ਚੰਡੀਗੜ੍ਹ – ਬਾਦਲ ਸਰਕਾਰ ਦੇ ਮੰਤਰੀ ਬਿਕਰਮ ਮਜੀਠੀਏ ਨੂੰ ਡਰੱਗ ਸਮੱਗਲਿੰਗ ਮਾਮਲੇ ਵਿੱਚ ਈਡੀ ਵੱਲੋਂ ਭੇਜੇ ਗਏ ਸਮਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਵਿੱਚ ਭਾਈਵਾਲ ਬੀਜੇਪੀ ਨੇ ਮਜੀਠੀਏ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਨਸ਼ੇ ਦੇ ਮਾਮਲੇ ਵਿੱਚ ਪਾਰਟੀ ਦਾ ਸਟੈਂਡ ਸਪੱਸ਼ਟ ਹੈ। ਡਰੱਗ ਮਾਮਲੇ ਵਿੱਚ ਨਾਮ ਆਉਣ ਕਰਕੇ ਜੇ ਰਣੀਕੇ ਅਤੇ ਫਿਲੌਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਸਕਦੇ ਹਨ ਤਾਂ ਮਜੀਠੀਆ ਕਿਉਂ ਨਹੀਂ।
ਬਿਕਰਮ ਮਜੀਠੀਏ ਨੇ 26 ਦਿਸੰਬਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਹੈ। ਸ਼ਰਮਾ ਨੇ ਕਿਹਾ ਕਿ ਮਜੀਠੀਏ ਦੇ ਅਸਤੀਫਾ ਦੇਣ ਬਾਰੇ ਹੁਣ ਮੁੱਖਮੰਤਰੀ ਬਾਦਲ ਨੇ ਵੇਖਣਾ ਹੈ, ਸਾਡੀ ਗਠਬੰਧਨ ਸਰਕਾਰ ਹੈ ਅਤੇ ਅਸਾਂ ਆਪਣੀ ਮੰਗ ਰੱਖ ਦਿੱਤੀ ਹੈ। ਈਡੀ ਨੇ 3 ਕਨੇਡੀਅਨ ਸਿਟੀਜਨ ਸਤਪ੍ਰੀਤ ਸੱਤਾ,ਲਾਡੀ ਤੇ ਪਿੰਦੀ ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤਿੰਨਾਂ ਦੇ ਸਬੰਧ ਮਜੀਠੀਏ ਨਾਲ ਹਨ ਤੇ ਇਨ੍ਹਾਂ ਸਬੰਧੀ ਈਡੀ ਨੇ ਆਪਣਾ ਜਾਂਚ ਦਾ ਦਾਇਰਾ ਵੱਧਾ ਦਿੱਤਾ ਹੈ।