਲਮਾਨਾਂ ਤੇ ਇਸਾਈਆਂ ਦੇ ਜ਼ਬਰੀ ਧਰਮ ਪ੍ਰੀਵਰਤਨ ਉਤੇ ਚੁੱਪ ਹਨ।ਜਿਵੇਂ ਔਰੰਗਜ਼ੇਬ ਤੇ ਦੂਜੇ ਮੁਗ਼ਲ ਹੁਕਮਰਾਨਾਂ ਵਲੋਂ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣਾ ਗ਼ਲਤ ਸੀ, ਉਸੇ ਤਰ੍ਹਾਂ ਹੁਣ ਮੁਸਲਮਾਨਾਂ ਤੇ ਇਸਾਈਆਂ ਨੂੰ ਡਰਾਵਾ ਜਾਂ ਲਾਲਚ ਦੇ ਕੇ ਹਿੰਦੂ ਬਣਾਉਣਾ ਗ਼ਲਤ ਹੈ।ਆਰ.ਐਸ.ਐਸ. ਤੇ ਇਸ ਨਾਲ ਜੁੜੇ ਸੰਗਠਨ ਨਵੇਂ ਔਰੰਗਜ਼ੇਬ ਨਾਂ ਬਣਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਮੋਦੀ, ਜਿਨ੍ਹਾਂ ਦੀ ਮਰਜ਼ੀ ਤੋਂ ਬਿਨਾ ਪਾਰਟੀ ਤੇ ਸਰਕਾਰ ਵਿਚ ਇਕ ਪੱਤਾ ਵੀ ਨਹੀਂ ਹਿੱਲ ਸਕਦਾ, ਜੋ ਲੋਕ ਸਭਾ ਚੋਣਾਂ ਦੌਰਾਨ “ਸਭ ਕੇ ਸਾਥ, ਸਭ ਕਾ ਵਿਕਾਸ” ਤੇ ਹੋਰ ਲੰਬੇ ਚੌੜੇ ਭਾਸ਼ਣ ਦੇ ਰਹੇ ਸਨ, ਹੁਣ ਚੁੱਪ ਹਨ। ਕੀ ਇਹ ਸਭ ਕੁਝ ਉਨ੍ਹਾਂ ਦੀ ਸਹਿਮਤਾੀ ਨਾਲ ਤਾਂ ਨਹੀਂ ਹੋ ਰਿਹਾ?